ਦਿਨੋ-ਦਿਨ ਪਲੀਤ ਹੋ ਰਿਹਾ ਪੰਜਾਬ ਦਾ ਪੌਣ-ਪਾਣੀ

ਦਿਨੋ-ਦਿਨ ਪਲੀਤ ਹੋ ਰਿਹਾ ਪੰਜਾਬ ਦਾ ਪੌਣ-ਪਾਣੀ

ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਜੋ ਕਿ ਆਪਣੇ ਮਿੱਠੇ ਅਤੇ ਨਿਰਮਲ ਪਾਣੀ ਲਈ ਸਾਰੇ ਸੰਸਾਰ ਵਿੱਚ ਪ੍ਰਸਿੱਧ ਸੀ ਅੱਜ ਲਗਾਤਾਰ ਹੋ ਰਹੇ ਗੰਧਲੇ ਪਾਣੀ ਅਤੇ ਖ਼ਤਮ ਹੋ ਰਹੇ ਪੀਣਯੋਗ ਪਾਣੀ ਦੀ ਸਮੱਸਿਆ ਵਿੱਚ ਘਿਰ ਚੁੱਕਾ ਹੈ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਥੋੜ੍ਹਾ ਜਿਹਾ ਟੋਆ ਪੁੱਟਣ ’ਤੇ ਹੀ ਪਾਣੀ ਮਿਲ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਲਗਭਗ ਚਾਰ-ਚਾਰ ਸੌ ਫੁੱਟ ਡੂੰਘੇ ਪਾਣੀ ਦੇ ਬੋਰ ਕਰਨੇ ਪੈ ਰਹੇ ਹਨ

ਗੱਲ ਕਰੀਏ ਜੇਕਰ ਹਵਾ ਦੀ ਤਾਂ ਹਵਾ ਦੀ ਗੁਣਵੱਤਾ ਇੰਨੀ ਜ਼ਿਆਦਾ ਡਿੱਗ ਚੁੱਕੀ ਹੈ ਕਿ ਅਸੀਂ ਹਰ ਸਾਹ ਦੇ ਨਾਲ ਆਕਸੀਜ਼ਨ ਘੱਟ ਤੇ ਜ਼ਹਿਰੀਲੇ ਤੱਤ ਵੱਧ ਅੰਦਰ ਲੈ ਕੇ ਜਾ ਰਹੇ ਹਾਂ ਜੇਕਰ ਇਨ੍ਹਾਂ ਦੇ ਪਿੱਛੇ ਕਾਰਨਾਂ ਦੀ ਪੜਤਾਲ ਕਰੀਏ ਤਾਂ ਇਹ ਮਨੁੱਖ ਦੁਆਰਾ ਕੁਦਰਤ ਨਾਲ ਕੀਤੀ ਗਈ ਛੇੜਛਾੜ ਦਾ ਸਿੱਟਾ ਹੈ ਕਿ ਅੱਜ ਅਸੀਂ ਸਾਫ਼ ਹਵਾ ਤੇ ਪਾਣੀ ਨੂੰ ਤਰਸ ਰਹੇ ਹਾਂ। ਵਧ ਰਹੀ ਗਰਮੀ ਸਾਨੂੰ ਅਹਿਸਾਸ ਕਰਾਉਂਦੀ ਹੈ ਕਿ ਅਸੀਂ ਰੁੱਖ ਕਿੰਨੀ ਤੇਜ਼ੀ ਨਾਲ ਕੱਟੇ ਹਨ।

ਪਿਛਲੇ ਦਿਨੀਂ ਸਾਡੇ ਸ਼ਹਿਰ ਦੇ ਦੋ ਬੱਚੇ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਏ ਇਨ੍ਹਾਂ ਪਿਆਰੇ ਤੇ ਮਾਸੂਮ ਬੱਚਿਆਂ ਦਾ ਇਸ ਸੰਸਾਰ ਨੂੰ ਛੱਡ ਜਾਣਾ ਸਾਨੂੰ ਇਹ ਸਿਖਾ ਗਿਆ ਕਿ ਸੰਭਲ ਜਾਓ ਅਜੇ ਵੀ ਸਮਾਂ ਹੈ। ਪਾਣੀ ਦੇ ਵਿੱਚ ਘੁਲੇ ਹੋਏ ਖ਼ਤਰਨਾਕ ਖਣਿਜ ਤੇ ਹਵਾ ਦੇ ਵਿਚ ਮੌਜੂਦ ਖ਼ਤਰਨਾਕ ਗੈਸਾਂ ਸਾਡੇ ਸਰੀਰ ਵਿੱਚ ਖ਼ੂਨ ਦੇ ਸੈੱਲਾਂ ਤੱਕ ਪੂਰੀ ਮਾਤਰਾ ਵਿਚ ਆਕਸੀਜਨ ਨਹੀਂ ਪਹੁੰਚਣ ਦਿੰਦੇ ਜੋ ਕਿ ਕੈਂਸਰ ਦਾ ਇੱਕ ਵੱਡਾ ਕਾਰਨ ਹੈ ਪੰਜਾਬੀਆਂ ਵੱਲੋਂ ਆਪਣੀਆਂ ਲੋੜਾਂ ਅਤੇ ਸਵਾਰਥ ਲਈ ਜੰਗਲਾਂ ਦੀ ਇਸ ਪੱਧਰ ’ਤੇ ਕਟਾਈ ਕੀਤੀ ਗਈ ਹੈ ਕਿ ਅੱਜ ਹੁਸ਼ਿਆਰਪੁਰ ਰੋਪੜ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਬਿਨਾਂ ਪੰਜਾਬ ਵਿਚ ਦਰੱਖਤ ਜੰਗਲ ਲੱਭਿਆਂ ਨਹੀਂ ਲੱਭਦੇ । ਮਨੁੱਖ ਨੂੰ ਚੰਗੀ ਜ਼ਿੰਦਗੀ ਬਤੀਤ ਕਰਨ ਲਈ 33 ਪ੍ਰਤੀਸ਼ਤ ਦਰੱਖਤਾਂ ਜਾਂ ਕਹੀਏ ਜੰਗਲਾਂ ਦੀ ਜ਼ਰੂਰਤ ਹੁੰਦੀ ਹੈ

ਭਾਰਤ ਵਿੱਚ ਕੁੱਲ 24.62 ਪ੍ਰਤੀਸ਼ਤ ਦਰੱਖਤ ਅਤੇ ਜੰਗਲ ਹਨ ਪਰ ਜਦੋਂ ਅਸੀਂ ਆਪਣੇ ਰੰਗਲੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਇੱਥੇ 3.67 ਪ੍ਰਤੀਸ਼ਤ ਹੀ ਜੰਗਲ ਹਨ। ਇਸ ਹਿੱਸੇ ਵਿੱਚੋਂ ਵੀ ਵੱਡਾ ਹਿੱਸਾ ਹੁਸ਼ਿਆਰਪੁਰ, ਰੂਪਨਗਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਹੈ। 11 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿਚ ਰੁੱਖਾਂ ਹੇਠ ਰਕਬਾ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਹੈ ਫਤਿਹਗੜ੍ਹ ਸਾਹਿਬ ਵਿੱਚ 0.32%, ਜਲੰਧਰ 0.40%, ਮੋਗਾ 0.40%, ਮਾਨਸਾ 0.45%, ਬਰਨਾਲਾ 0.56% ਅਤੇ ਸੰਗਰੂਰ ਵਿੱਚ 0.63% ਰਕਬਾ ਜੰਗਲਾਂ ਅਧੀਨ ਹੈ ਜੋ ਕਿ ਮਨੁੱਖ ਦੀ ਵਾਤਾਵਰਨ ਪ੍ਰਤੀ ਨਾ ਦਿਖਾਈ ਗਈ ਸੰਜੀਦਗੀ ਨੂੰ ਦਰਸ਼ਾਉਂਦਾ ਹੈ

ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਵੀ ਬਹੁਤ ਘੱਟ ਪੈਂਦਾ ਹੈ ਭਾਰਤੀ ਜਲ ਸਰੋਤ ਜਾਣਕਾਰੀ ਪ੍ਰਣਾਲੀ ਅਨੁਸਾਰ ਪੰਜਾਬ ਅਜਿਹਾ ਰਾਜ ਹੈ ਜਿਸ ਨੇ ਪਿਛਲੇ ਵੀਹ ਸਾਲਾਂ ਵਿੱਚ ਸਾਰੇ ਦੇਸ਼ ਨਾਲੋਂ ਜ਼ਿਆਦਾ ਪਾਣੀ ਦੀ ਵਰਤੋਂ ਕੀਤੀ ਹੈ ਅਤੇ ਪੰਜਾਬ ਦੇ ਵਿੱਚ ਵੀ ਸੰਗਰੂਰ ਤੇ ਬਰਨਾਲਾ ਅਜਿਹੇ ਜ਼ਿਲ੍ਹੇ ਹਨ ਜਿਨ੍ਹਾਂ ਵਿੱਚ ਪਾਣੀ ਸਭ ਤੋਂ ਵੱਧ ਵਰਤਿਆ ਗਿਆ ਹੈ ਜੇਕਰ ਸਾਡੀ ਪਾਣੀ ਵਰਤਣ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਂਦੇ ਪੰਜ-ਸੱਤ ਸਾਲਾਂ ਵਿੱਚ ਹੀ ਪੀਣਯੋਗ ਪਾਣੀ ਸਾਡੇ ਕੋਲੋਂ ਸਦਾ ਲਈ ਖੁੱਸ ਜਾਵੇਗਾ। ਸਮੱਸਿਆ ਨੂੰ ਜਾਣਨਾ ਹੀ ਕਾਫੀ ਨਹੀਂ ਹੁੰਦਾ, ਹੁਣ ਇਸ ਸਮੱਸਿਆ ਦੇ ਹੱਲ ਲਈ ਸਾਨੂੰ ਰਲ-ਮਿਲ ਕੇ ਵੱਡੇ ਕਦਮ ਚੁੱਕਣ ਦੀ ਜ਼ਰੂਰਤ ਹੈ

ਕਈ ਜ਼ਿਲ੍ਹਿਆਂ ਵਿੱਚ ਪੜ੍ਹੇ-ਲਿਖੇ ਨੌਜਵਾਨਾਂ, ਕਲੱਬਾਂ ਅਤੇ ਮਹਿਕਮੇ ਇਹ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਪਰ ਚੁੱਕ ਰਹੇ ਹਨ ਹਨ ਯੋਗ ਥਾਵਾਂ ਦੀ ਭਾਲ ਕਰਕੇ ਪੁਰਾਤਨ ਰੁੱਖ ਲਾਏ ਜਾ ਰਹੇ ਹਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ ਅੱਜ ਸਾਨੂੰ ਲੋੜ ਹੈ ਇੱਕ ਵੱਡੇ ਹੰਭਲੇ ਦੀ, ਜਿਸ ਵਿੱਚ ਅਸੀਂ ਵੱਧ ਤੋਂ ਵੱਧ ਰੁੱਖ ਲਾਈਏ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰੀਏ ਤਾਂ ਕਿ ਰੁੱਖਾਂ ਦਾ ਅਤੇ ਜੰਗਲਾਂ ਦਾ ਰਕਬਾ ਵਧ ਸਕੇ ਅਤੇ ਜਿਸ ਨਾਲ ਪੰਜਾਬ ਵਿਚ ਮੀਂਹ ਦਾ ਪਾਣੀ ਧਰਤੀ ਹੇਠ ਰੀਚਾਰਜ ਹੋ ਸਕੇ । ਪੁਰਾਤਨ ਰੁੱਖ ਨਿੰਮ, ਟਾਹਲੀ, ਬੋਹੜ ਜੋ ਕਿ ਹਵਾ ਵਿੱਚੋਂ ਖ਼ਤਰਨਾਕ ਗੈਸਾਂ ਨੂੰ ਆਪਣੇ ਵਿੱਚ ਸਮੋ ਕੇ ਵਾਤਾਵਰਨ ਨੂੰ ਜਿਊਣ ਯੋਗ ਬਣਾਉਣ ਵਿੱਚ ਸਹਾਈ ਹਨ, ਇਨ੍ਹਾਂ ਨੂੰ ਵੱਧ ਤੋਂ ਵੱਧ ਲਾਇਆ ਜਾਵੇ।

ਸ਼ਹਿਰੀ ਇਲਾਕਿਆਂ ਵਿੱਚ ਛੱਤਾਂ ਉੱਪਰ ਜਾਂ ਗਲੀਆਂ ਵਿੱਚ, ਜਿੱਥੇ ਵੀ ਸਾਨੂੰ ਜਗ੍ਹਾ ਮਿਲਦੀ ਹੈ, ਰੁੱਖ ਜਾਂ ਬੂਟੇ ਲਾਉਣੇ ਚਾਹੀਦੇ ਹਨ ਧਰਤੀ ਵਿਚਲੇ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਛੱਤ ਉੱਪਰ ਪਏ ਮੀਂਹ ਦੇ ਪਾਣੀ ਦੀ ਰੀਚਾਰਜ ਪਿੱਟ ਬਣਾਉਣੀ ਚਾਹੀਦੀ ਹੈ ਬੇਸ਼ੱਕ ਸਰਕਾਰ ਵੱਲੋਂ ਦੋ ਹਜਾਰ ਇੱਕੀ ਵਿਚ ਬਣਾਏ ਕਾਨੂੰਨ ਅਨੁਸਾਰ ਇਸ ਨੂੰ ਕਾਨੂੰਨੀ ਜਾਮਾ ਪਹਿਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਪਰ ਲੋਕਾਂ ਵਿੱਚ ਜਾਗਿ੍ਰਤੀ ਅਤੇ ਸਮਝ ਤੋਂ ਬਿਨਾਂ ਇਹ ਕੰਮ ਪੂਰਾ ਨਹੀਂ ਹੋ ਸਕਦਾ ਆਓ! ਰਲ-ਮਿਲ ਇੱਕ ਹੰਭਲਾ ਮਾਰੀਏ ਅਤੇ ਆਪਣੇ ਪੰਜਾਬ ਨੂੰ ਬਚਾਈਏ।
ਸ. ਸ. ਸ. ਸ., ਬਖਤਗੜ੍ਹ
ਮੋ. 89680-90802
ਕਮਲਦੀਪ ਬਰਨਾਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ