
ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ 25 ਪੰਚਾਇਤਾਂ ਆਮ ਆਦਮੀ ਪਾਰਟੀ ’ਚ ਸ਼ਾਮਲ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਆਮ ਆਦਮੀ ਪਾਰਟੀ ( Aam Aadmi Party) ਦੀ ਸਰਕਾਰ ਵੱਲੋਂ ਪੰਜਾਬ ਅੰਦਰ ਡੇਢ ਸਾਲ ’ਚ ਕੀਤੇ ਗਏ ਵਿਕਾਸ ਕਾਰਜ਼ਾਂ ਤੇ ਲੋਕ ਹਿੱਤੂ ਪਹਿਲਕਦਮੀਆਂ ਤੋਂ ਹਰ ਵਰਗ ਖੁਸ਼ ਹੈ ਪਰ ਵਿਰੋਧੀ ਪਾਰਟੀਆਂ ਬੁਖਲਾ ਗਈਆਂ ਹਨ। ਇਹ ਦਾਅਵਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇੱਥੇ ਇੱਕ ਲੋਕ ਮਿਲਣੀ ਸਮੇਂ ਕੀਤਾ। ਜਿੱਥੇ ਉਹ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ’ਚ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ‘ਆਪ’ ’ਚ ਸ਼ਾਮਲ ਹੋਣ ਵਾਲਿਆਂ ਨੂੰ ਪਾਰਟੀ ’ਚ ਸ਼ਾਮਲ ਕਰਨ ਪਹੁੰਚੇ ਸਨ। ਇਸ ਮੌਕੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਚੇਅਰਮੈਨ ਖੰਡ ਮਿੱਲ ਬੁੱਢੇਵਾਲ ਜੋਰਾਵਰ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਪਿਸਤੌਲ ਦੀ ਨੋਕ ’ਤੇ ਲੁੱਟਿਆ
ਇਸ ਮੌਕੇ ਕੈਬਨਿਟ ਮੰਤਰੀ ਭੁੱਲਰ ਨੇ ਅੱਜ ਹਲਕੇ ਦੇ ਦੋ ਦਰਜ਼ਨ ਤੋਂ ਵੱਧ ਪਿੰਡਾਂ ਦੇ ਪੰਚਾਇਤੀ ਨੁਮਾਇੰਦਿਆਂ ਸਮੇਤ ਆਮ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰੱਥਨ ਦਿੱਤਾ ਗਿਆ ਹੈ ਜੋ ਇਸ ਗੱਲ ਦਾ ਸੰਦੇਸ਼ ਹੈ ਕਿ ਪੰਜਾਬ ਦਾ ਹਰ ਵਰਗ ਅੱਜ ‘ਆਪ’ ਸਰਕਾਰ ਦੁਆਰਾ ਕੀਤੇ ਜਾ ਰਹੇ ਵਿਕਾਸ ਕਾਰਜ਼ਾਂ ਤੇ ਲੋਕ ਹਿੱਤੂ ਪਹਿਲਕਦਮੀਆਂ ਤੋਂ ਪੂਰੀ ਤਰ੍ਹਾਂ ਖੁਸ਼ ਹੈ ਪਰ ਵਿਰੋਧੀ ਇਸ ਗੱਲ ਤੋਂ ਬੌਖਲਾਏ ਫ਼ਿਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇੰਨ੍ਹਾਂ ਪੰਚਾਇਤਾਂ ਕੋਲ ਕਾਂਗਰਸ ਅਤੇ ਅਕਾਲੀ ਦਲ ਤੋਂ ਇਲਾਵਾ ਕੋਈ ਬਦਲ ਨਹੀਂ ਸੀ ਅਤੇ ਇਨ੍ਹਾਂ ਦੀ ਸਥਿਤੀ ਇੱਕੇ ਪਾਸੇ ਖੂਹ ਤੇ ਦੂਸਰੇ ਪਾਸੇ ਖਾਈ ਵਾਲੀ ਬਣੀ ਹੋਈ ਸੀ।
ਉਨ੍ਹਾਂ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ 25 ਸਾਲ ਰਾਜ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ, ਕਾਰੋਬਾਰਾਂ ’ਚ ਹਿੱਸੇ ਪਾਏ ਜਾਂਦੇ ਸਨ ਅਤੇ ਪਰਿਵਾਰਵਾਦ ਨੂੰ ਬੜਾਵਾ ਦਿੱਤਾ ਜਾਂਦਾ ਸੀ। ਜਦਕਿ ਹੁਣ ਆਮ ਆਦਮੀ ਪਾਰਟੀ ’ਚ ਆਮ ਘਰਾਂ ਦੇ ਨੌਜਵਾਨ ਸਰਪੰਚ, ਵਿਧਾਇਕ ਅਤੇ ਮੰਤਰੀ ਬਣ ਕੇ ਆਮ ਲੋਕਾਂ ’ਚ ਰਹਿ ਕੇ ਕੰਮ ਕਰਦੇ ਹਨ। ਇਸ ਦੇ ਉਲਟ ਪਹਿਲਾਂ ਵੋਟਾਂ ਪੈਣ ਤੋਂ ਬਾਅਦ ਕੋਈ ਲੱਭਦਾ ਹੀ ਨਹੀਂ ਸੀ।

ਮੰਤਰੀ ਭੁੱਲਰ ਨੇ ਵਿਧਾਇਕ ਮੁੰਡੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦਾ ਭਾਰੀ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜ਼ਮੀਨੀ ਪੱਧਰ ’ਤੇ ਉਨ੍ਹਾਂ ਨੇ ਲੋਕਾਂ ਦੀ ਕਿੰਨੀ ਸੇਵਾ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਦੀਆਂ ਸਾਰੀਆਂ ਮੰਗਾਂ ਨੂੰ ਇੱਕ- ਇੱਕ ਕਰਕੇ ਪੂਰਾ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਹਰ ਪੱਖੋਂ ਮੋਹਰੀ ਸੂਬਾ ਬਣਾਇਆ ਜਾਵੇਗਾ। ਉਪਰੰਤ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਪਾਰਟੀ ’ਚ ਸ਼ਾਮਲ ਹੋਣ ਵਾਲੇ ਹਲਕੇ ਦੇ 25 ਪਿੰਡਾਂ ਦੇ ਤਕਰੀਬਨ 200 ਲੋਕਾਂ ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਾਰਟੀ ’ਚ ਜੀ ਆਇਆਂ ਨੂੰ ਕਿਹਾ ਗਿਆ ਹੈ।
‘75 ਫੀਸਦੀ ਦੁੱਧ ਮਿਲਾਵਟੀ’ ( Aam Aadmi Party)
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਕਾਰੋਬਾਰ ਦੇ ਨਾਲ ਆਪਣੀ ਤੰਦਰੁਸਤੀ ਦਾ ਵੀ ਖਿਆਲ ਰੱਖਣ ਜਿਸ ਲਈ ਚੰਗਾ ਦੁੱਧ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਖ਼ਪਤ ਅਨੁਸਾਰ ਸਿਰਫ 25 ਫੀਸਦੀ ਸ਼ੁੱਧ ਦੁੱਧ ਦੀ ਪ੍ਰੋਡਕਸ਼ਨ ਹੋ ਰਹੀ ਹੈ ਅਤੇ ਬਾਜਾਰ ਵਿੱਚ 75 ਫੀਸਦੀ ਦੁੱਧ ਮਿਲਾਵਟੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰੋਏ ਪੰਜਾਬ ਦੀ ਸਿਰਜਣਾ ਲਈ ਜਿਹੜੇ ਪੰਜਾਬੀ ਘਰ ’ਚ 2-4 ਪਸ਼ੂ ਰੱਖਣ ਵਿੱਚ ਸਮਰੱਥ ਹਨ ਉਹ ਜ਼ਰੂਰ ਰੱਖਣ।