ਪ੍ਰਨੀਤ ਕੌਰ ਦੇ ਤਿੱਖੇ ਵਾਰ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਟਵੀਟ ਜ਼ਰੀਏ ਪਰਨੀਤ ਕੌਰ ਨੂੰ ਘੇਰਿਆ
- ਨਵਜੋਤ ਕੌਰ ਨੇ ਕਿਹਾ, ਪਰਨੀਤ ਕੌਰ ਇੱਕ ਸਾਲ ਫਾਰਮ ’ਚੋਂ ਹੀ ਨਹੀਂ ਨਿੱਕਲੇ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅੰਮ੍ਰਿਤਸਰ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਚੱਲ ਰਹੀ ਸਿਆਸੀ ਲੜਾਈ ਅਜੇ ਠੱਲ੍ਹੀ ਨਹੀਂ ਸੀ ਕਿ ਹੁਣ ਦੋਵਾਂ ਦੀਆਂ ਪਤਨੀਆਂ ਨੇ ਇਸ ਲੜਾਈ ਵਿੱਚ ਮੋਰਚਾ ਸੰਭਾਲ ਲਿਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਟਵਿੱਟਰ ਜਰੀਏ ਡੂੰਘੇ ਤੀਰ ਛੱਡੇ ਜਾ ਰਹੇ ਸਨ, ਹੁਣ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਪਰਨੀਤ ਕੌਰ ਨੂੰ ਟਵਿੱਟਰ ਦੇ ਜਰੀਏ ਟਵੀਟ ਕਰਕੇ ਜਵਾਬ ਦਿੱਤਾ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਦੀ ਪਤਨੀ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਵੱਲੋਂ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਹਲਕੇ ਦਾ ਕੰਮ-ਕਾਜ ਦੇਖਣ ਦੀ ਸਲਾਹ ਦਿੱਤੀ ਗਈ ਸੀ। ਇਹ ਵੀ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਕੋਈ ਤਕਲੀਫ਼ ਹੈ ਤਾਂ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੀ ਥਾਂ ਸਿੱਧਾ ਮੁੱਖ ਮੰਤਰੀ ਨਾਲ ਗੱਲ ਕਰਨ।
ਪਰਨੀਤ ਕੌਰ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਆਪਣੇ ਪਤੀ ਦੇ ਹੱਕ ਵਿੱਚ ਨਵਜੋਤ ਕੌਰ ਸਿੱਧੂ ਵੀ ਆ ਗਈ ਹੈ। ਨਵਜੋਤ ਕੌਰ ਨੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੂੰ ਟਵੀਟ ਜ਼ਰੀਏ ਕਿਹਾ ਹੈ ਕਿ ਸਿੱਧੂ ਪਰਿਵਾਰ ਆਪਣੇ ਹਲਕੇ ਦੇ ਲੋਕਾਂ ਦੀ ਮੱਦਦ ਕਰ ਰਿਹਾ ਹੈ ਅਤੇ ਉੱਥੇ ਆਪਣਾ ਕੰਮਕਾਜ ਦੇਖ ਰਿਹਾ ਹੈ। ਉਨ੍ਹਾਂ ਟਵੀਟ ਰਾਹੀਂ ਇਹ ਵੀ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਸਿਹਤ ਠੀਕ ਨਹੀਂ ਹੈ। ਨਵਜੋਤ ਕੌਰ ਸਿੱਧੂ ਨੇ ਆਪਣੇ ਟਵਿੱਟਰ ਖਾਤੇ ’ਤੇ ਪਰਨੀਤ ਕੌਰ ਨੂੰ ਤਿੰਨ ਜਵਾਬ ਦਿੱਤੇ ਹਨ।
ਇੱਕ ਟਵੀਟ ’ਚ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਪਰਨੀਤ ਕੌਰ ਖੁਦ ਇੱਕ ਸਾਲ ਪਟਿਆਲਾ ਦੀ ਬਜਾਏ ਆਪਣੇ ਫਾਰਮ ਵਿਚ ਰਹੇ ਹਨ ਜਦੋਂ ਕਿ ਉਸ ਸਮੇਂ ਲੋਕਾਂ ਨੂੰ ਲੋੜ ਸੀ। ਨਵਜੋਤ ਕੌਰ ਨੇ ਕਿਹਾ ਕਿ ਪਰਨੀਤ ਕੌਰ ਅੰਮਿ੍ਰਤਸਰ ਪੂਰਬੀ ਹਲਕੇ ਦੀ ਚਿੰਤਾ ਨਾ ਕਰਨ ਉਥੋਂ ਦਾ ਸਾਰਾ ਕੰਮ ਪੂਰੀ ਤਰ੍ਹਾਂ ਹੋ ਰਿਹਾ ਹੈ। ਇੱਧਰ ਨਵਜੋਤ ਕੌਰ ਸਿੱਧੂ ਨੇ ਇੱਕ ਹੋਰ ਟਵੀਟ ਰਾਹੀਂ ਆਖਿਆ ਹੈ ਕਿ ਉਹ ਮੁੜ ਤੋਂ ਲੋਕਾਂ ਦੀ ਸੇਵਾ ਲਈ ਡਾਕਟਰ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇਣਾ ਚਾਹੁੰਦੀ ਹੈ ਅਤੇ ਇਸ ਸਬੰਧੀ ਸਰਕਾਰ ਨੂੰ ਇੱਕ ਪੱਤਰ ਵੀ ਭੇਜਿਆ ਹੈ, ਪਰ ਅਜੇ ਤੱਕ ਸਰਕਾਰ ਵੱਲੋਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਟਵੀਟਾਂ ਤੋਂ ਬਾਅਦ ਕਾਂਗਰਸ ਦੇ ਕਈ ਮੰਤਰੀਆਂ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਉਂਗਲ ਚੁੱਕੀ ਗਈ ਸੀ ਅਤੇ ਕਈ ਵਿਧਾਇਕਾਂ ਵੱਲੋਂ ਆਪਣੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਵਿਵਾਦ ਵਧਣ ਤੋਂ ਬਾਅਦ ਹਾਈਕਮਾਂਡ ਵੱਲੋਂ ਤਿੰਨ ਮੈਂਬਰੀ ਕਮੇਟੀ ਰਾਹੀਂ ਕਾਂਗਰਸ ਦੇ ਇਸ ਵਿਵਾਦ ਨੂੰ ਠੱਲ੍ਹਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਕਾਫ਼ੀ ਦਿਨਾਂ ਤੋਂ ਅੰਮ੍ਰਿਤਸਰ ਦੀ ਥਾਂ ਪਟਿਆਲਾ ਵਿਖੇ ਹੀ ਜੰਮੇ ਹੋਏ ਹਨ, ਜਿਸ ਕਾਰਨ ਅੰਮ੍ਰਿਤਸਰ ਵਿਖੇ ਨਵਜੋਤ ਸਿੰਘ ਸਿੰਧੂ ਦੇ ਗੁੰਮਸੁਦਾ ਦੇ ਪੋਸਟਰ ਵੀ ਲੱਗ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।