ਖੁੰਬਾਂ ਦੀ ਕਾਸ਼ਤ ਲਈ ਅਗੇਤੇ ਪ੍ਰਬੰਧ ਅਤੇ ਕਾਸ਼ਤ

ਖੁੰਬਾਂ ਦੀ ਕਾਸ਼ਤ ਲਈ ਅਗੇਤੇ ਪ੍ਰਬੰਧ ਅਤੇ ਕਾਸ਼ਤ

ਪੰਜਾਬ ਅੰਦਰ ਖੁੰਬਾਂ ਦੀ ਕਾਸ਼ਤ ਕਰਨ ਦਾ ਰੁਝਾਨ ਹਰ ਸਾਲ ਵਧਦਾ ਜਾ ਰਿਹਾ ਹੈ। ਇਹ ਕਾਰੋਬਾਰ ਸਹਾਇਕ ਧੰਦੇ ਤੋਂ ਹੁੰਦਾ ਹੋਇਆ ਵੱਡੇ ਉਦਯੋਗਾਂ ਦਾ ਰੂਪ ਧਾਰਨ ਕਰ ਚੁੱਕਾ ਹੈ। ਉਦਯੋਗਾਂ ਦੇ ਰੂਪ ’ਚ ਕੀਤੀ ਜਾ ਰਹੀ ਖੁੰਬਾਂ ਦੀ ਕਾਸ਼ਤ 12 ਮਹੀਨੇ ਹੋ ਰਹੀ ਹੈ। ਜਦੋਂਕਿ ਮੌਸਮੀ ਕਾਸ਼ਤ ਸਤੰਬਰ ਮਹੀਨੇ ਤੋਂ ਲੈ ਕੇ ਮਾਰਚ ਮਹੀਨੇ ਤੱਕ ਚੱਲਦੀ ਹੈ। ਛੋਟੇ ਤੇ ਦਰਮਿਆਨੇ ਕਿਸਮ ਦੇ ਖੁੰਬ ਕਾਸ਼ਤਕਾਰਾਂ ਨੂੰ ਅਗੇਤੇ ਪ੍ਰਬੰਧ ਕਰਨੇ ਚਾਹੀਦੇ ਹਨ। ਤਾਂ ਕਿ ਅਕਤੂਬਰ ਮਹੀਨੇ ਦੇ ਸ਼ੁਰੂ ਵਿੱਚ ਖੁੰਬਾਂ ਦੀ ਪੈਦਾਵਾਰ ਸ਼ੁਰੂ ਹੋ ਸਕੇ। ਇਸ ਤਰ੍ਹਾਂ ਹੋਣ ਨਾਲ ਖੁੰਬ ਦਾ ਵਧੀਆ ਭਾਅ ਮਿਲਦਾ ਹੈ। ਅਗੇਤੇ ਪ੍ਰਬੰਧਾਂ ਦੌਰਾਨ ਬਾਂਸ, ਫਲਾਂ ਵਾਲੀਆਂ ਪੇਟੀਆਂ ਜਾਂ ਫਿਰ ਸੈਲਫ ਪ੍ਰਣਾਲੀ ਦੀ ਤਿਆਰੀ ਪਹਿਲਾਂ ਹੀ ਕਰਨੀ ਚਾਹੀਦੀ ਹੈ। ਜੇਕਰ ਘਰੇਲੂ ਪੱਧਰ ’ਤੇ ਤੂੜੀ ਨਾ ਹੋਵੇ ਤਾਂ ਤੂੜੀ ਦੀ ਖਰੀਦ ਵੀ ਕਰ ਲੈਣੀ ਚਾਹੀਦੀ ਹੈ।

ਖੁੰਬ ਦੇ ਬੀਜ ‘ਸਫਾਨ’ ਦੀ ਵੀ ਪਹਿਲਾਂ ਬੁਕਿੰਗ ਕਰਵਾਉਣੀ ਚਾਹੀਦੀ ਹੈ। ਸਰਕਾਰੀ ਲੈਬਾਂ ਦੇ ਨਾਲ ਹੀ ਨਿੱਜੀ ਲੈਬਾਂ ਵੀ ਖੰੁਬ ਦੀ ਬੀਜ ਸਪਲਾਈ ਕਰ ਰਹੀਆਂ ਹਨ। ਜਿਸ ਕਰਕੇ ਕਿਸਾਨ ਦੋਹਾਂ ਲੈਬਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰ ਸਕਦੇ ਹਨ। ਘੱਟੋ-ਘੱਟ 100 ਕੁਇੰਟਲ ਤੂੜੀ ਨਾਲ ਖੁੰਬਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਕਿਉਂਕਿ ਇਸ ਤੋਂ ਘੱਟ ਤੂੜੀ ’ਤੇ ਮੰਡੀਕਰਨ ਤੇ ਲੇਬਰ ਦੇ ਖਰਚੇ ਜ਼ਿਆਦਾ ਪੈਂਦੇ ਹਨ। ਅਸਲ ਵਿੱਚ ਪੰਜਾਬ ਅੰਦਰ ਪੰਜ ਸੌ ਕੁਇੰਟਲ ਤੂੜੀ ਤੋਂ ਵੱਧ ਵਾਲੇ ਫਾਰਮਾਂ ਦੀ ਗਿਣਤੀ ਜਿਆਦਾ ਹੈ।

ਇਸ ਤਰ੍ਹਾਂ ਖੰੁਬਾਂ ਦੀ ਕਾਸ਼ਤ ਲਈ ਅਗੇਤੇ ਪ੍ਰਬੰਧ ਕਰਕੇ ਖੁੰਬਾਂ ਦੀ ਕਾਸ਼ਤ ਕਿਸਾਨਾਂ ਲਈ ਬਹੁਤ ਹੀ ਵਧੀਆ ਆਮਦਨ ਦਾ ਸਾਧਨ ਬਣ ਸਕਦੀ ਹੈ। ਖੁੰਬਾਂ ਕੀ ਹਨ:ਖੁੰਬ ਵੀ ਹੋਰਨਾਂ ਉੱਲੀਆਂ ਦੀ ਤਰ੍ਹਾਂ ਇੱਕ ਉੱਲੀ ਹੈ। ਉੱਲੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਲਾਭਦਾਇਕ ਹੁੰਦੀਆਂ ਹਨ। ਖੁੰਬ ਇੱਕ ਸਫੈਦ ਰੰਗ ਦੀ ਗੋਲ ਜਿਹੇ ਅਕਾਰ ਵਰਗੀ ਟੋਪੀ ਹੁੰਦੀ ਹੈ। ਖੁੰਬ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮਰੀਜਾਂ ਲਈ ਦਵਾਈ ਦਾ ਕੰਮ ਕਰਦੀ ਹੈ।

ਭਾਵੇਂ ਕਈ ਖੁੱਲ੍ਹੀਆਂ ਪਈਆਂ ਥਾਵਾਂ ’ਤੇ ਵੀ ਖੰੁਬ ਉੱਗੀ ਹੋੋਈ ਵੇਖਦੇ ਹਾਂ ਜਿਵੇਂ ਰੂੜੀ, ਪਰਾਲੀ, ਤੂੜੀ ਦੇ ਢੇਰ, ਖੇਤਾਂ ਵਿੱਚ ਤੂੜੀ ਦੇ ਕੁੱਪ ਵਾਲੀ ਜਗ੍ਹਾ, ਨਹਿਰਾਂ ਆਦਿ ਦੇ ਕਿਨਾਰੇ, ਅਜਿਹੀਆਂ ਥਾਵਾਂ ’ਤੇ ਪੈਦਾ ਹੋਣ ਵਾਲੀਆਂ ਖੰੁਬਾਂ ਜਹਿਰੀਲੀਆਂ ਵੀ ਹੋ ਸਕਦੀਆਂ ਹਨ। ਕਿਉਂਕਿ ਖੁੰਬ ਦੀ ਪੈਦਾਵਾਰ ਵਾਲੀ ਜਮੀਨ ਹੇਠਾਂ ਕੋਈ ਵੀ ਜ਼ਹਿਰੀਲੀ ਚੀਜ ਹੋ ਸਕਦੀ ਹੈ। ਜਿਸ ਕਰਕੇ ਫਾਰਮਾਂ ਅੰਦਰ ਪੈਦਾ ਕੀਤੀਆਂ ਖੁੰਬਾਂ ਹੀ ਖਾਣ ਯੋਗ ਮੰਨੀਆਂ ਜਾ ਸਕਦੀਆਂ ਹਨ। ਕਿਸਮਾਂ:ਪੰਜਾਬ ਅਤੇ ਹਰਿਆਣਾ ਰਾਜ ਵਿੱਚ ਤਿੰਨ ਕਿਸਮ ਦੀਆਂ ਖੰੁਬਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਪਹਿਲੀ ਬਟਨ ਖੰੁਬ, ਦੂਸਰੀ ਢੀਂਗਰੀ ਅਤੇ ਤੀਸਰੀ ਪਰਾਲੀ ਵਾਲੀ ਖੰੁਬ।

ਭਾਵੇਂ ਕਿ ਮੌਸਮ ਦੇ ਹਿਸਾਬ ਨਾਲ ਠੰਢੇ ਇਲਾਕਿਆਂ ਵਿੱਚ ਸਾਰਾ ਸਾਲ ਬਟਨ ਖੁੰਬ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਪਰ ਪੰਜਾਬ/ਹਰਿਆਣਾ ਵਿੱਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ।ਖੰੁਬਾਂ ਦੀ ਬਿਜਾਈ:ਬਟਨ ਖੁੰਬ ਦੀ ਬਿਜਾਈ ਕਰਨ ਲਈ ਕੰਪੋਸਟ ਦੀ ਜ਼ਰੂਰਤ ਪੈਂਦੀ ਹੈ। ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ। ਗਲੀ/ਸੜੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫਾਰਿਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ।

ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸ਼ੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ਼, ਫਿਊਰਾਡਨ, ਸੀਰਾ, ਜਿਪਸਮ, ਬੀ.ਐਚ.ਸੀ. ਆਦਿ ਦੀ ਜਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋੜੀਂਦਾ ਸਾਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ, ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਫਾਰਮਰ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਜਿਸ ਕਰਕੇ ਕਿਸਾਨਾਂ ਨੂੰ ਤਿਆਰ-ਬਰ-ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ।

ਆਪਣੀ ਜਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੰੁਬਾਂ ਦੀ ਬਿਜਾਈ ਕਰ ਸਕਦੇ ਹਨ। ਬਿਜਾਈ ਦਾ ਸਾਮਾਨ:ਖੰੁਬਾਂ ਬੀਜਣ ਲਈ ਟਰੇਆਂ, ਸੈਲਫਾਂ ਤੇ ਪੋਲੋਥੀਨ ਦੀ ਵਰਤੋਂ ਕੀਤੀ ਜਾਂਦੀ ਹੈ। ਬਜਾਰ ਵਿੱਚੋਂ ਫਲਾਂ ਵਾਲੀਆਂ ਖਾਲੀ ਪੇਟੀਆਂ ਅਤੇ ਵੱਡੇ ਅਕਾਰ ਦੇ ਲਿਫਾਫੇ ਮਿਲ ਜਾਂਦੇ ਹਨ। ਜਾਂ ਫਿਰ ਬਾਂਸ ਗੱਡ ਕੇ ਸੈਲਫਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਜਿਹਨਾਂ ਵਿੱਚ ਵੱਡੇ ਪੱਧਰ ’ਤੇ ਖੁੰਬਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਬੀਜਣ ਦਾ ਢੰਗ:ਖੰੁਬਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਤਿਆਰ ਕੀਤੀ ਗਈ ਕੰਪੋਸਟ ਨੂੰ ਖਿਲਾਰ ਕੇ ਠੰਢੀ ਕਰਨੀ ਚਾਹੀਦੀ ਹੈ। ਖੰੁਬਾਂ ਬੀਜਣ ਵਾਸਤੇ ਕੰਪੋਸਟ ਫਾਰਮ ਹਾਊਸ ਦੇ ਨੇੜੇ ਹੋਵੇ ਤਾਂ ਮਜਦੂਰਾਂ ਦਾ ਖਰਚਾ ਘੱਟ ਪੈਂਦਾ ਹੈ।

ਖੰੁਬਾਂ ਦਾ ਬੀਜ ਸਫਾਨ ਪੰਜ ਤੋਂ ਛੇ ਬੋਤਲਾਂ ਪ੍ਰਤੀ ਕੁਇੰਟਲ ਸੁੱਕੀ ਤੂੜੀ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ। ਖੁੰਬ ਦਾ ਬੀਜ ਦੋ ਤੈਹਾਂ ਵਿੱਚ ਬੀਜਣ ਨਾਲ ਵੱਧ ਝਾੜ ਮਿਲਦਾ ਹੈ। ਪਹਿਲਾ ਬੀਜ ਤਿੰਨ ਇੰਚ ਕੰਪੋਸਟ ਪਾ ਕੇ ਬੀਜਣਾ ਚਾਹੀਦਾ ਹੈ। ਟਰੇਆਂ/ਸੈਲਫਾਂ ਨੂੰ ਅਖਬਾਰਾਂ ਨਾਲ ਢੱਕ ਕੇ ਪਾਣੀ ਦੀ ਸਪਰੇਅ ਕੀਤੀ ਜਾਂਦੀ ਹੈ। ਜਿਸ ਨਾਲ ਸਿਰਫ ਅਖਬਾਰ ਹੀ ਗਿੱਲੇ ਹੋਣ, ਜੇਕਰ ਖੰੁਬਾਂ ਦੀ ਬਿਜਾਈ ਪਲਾਸਟਿਕ ਦੇ ਲਿਫਾਫੇ ਵਿੱਚ ਕੀਤੀ ਹੋਵੇ ਤਾਂ ਉਸ ਨਾਲ ਹੀ ਢੱਕਿਆ ਜਾ ਸਕਦਾ ਹੈ। ਬੀਜ ਨੂੰ ਪੰੁਗਰਨ ਲਈ ਕਮਰਾ ਬੰਦ ਰੱਖਿਆ ਜਾਂਦਾ ਹੈ ਤਾਂ ਕਿ ਉੱਲੀ ਪੂਰੀ ਤਰ੍ਹਾਂ ਫੈਲ ਸਕੇ। ਕੰਪੋਸਟ ਵਿੱਚ ਉੱਲੀ ਫੈਲ ਜਾਣ ਤੋਂ ਬਾਅਦ ਕੇਸਿੰਗ ਕੀਤੀ ਜਾਂਦੀ ਹੈ।

ਕੇਸਿੰਗ ਦੀ ਤਿਆਰੀ:ਕੇਸਿੰਗ ਮਿੱਟੀ ਤਿਆਰ ਕਰਨ ਲਈ ਤਿੰਨ ਹਿੱਸੇ ਦੋ ਸਾਲ ਪੁਰਾਣੀ ਰੂੜੀ ਦੀ ਖਾਦ ਅਤੇ ਇੱਕ ਹਿੱਸਾ ਮਿੱਟੀ ਰਲਾ ਕੇ ਪੰਜ ਪ੍ਰਤੀਸ਼ਤ ਫਾਰਮਲੀਨ ਦੇ ਘੋਲ ਨਾਲ ਸੋਧ ਕੇ ਤਿਆਰ ਕੀਤੀ ਜਾਂਦੀ ਹੈ। ਯਾਦ ਰਹੇ ਕਿ ਕੇਸਿੰਗ ਮਿੱਟੀ ਬਿਲਕੁਲ ਬਰੀਕ ਹੋਣ ਦੀ ਬਜਾਏ ਉਸ ਵਿੱਚ ਛੋਟੀਆਂ/ਛੋਟੀਆਂ ਡਲੀਆਂ ਹੋਣੀਆਂ ਚਾਹੀਦੀਆਂ ਹਨ। ਕਿਉਂਕਿ ਬਿਲਕੁਲ ਬਰੀਕ ਕੇਸਿੰਗ ਵਿੱਚੋਂ ਗੈਸਾਂ ਅੰਦਰ/ਬਾਹਰ ਨਹੀਂ ਆ-ਜਾ ਸਕਦੀਆਂ। ਜਿਸ ਕਰਕੇ ਖੰੁਬ ਦੀ ਫਸਲ ’ਤੇ ਬੁਰਾ ਪ੍ਰਭਾਵ ਪੈਂਦਾ ਹੈ।

ਬ੍ਰਿਸ਼ਭਾਨ ਬੁਜਰਕ,ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ

ਮੋ. 98761-01698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।