ਸੋਨੂੰ ਸੂਦ (Actor Sonu Sood) ਦੀ ਗੱਡੀ ਜ਼ਬਤ, ਘਰ ਰਹਿਣ ਦੇ ਦਿੱਤੇ ਆਦੇਸ਼
(ਵਿੱਕੀ ਕੁਮਾਰ) ਮੋਗਾ । ਚੋਣ ਅਬਜ਼ਰਵਰ ਨੇ ਫਿਲਮ ਅਦਾਕਾਰ ਸੋਨੂੰ ਸੂਦ (Actor Sonu Sood) ਨੂੰ ਲੰਡੇਕੇ ਜਾਂਦੇ ਹੋਏ ਰੋਕਿਆ। ਉਨ੍ਹਾਂ ਦੀ ਕਾਰ ਜ਼ਬਤ ਕਰਕੇ ਸੋਨੂੰ ਸੂਦ ਨੂੰ ਕਿਸੇ ਹੋਰ ਗੱਡੀ ਵਿਚ ਘਰ ਭੇਜ ਦਿੱਤਾ ਗਿਆ ਅਤੇ ਉਸ ਨੂੰ ਘਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਅਕਾਲੀ ਦਲ ਦੇ ਪੋਲਿੰਗ ਏਜੰਟ ਦੀਦਾਰ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਸੋਨੂੰ ਸੂਦ ਵੋਟਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਿਸ ਤੋਂ ਬਾਅਦ ਇਲੈਕਸ਼ਨ ਬਾਈ ਦੀ ਟੀਮ ਨੇ ਸੋਨੂੰ ਸੂਦ ਦਾ ਪਿੱਛਾ ਕੀਤਾ ਅਤੇ ਦੋਸ਼ ਸਹੀ ਪਾਏ ਜਾਣ ‘ਤੇ ਉਸ ਖਿਲਾਫ ਕਾਰਵਾਈ ਕੀਤੀ ਗਈ ਅਤੇ ਅੱਗੇ ਦੀ ਕਾਰਵਾਈ ਲਈ ਚੋਣ ਕਮਿਸ਼ਨ ਨੂੰ ਲਿਖਿਆ ਜਾ ਰਿਹਾ ਹੈ। ਸੋਨੂੰ ਸੂਦ ਦੀ ਨਿੱਜੀ ਕਾਰ ਥਾਣਾ ਸਿਟੀ ਇੱਕ ਵਿੱਚ ਖੜ੍ਹੀ ਹੈ। ਸੋਨੂੰ ਸੂਦ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਨਾਲ ਗਲਤ ਹਨ। ਉਸਨੇ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕੀਤਾ, ਮੈਂ ਸਿਰਫ ਆਪਣੇ ਸਮਰਥਕਾਂ ਤੋਂ ਰਿਪੋਰਟਾਂ ਲੈ ਰਿਹਾ ਸੀ।
117 ਸੀਟਾਂ, 1304 ਉਮੀਦਵਾਰ ਮੈਦਾਨ ’ਚ
ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ’ਤੇ ਵੋਟਾਂ ਪੈਣਗੀਆਂ। ਪੰਜਾਬ ਵਿੱਚ 93 ਔਰਤਾਂ ਸਮੇਤ ਕੁੱਲ 1304 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਈ.ਵੀ.ਐਮ. ਮਸ਼ੀਨ ’ਚ ਬੰਦ ਹੋਵੇਗਾ। ਇਸ ਚੋਣ ਵਿੱਚ ਵੱਖ-ਵੱਖ ਕੌਮੀ ਪਾਰਟੀਆਂ ਦੇ 231 ਉਮੀਦਵਾਰ, ਸੂਬਾਈ ਪਾਰਟੀਆਂ ਦੇ 250, ਗੈਰ ਮਾਨਤਾ ਪ੍ਰਾਪਤ ਪਾਰਟੀਆਂ ਦੇ 362 ਅਤੇ ਆਜ਼ਾਦ ਉਮੀਦਵਾਰ 462 ਹਨ। ਇਨ੍ਹਾਂ ਵਿੱਚੋਂ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਹਨ। ਸੂਬੇ ’ਚ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ-ਬਸਪਾ ਗਠਜੋੜ, ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਦੇ ਸਾਂਝੇ ਮੋਰਚੇ ਤੋਂ ਇਲਾਵਾ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਚੋਣ ਲੜ ਰਹੀ ਹਨ।
24,740 ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ
ਸੂਬੇ ਵਿੱਚ 14,684 ਥਾਵਾਂ ‘ਤੇ 24,740 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 1,051 ਥਾਵਾਂ ’ਤੇ 2,013 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਚੋਣਾਂ ਵਿੱਚ ਸੂਬੇ ਦੇ ਕੁੱਲ 2,14,99,804 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ ਵਿੱਚੋਂ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। ਚੋਣਾਂ ਵਿੱਚ ਪਹਿਲੀ ਵਾਰ 348836 ਵੋਟਰ ਵੋਟ ਪਾਉਣਗੇ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਧਾਂਦਲੀ ਦੀ ਸ਼ਿਕਾਇਤ 1950 ‘ਤੇ ਕਰੋ
ਕਮਿਸ਼ਨ ਨੇ ਵੋਟਰਾਂ ਨੂੰ ਸੁਚੇਤ ਕੀਤਾ ਹੈ ਕਿ ਜੇਕਰ ਉਨ੍ਹਾਂ ਕੋਲ ਕੋਈ ਪੈਸਾ, ਸ਼ਰਾਬ, ਨਸ਼ੀਲੇ ਪਦਾਰਥ ਜਾਂ ਕਿਸੇ ਕਿਸਮ ਦਾ ਕੋਈ ਲਾਲਚ ਜਾਂ ਧਮਕੀ ਦਿੰਦਾਹੈ, ਤਾਂ ਉਹ ਇਸ ਦੀ ਸ਼ਿਕਾਇਤ ਸੀ-ਵਿਜੀਲ ਐਪ ਜਾਂ ਵੋਟਰ ਹੈਲਪਲਾਈਨ 1950 ‘ਤੇ ਕਰਨ।
ਵੈਕਸੀਨ ਸਰਟੀਫਿਕੇਟ ਦੀ ਲੋੜ ਨਹੀਂ ਹੈ
ਸੂਬੇ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ ਕਰੁਣਾ ਰਾਜੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੋਟਿੰਗ ਲਈ ਵੈਕਸੀਨ ਸਰਟੀਫਿਕੇਟ ਦਿਖਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਵੋਟਰ ਕੋਲ ਆਪਣਾ ਵੋਟਰ ਕਾਰਡ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਮ ਹੋਣਾ ਚਾਹੀਦਾ ਹੈ ਤਾਂ ਹੀ ਉਹ ਆਪਣੀ ਵੋਟ ਪਾ ਸਕਦਾ ਹੈ। ਉਨ੍ਹਾਂ ਨੇ ਵੈਕਸੀਨ ਸਰਟੀਫਿਕੇਟ ਨੂੰ ਅਫਵਾਹ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥ ਵਿੱਚ ਕਿਤੇ ਵੀ ਉਨ੍ਹਾਂ ਨੂੰ ਇਸ ਬਾਰੇ ਨਹੀਂ ਪੁੱਛਿਆ ਜਾਵੇਗਾ।
ਵੋਟਰ ਸ਼ਨਾਖਤੀ ਕਾਰਡ ਨਾ ਹੋਣ ’ਤੇ ਇਨਾਂ ਦਸਤਾਵੇਜ਼ਾਂ ਦੀ ਕਰੋ ਵਰਤੋਂ
ਵੋਟਾਂ ’ਚ ਜੇਕਰ ਕਿਸੇ ਵੋਟਰ ਕੋਲ ਵੋਟ ਪਾਉਣ ਸਮੇਂ ਆਪਣਾ ਐਪਿਕ ਵੋਟਰ ਸ਼ਨਾਖਤੀ ਕਾਰਡ ਨਹੀਂ ਹੈ ਤਾਂ ਉਹ ਵੋਟਰ ਹੋਰ ਦਸਤਾਵੇਜ਼ ਜਿਵੇਂ ਕਿ ਪਾਸਪੋਰਟ, ਪੈਨਸ਼ਨ ਕਾਰਡ, ਯੂ.ਡੀ.ਆਈ.ਡੀ, ਪਾਸਬੁਕ, ਮਗਨਰੇਗਾ ਕਾਰਡ, ਡਰਾਈਵਿੰਗ ਲਾਇਸੈਂਸ, ਸਰਵਿਸ ਆਈ ਕਾਰਡ, ਆਫੀਸ਼ੀਅਲ ਆਈ.ਡੀ ਕਾਰਡ, ਆਧਾਰ ਕਾਰਡ, ਪੈਨ ਕਾਰਡ, ਹੈਲਥ ਇਨਸ਼ੋਰੈਂਸ ਕਾਰਡ ਤੇ ਸਮਾਰਟ ਕਾਰਡ ਸਬੰਧਤ ਅਮਲੇ ਨੂੰ ਦਿਖਾ ਕੇ ਆਪਣੀ ਵੋਟ ਪਾ ਸਕਦੇ ਹਨ।
2017 ’ਚ ਕਾਂਗਰਸ ਨੇ ਬਣਾਈ ਸੀ ਸਰਕਾਰ
2017 ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਸਭ ਤੋਂ ਵੱਧ ਸੀਟਾਂ ’ਤੇ ਕਬਜ਼ਾ ਕਰਕੇ ਸੱਤਾ ’ਚ ਆਈ ਸੀ। ਕਾਂਗਰਸ ਨੇ 2017 ’ਚ 77 ਸੀਟਾਂ ਹਾਸਲ ਕੀਤੀਆਂ ਸਨ।
ਕਾਂਗਰਸ : 77
ਆਮ ਆਦਮੀ ਪਾਰਟੀ : 20
ਭਾਜਪਾ : 3
ਸ਼੍ਰੋਮਣੀ ਅਕਾਲੀ ਦਲ : 15
ਹੋਰ : 2
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ