ਵਿਭਾਗ ਨੇ ਨਹੀਂ ਦਿੱਤੀ ਲਾਇਬਰ੍ਰੇਰੀ ਜਾਣ ਦੀ ਇਜ਼ਾਜਤ, ਵੀਸੀ ਨੇ ਦਿੱਤੀ ਆਗਿਆ : ਰਿਸਰਚ ਸਕਾਲਰ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿੰਦੀ ਵਿਭਾਗ ਦੇ ਪੀਐਚਡੀ ਕਰਨ ਵਾਲੇ ਸਕਾਲਰਾਂ ਵੱਲੋਂ ਆਪਣੇ ਵਿਭਾਗ ਦੇ ਮੁਖੀ ਅਤੇ ਹੋਰਨਾਂ ਉੱਪਰ ਧੱਕੇਸਾਹੀ ਕਰਨ ਦੇ ਕਥਿਤ ਦੋਸ਼ ਲਾਏ ਗਏ ਹਨ। ਇੱਧਰ ਡੀਐਸਓ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਦਾ ਪਿੜ ਮੱਲਣਗੇ।
ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆ ਹਿੰਦੀ ਵਿਭਾਗ ਦੇ ਰਿਸਰਚ ਸਕਾਲਰਾਂ ਪਿਆਰਾ ਸਿੰਘ, ਨਰੇਸ਼ ਕੁਮਾਰ, ਛਿੰਦਰ ਸਿੰਘ, ਵਿਕਾਸ ਬਿਸਨੋਈ, ਮਮਤਾ ਬਿਸਨੋਈ ਆਦਿ ਨੇ ਕਿਹਾ ਕਿ ਵਿਭਾਗ ਵਿੱਚ ਲੰਬੇ ਸਮੇਂ ਤੋਂ ਤਾਨਾਸ਼ਾਹੀ ਵਾਲੀ ਪਰੰਪਰਾ ਚੱਲ ਰਹੀ ਹੈ। ਇਥੇ ਰੈਗੂਲਰ ਸਕਾਲਰਾਂ ਨੂੰ 9 ਤੋਂ 4 ਵਜੇ ਤੱਕ ਵਿਭਾਗ ਵਿੱਚ ਬੈਠਣਾ ਲਾਜਮੀ ਹੈ। ਇਸ ਸਮੇਂ ਦੌਰਾਨ ਬਹੁਤੀ ਮਜ਼ਬੂਰੀ ਦੀ ਹਾਲਤ ਵਿਚ ਹੀ 15-20 ਮਿੰਟ ਲਈ ਕਿਸੇ ਨੂੰ ਲਾਇਬ੍ਰੇਰੀ ਜਾਣ ਦੀ ਆਗਿਆ ਹੈ। ਇਸ ਤੋਂ ਵੱਧ ਟਾਈਮ ਲਾਉਣ ਤੇ ਸਕਾਲਰਾਂ ਦੀ ਬਣਾਈ ਇੰਚਾਰਜ ਅਸਿਸਟੈਂਟ ਪ੍ਰੋਫੈਸਰ ਵੱਲੋਂ ਸਖਤ ਤਰੀਕੇ ਨਾਲ ਸਪਸ਼ਟੀਕਰਨ ਮੰਗਿਆ ਜਾਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਵਿਭਾਗ ਮੁਖੀ ਦੇ ਕਹਿਣ ‘ਤੇ ਕੀਤਾ ਜਾ ਰਿਹਾ ਹੈ। ਮੁੱਖੀ ਵੱਲੋਂ ਇੱਕ-ਇੱਕ ਵਿਦਿਆਰਥੀ ਨੂੰ ਦਫਤਰ ਵਿਚ ਸੱਦ ਕੇ ਭਵਿੱਖ ਤਬਾਹ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਦੀਆਂ ਹਨ।
ਉਨ੍ਹਾਂ ਕਿਹਾ ਕਿ ਡਿਪਾਰਟਮੈਂਟ ਦੀਆਂ ਸਾਰੀਆਂ ਕਲਾਸਾਂ ਸਕਾਲਰ ਹੀ ਲਾਉਂਦੇ ਹਨ ਪ੍ਰੋਫੈਸਰ ਮਰਜ਼ੀ ਨਾਲ ਮਹੀਨੇ ਬਾਅਦ ਇੱਕ ਲੈਕਚਰ ਲਾਉਂਦੇ ਹਨ। ਇੱਥੋਂ ਤੱਕ ਕਿ ਡਿਪਲੋਮਾ ਕਲਾਸਾਂ ਵੀ ਸਕਾਲਰ ਹੀ ਲਾਉਂਦੇ ਹਨ। ਜਦਕਿ ਪ੍ਰੋਫੈਸਰ ਉਸ ਹਾਜ਼ਰੀ ਨਾਲ ਹੀ ਆਪਣਾ ਰਜਿਸਟਰ ਪੂਰਾ ਕਰਦੇ ਸਨ।
ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਸਾਰੇ ਐਸਸੀ ਵਿਦਿਆਰਥੀਆਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਾਈਸ ਚਾਂਸਲਰ ਨੂੰ ਮਿਲ ਕੇ ਲਾਇਬ੍ਰੇਰੀ ਜਾਣ ਦੀ ਮਨਜ਼ੂਰੀ ਲੈ ਲਈ ਸੀ, ਪਰ ਜਿਸ ਤੋਂ ਬਾਅਦ ਉਨ੍ਹਾਂ ਨੂੰ ਹੱਦੋ ਵੱਧ ਤੰਗ ਕੀਤਾ ਗਿਆ ਅਤੇ ਲਿਖਤੀ ਮਾਫੀ ਮੰਗਣ ਲਈ ਮਜ਼ਬੂਰ ਕੀਤਾ ਗਿਆ। ਇਸ ਤੋਂ ਬਾਅਦ ਵਾਇਸ ਚਾਂਸਲਰ, ਡੀਨ ਰਿਸਰਚ, ਡੀਨ ਅਕਾਦਮਿਕ ਨੂੰ ਮਿਲਣ ਤੋਂ ਬਾਅਦ ਵੀ ਚਾਰ ਮਹੀਨਿਆਂ ਤੋਂ ਮਸਲਾ ਹੱਲ ਨਹੀ ਹੋਇਆ। ਉਨ੍ਹਾਂ ਕਿਹਾ ਕਿ ਕੁੱਝ ਸਕਾਲਰ ਮਾਨਸਿਕ ਤਨਾਅ ਦੇ ਐਨੇ ਸ਼ਿਕਾਰ ਹੋਏ ਕਿ ਮਜ਼ਬੂਰਨ ਉਨ੍ਹਾਂ ਦੇ ਘਰਦਿਆਂ ਨੂੰ ਉਨ੍ਹਾਂ ਨੂੰ ਘਰੇ ਲਿਜਾਣਾ ਪਿਆ। ਜਿਨ੍ਹਾਂ ਵਿੱਚੋਂ ਦੋ ਕੁੜੀਆਂ ਵੀ ਸਨ। ਡੀ.ਐਸ.ਓ ਦੇ ਆਗੂਆਂ ਜਗਜੀਤ ਸਿੰਘ ਅਤੇ ਅਮਰਜੀਤ ਸਿੰਘ ਨੇ ਕਿਹਾ ਕ ਜੇਕਰ ਉਨ੍ਹਾਂ ਦਾ ਮਸਲਾ ਹੱਲ ਨਾ ਹੋਇਆ ਤਾ ਉਹ ਧਰਨੇ ਲਾਉਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।