ਕਾਰ ਚਾਲਕ ਦਾ ਸੰਤੁਲਨ ਵਿਗੜਣ ਕਾਰਨ ਦਰਖ਼ਤ ‘ਤੇ ਚੜੀ ਕਾਰ
ਸਮਾਣਾ, ਸੁਨੀਲ ਚਾਵਲਾ। ਸਮਾਣਾ ਪਟਿਆਲਾ ਰੋਡ ‘ਤੇ ਅੱਜ ਤੜਕ ਸਵੇਰ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਕਾਰ ਚਾਲਕ ਦਾ ਸੰਤੁਲਨ ਵਿਗੜਣ ਕਾਰਨ ਕਾਰ ਦਰਖ਼ਤ ਨੂੰ ਤੋੜਦੇ ਹੋਏ ਦੂਜੇ ਦਰਖ਼ਤ ‘ਤੇ ਜਾ ਚੜੀ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ ਤੇ ਕਾਰ ਵਿਚ ਸਵਾਰ ਤਿੰਨੋ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ,ਜਿਨ੍ਹਾਂ ਦੀਆਂ ਲਾਸ਼ਾਂ ਨੂੰ ਕਰੇਨ ਦੀ ਸਹਾਇਤਾ ਨਾਲ ਕਾਰ ਨੂੰ ਕੱਟ ਕੇ ਕੱਢਿਆ ਗਿਆ ਤੇ ਪੋਸਟਮਾਰਟਮ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ। ਕਾਰ ਦੇ ਆਲੇ ਦੁਆਲੇ ਸ਼ਰਾਬ ਦੇ ਕਈ ਖਾਲੀ ਡੱਬੇ ਮਿਲੇ।
ਜਾਣਕਾਰੀ ਅਨੁਸਾਰ ਮਲੇਰਕੋਟਲਾ ਵਾਸੀ ਤਿੰਨ ਵਿਅਕਤੀ ਅੱਜ ਤੜਕ ਸਵੇਰ ਸਮਾਣਾ ਤੋਂ ਪਟਿਆਲਾ ਵੱਲ ਜਾ ਰਹੇ ਸਨ ਕਿ ਪਿੰਡ ਡਕੜਬਾ ਨੇੜੇ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜਣ ਕਾਰਨ ਕਾਰ ਸੜਕ ਕਿਨਾਰੇ ਖੜੇ ਦਰਖ਼ਤ ਨੂੰ ਤੋੜਦੀ ਹੋਈ ਦੂਜੇ ਦਰਖ਼ਤ ਦੇ ਉਪਰ ਚੜ ਗਈ ਤੇ ਦਰਖ਼ਤ ਦੇ ਕਾਫ਼ੀ ਉਪਰ ਹੀ ਟੰਗੀ ਰਹੀ,ਜਿਸ ਨੂੰ ਪੁਲਿਸ ਨੇ ਕਰੇਨ ਦੀ ਸਹਾਇਤਾ ਨਾਲ ਹੇਠਾਂ ਉਤਾਰਿਆ ਤੇ ਕਾਰ ਵਿੱਚ ਫਸੇ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਕਾਰ ਕੱਟ ਕੇ ਬਾਹਰ ਕੱਢਿਆ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਮ੍ਰਿਤਕ ਵਿਅਕਤੀਆਂ ਦੇ ਕਈ ਅੰਗ ਗੱਡੀ ਵਿਚ ਹੀ ਫਸੇ ਰਹਿ ਗਏ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਪਹੁੰਚਾਇਆ। ਬਲਵੇੜਾ ਪੁਲਿਸ ਮੁਖੀ ਨੇ ਦੱਸਿਆ ਕਿ ਮ੍ਰਿਤਕਾਂ ਵਿਚੋਂ ਕਾਰ ਚਾਲਕ ਦੀ ਪਹਿਚਾਣ ਹਰਦੀਪ ਸਿੰਘ (35) ਪੁੱਤਰ ਕਪੂਰ ਸਿੰਘ, ਨਾਲ ਬੈਠੇ ਵਿਅਕਤੀ ਦੀ ਪਹਿਚਾਣ ਗੁਰਜੰਟ ਸਿੰਘ (35) ਪੁੱਤਰ ਲਾਲ ਸਿੰਘ ਦੋਵੇਂ ਵਾਸੀ ਮਲੇਰਕੋਟਲਾ ਵਜੋਂ ਹੋਈ ਹੈ ਜਦੋਂਕਿ ਉਨ੍ਹਾਂ ਦੇ ਤੀਜੇ ਸਾਥੀ ਦੀ ਪਹਿਚਾਣ ਨਹੀਂ ਹੋ ਸਕੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ