‘ਪਹਿਲਾਂ ਛਾਲ ਮਰਵਾ ਦਿੱਤੀ ਹੁਣ ਪਤਾ ਲੈਣ ਲਈ ਪੁੱਜ ਗਏ’ 

JumpedUp, FindOut

ਸਿਹਤ ਮੰਤਰੀ ਤੇ ਪ੍ਰਨੀਤ ਕੌਰ ਦਾ ਨਰਸਾਂ ਤੇ ਮੁਲਾਜ਼ਮਾਂ ਵੱਲੋਂ ਵਿਰੋਧ

ਧੱਕਾ ਮੁੱਕੀ ਵਿੱਚ ਹੀ ਪੁਲਿਸ ਵੱਲੋਂ ਬ੍ਰਹਮ ਮਹਿੰਦਰਾ ਅਤੇ ਪ੍ਰਨੀਤ ਕੌਰ ਨੂੰ ਬਾਹਰ ਕੱਢ ਕੇ ਗੱਡੀ ‘ਚ ਬਿਠਾਇਆ

ਨਰਸਾਂ ਨੇ ਕਿਹਾ ਸਿਰਫ਼ ਝੂਠੀ ਹਮਦਰਦੀ ਹੀ ਦਿਖਾਉਣ ਆਏ ਬ੍ਰਹਮ ਮਹਿੰਦਰਾ ਅਤੇ ਪ੍ਰਨੀਤ ਕੌਰ

ਪਟਿਆਲਾ, ਖੁਸ਼ਵੀਰ ਸਿੰਘ ਤੂਰ

ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਮੁੱਖ ਮੰਤਰੀ ਦੀ ਧਰਮਪਤਨੀ ਪ੍ਰਨੀਤ ਕੌਰ ਨੂੰ ਆਪਣੇ ਸ਼ਹਿਰ ਅੰਦਰ ਹੀ ਅੱਜ ਉਸ ਸਮੇਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਰਜਿੰਦਰਾ ਹਸਪਤਾਲ ਵਿਖੇ ਛੱਤ ਤੋਂ ਛਾਲ ਮਾਰਨ ਵਾਲੀਆਂ ਜਖ਼ਮੀ ਨਰਸਾਂ ਦਾ ਹਾਲ ਚਾਲ ਪੁੱਛਣ ਲਈ ਪੁੱਜੇ ਸਨ। ਆਲਮ ਇਹ ਰਿਹਾ ਕਿ ਵਾਪਸੀ ਮੌਕੇ ਐਸਐਸਪੀ ਪਟਿਆਲਾ ਸਮੇਤ ਹੋਰ ਅਧਿਕਾਰੀਆਂ ਵੱਲੋਂ ਧੱਕਾ ਮੁੱਕੀ ਵਿੱਚ ਹੀ ਬ੍ਰਹਮ ਮਹਿੰਦਰਾ ਅਤੇ ਪ੍ਰਨੀਤ ਕੌਰ ਨੂੰ ਗੱਡੀ ‘ਚ ਬਿਠਾ ਕੇ ਬਾਹਰ ਕੱਢਣਾ ਪਿਆ। ਵਿਰੋਧ ਕਰਨ ਵਾਲੀਆਂ ਨਰਸਾਂ ਨੇ ਕਿਹਾ ਕਿ ਪਹਿਲਾਂ ਛਾਲ ਮਰਵਾ ਦਿੱਤੀ ਗਈ ਅਤੇ ਹੁਣ ਬਾਅਦ ਵਿੱਚ ਪਤਾ ਲੈਣ ਲਈ ਪੁੱਜ ਗਏ।

ਜਾਣਕਾਰੀ ਅਨੁਸਾਰ ਆਪਣੀ ਰੈਗੂਲਰ ਦੀ ਮੰਗ ਪੂਰੀ ਨਾ ਹੋਣ ‘ਤੇ ਬੀਤੇ ਦਿਨੀਂ ਤਿੰਨ ਹਫ਼ਤਿਆਂ ਤੋਂ ਰਜਿੰਦਰਾ ਹਸਪਤਾਲ ਦੀ ਛੱਤ ‘ਤੇ ਚੜੀਆਂ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਵੱਲੋਂ ਹੇਠਾਂ ਛਾਲ ਮਾਰ ਦਿੱਤੀ ਗਈ ਸੀ। ਉਂਜ ਉਨ੍ਹਾਂ ਦੇ ਬਚਾਅ ਲਈ ਪ੍ਰਸ਼ਾਸਨ ਵੱਲੋਂ ਜਾਲ ਸਮੇਤ ਗੱਦੇ ਵਿਛਾਏ ਹੋਏ ਸਨ, ਪਰ ਐਨੀ ਦੂਰੀ ਤੋਂ ਹੇਠਾ ਡਿੱਗਣ ਕਾਰਨ ਉਹ ਜਖ਼ਮੀ ਹੋ ਗਈਆਂ ਸਨ ਜਿਨ੍ਹਾਂ ਨੂੰ ਕਿ ਐਮਰਜੈਂਸੀ ਵਿਖੇ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਨਰਸਾਂ ਦਾ ਪਤਾ ਲੈਣ ਲਈ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਪ੍ਰਨੀਤ ਕੌਰ ਦੁਪਹਿਰ ਵੇਲੇ ਰਜਿੰਦਰਾ ਹਸਪਤਾਲ ਪੁੱਜੇ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਰਜਿੰਦਰਾ ਹਸਪਤਾਲ ਵਿਖੇ ਲਗਾ ਦਿੱਤੀ ਗਈ। ਇਸ ਦੌਰਾਨ ਬ੍ਰਹਮ ਮਹਿੰਦਰਾ ਅਤੇ ਪ੍ਰਨੀਤ ਕੌਰ ਜਦੋਂ ਐਮਰਜੈਂਸੀ ਵਿਖੇ ਹਾਲ ਚਾਲ ਜਾਣਨ ਲਈ ਅੰਦਰ ਗਏ ਤਾਂ ਐਮਰਜੈਂਸੀ ਦੇ ਬਾਹਰ ਨਰਸਾਂ, ਦਰਜਾ ਚਾਰ ਕਰਮਚਾਰੀ ਅਤੇ ਐਨਸਿਲਰੀ ਸਟਾਫ਼ ਨੇ ਬ੍ਰਹਮ ਮਹਿੰਦਰਾ ਮੁਰਦਾਬਾਦ , ਪ੍ਰਨੀਤ ਕੌਰ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਜਦੋਂ ਬ੍ਰਹਮ ਮਹਿੰਦਰਾ ਅਤੇ ਪ੍ਰਨੀਤ ਕੌਰ ਬਾਹਰ ਨਿੱਕਲੇ ਤਾਂ ਇਨ੍ਹਾਂ ਮੁਲਾਜ਼ਮਾਂ ਨੇ ਮੰਤਰੀ ਅਤੇ ਪ੍ਰਨੀਤ ਕੌਰ ਨੂੰ ਘੇਰਨ ਦੀ ਕੋਸ਼ਿਸ ਕੀਤੀ। ਇਸ ਮੌਕੇ ਐਸਐਸਪੀ ਮਨਦੀਪ ਸਿੰਘ ਸਿੱਧੂ ਅਤੇ ਐਸਪੀਡੀ ਸਮੇਤ ਹੋਰ ਫੋਰਸ ਵੱਲੋਂ ਮੁਲਾਜ਼ਮਾਂ ਦੀ ਧੱਕਾ ਮੁੱਕੀ ਵਿੱਚ ਹੀ ਭਾਰੀ ਜਦੋਂ ਜਹਿਦ ਤੋਂ ਬਾਅਦ ਇਨ੍ਹਾਂ ਦੋਹਾਂ ਨੂੰ ਗੱਡੀ ‘ਚ ਬਿਠਾ ਕੇ ਬਾਹਰ ਕੱਢਿਆ ਗਿਆ।

ਇਸ ਮੌਕੇ ਨਰਸਿੰਗ ਐਸੋਸੀਏਸ਼ਨ ਦੀ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਪਹਿਲਾਂ ਤਾਂ ਸਾਡੀਆਂ ਭੈਣਾਂ ਨੂੰ ਇਨ੍ਹਾਂ ਦੇ ਰਵੱਈਏ ਕਾਰਨ ਹੀ ਛਾਲ ਮਾਰਨੀ ਪਈ ਅਤੇ ਹੁਣ ਇਹ ਕਿਸ ਗੱਲ ਦਾ ਪਤਾ ਲੈਣ ਲਈ ਪੁੱਜੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮੰਤਰੀ ਸਾਹਿਬ ਨੂੰ ਰੈਗੂਲਰ ਸਬੰਧੀ ਪੁੱਛਿਆ ਤਾ ਉਨ੍ਹਾਂ ਕੋਈ ਵੀ ਸਪੱਸਟ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਜਦੋਂ ਦੂਜੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਉਸ ਸਮੇਂ ਹੀ ਤੁਹਾਡਾ ਫੈਸਲਾ ਲਿਆ ਜਾਵੇਗਾ। ਉਨ੍ਹਾ ਕਿਹਾ ਕਿ ਹੁਣ ਫਿਰ ਤਿੰਨ ਮਹੀਨਿਆਂ ਦਾ ਸਮਾਂ ਮੰਗ ਰਹੇ ਹਨ।  ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਮੁੱਖ ਆਗੂਆਂ ਨੂੰ ਮੰਤਰੀ ਨਾਲ ਮਿਲਵਾਉਣ ਦੇ ਬਹਾਨੇ ਮੈਡੀਕਲ ਕਾਲਜ ਵਿਖੇ ਬੰਦ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਨਰਸਾਂ ਵੱਲੋਂ ਆਪਣਾ ਧਰਨਾ ਲਗਾਕੇ ਲਗਾਤਾਰ ਨਾਅਰੇਬਾਜੀ ਕੀਤੀ ਜਾ ਰਹੀ ਹੈ ਅਤੇ ਓਪੀਡੀ ਅਤੇ ਅਪਰੇਸ਼ਨ ਥੀਏਟਰ ਬੰਦ ਕੀਤੇ ਹੋਏ ਹਨ।

ਦੁਰਵਿਵਹਾਰ ਤੋਂ ਬਾਅਦ ਪੱਤਰਕਾਰਾਂ ਵੱਲੋਂ ਪ੍ਰੈਸ ਕਾਨਫਰੰਸ ਦਾ ਬਾਈਕਾਟ

ਇਸ ਤੋਂ ਬਾਅਦ ਸਿਹਤ ਮੰਤਰੀ ਰਜਿੰਦਰਾ ਹਸਪਤਾਲ ਦੇ ਸਾਹਮਣੇ ਮੈਡੀਕਲ ਕਾਲਜ ਵਿਖੇ ਕਾਲਜ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਲਈ ਪੁੱਜੇ ਅਤੇ ਉੱਥੇ ਮੀਡੀਆ ਨੂੰ ਗੱਲਬਾਤ ਲਈ ਕਿਹਾ ਗਿਆ। ਜਦੋਂ ਪੱਤਰਕਾਰ ਮੈਡੀਕਲ ਕਾਲਜ ਜਾਣ ਲੱਗੇ ਤਾਂ ਮੁੱਖ ਗੇਟ ਨੂੰ ਸਕਿਊਰਟੀ ਵੱਲੋਂ ਤਾਲਾ ਜੜ੍ਹ ਦਿੱਤਾ ਗਿਆ। ਇਸ ਤੋਂ ਬਾਅਦ ਐਸਪੀ ਡੀ ਨੂੰ ਕਹਿਣ ‘ਤੇ ਉਕਤ ਗੇਟ ਦਾ ਤਾਲਾ ਖੋਲ੍ਹਿਆ ਗਿਆ। ਇਸ ਤੋਂ ਬਾਅਦ ਜਦੋਂ ਹੋਰ ਪੱਤਰਕਾਰ ਆਏ ਤਾ ਸਕਿਉੂਰਟੀ ਗਾਰਡਾਂ ਸਮੇਤ ਪੁਲਿਸ ਨੇ ਗੇਟ ਖੋਲ੍ਹਣ ਤੋਂ ਮਨਾ ਕਰ ਦਿੱਤਾ ਗਿਆ ਅਤੇ ਕਿਹਾ ਕਿ ਉਹ ਦੂਜੇ ਗੇਟ ਵਿਚੋਂ ਦੀ ਆਉਣ। ਇਸ ਤੋਂ ਬਾਅਦ ਸਕਿਊਰਟੀ ਗਾਰਡਾਂ ਵੱਲੋਂ ਪੁਲਿਸ ਦੀ ਹਾਜਰੀ ਵਿੱਚ ਪੱਤਰਕਾਰਾਂ ਨਾਲ ਦੁਰਵਿਵਹਾਰ ਕੀਤਾ ਗਿਆ। ਇਸ ਮੌਕੇ ਥਾਣਾ ਸਿਵਲ ਲਾਇਨ ਦੀ ਸਬ ਇੰਸਪੈਕਟਰ ਰਣਜੀਤਪਾਲ ਕੌਰ ਮੌਜੂਦ ਸਨ ਪਰ ਉਨ੍ਹਾਂ ਵੱਲੋਂ ਸਕਿਊਰਟੀ ਗਾਰਡਾਂ ਨੂੰ ਰੋਕਣ ਦੀ ਬਜਾਏ ਇਸ ਨੂੰ ਅਣਦੇਖਿਆ ਕਰ ਦਿੱਤਾ, ਜਿਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਬ੍ਰਹਮ ਮਹਿੰਦਰਾ ਦੀ ਕਾਨਫਰੰਸ ਦਾ ਬਾਈਕਾਟ ਕਰ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨੇ ਕਿਹਾ ਕਿ ਜੇਕਰ ਅੱਗੇ ਤੋਂ ਪੱਤਰਕਾਰਾਂ ਨਾਲ ਅਜਿਹਾ ਦੁਰਵਿਵਹਾਰ ਹੋਇਆ ਤਾ ਪ੍ਰਸ਼ਾਸਨ ਦੇ ਹਰ ਕੰਮ ਦਾ ਬਾਈਕਾਟ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।