ਗਰਮੀ ਦੇ ਮੌਸਮ ਦੌਰਾਨ ਖੇਤੀਬਾੜੀ, ਸਨਅਤੀ ਤੇ ਵਪਾਰਕ ਖੇਤਰ ਤੇ ਆਮ ਲੋਕਾਂ ਨੂੰ ਮਿਲੇਗੀ ਨਿਰਵਿਘਨ ਬਿਜਲੀ : ਕਾਂਗੜ

Uninterrupted, Power, Supply, Agriculture, Kangar

ਭਾਈ ਰੂਪਾ, ਸੁਰਿੰਦਰ ਪਾਲ

ਪੰਜਾਬ ਦੇ ਬਿਜਲੀ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਕਿਹਾ ਹੈ ਕਿ ਸੂਬੇ ਵਿੱਚ ਸਰਪੱਲਸ ਬਿਜਲੀ ਹੋਣ ਕਾਰਨ ਆਗਾਮੀ ਗਰਮੀਆਂ ਦੇ ਮੌਸਮ ਦੌਰਾਨ ਪੰਜਾਬ ਦੇ ਲੋਕਾਂ, ਖੇਤੀਬਾੜੀ ਖੇਤਰ ਲਈ ਕਿਸਾਨਾਂ ਤੇ ਸਨਅਤੀ ਤੇ ਵਪਾਰਕ ਖੇਤਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਪਿੰਡ ਦਿਆਲਪੁਰਾ ਭਾਈਕਾ ਸਥਿਤ ਜੰਗਲਾਤ ਗੈਸਟ ਹਾਊਸ ਵਿਖੇ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਬਿਜਲੀ ਉਤਪਾਦਨ ਵਿੱਚ ਪੰਜਾਬ ਸਰਪਲੱਸ ਸੂਬਾ ਬਣ ਗਿਆ ਹੈ ਤੇ ਪੀ.ਐੱਸ.ਪੀ.ਸੀ.ਐੱਲ. ਨੇ ਸਰਪਲੱਸ ਬਿਜਲੀ ਵੇਚ ਕੇ ਜਨਵਰੀ ਮਹੀਨੇ ਤੱਕ 216.5 ਕਰੋੜ ਰੁਪਏ ਦਾ ਲਾਭ ਕਮਾਇਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਪਿਛਲੇ ਸਮੇਂ ਦੌਰਾਨ ਸਾਰੇ ਵਰਗਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਮੁਹੱਈਆ ਕਰਵਾਈ ਗਈ ਹੈ। ਸ. ਕਾਂਗੜ ਨੇ ਕਿਹਾ ਕਿ ਐੱਸ.ਸੀ., ਗ਼ੈਰ ਐਸ.ਸੀ-ਬੀ.ਪੀ.ਐਲ ਅਤੇ ਬੀ.ਸੀ. ਖਪਤਕਾਰਾਂ ਨੂੰ ਪ੍ਰਤੀ ਮਹੀਨਾ 200 ਯੂਨਿਟ ਤੱਕ ਮੁਫ਼ਤ ਬਿਜਲੀ ਦਾ ਲਾਭ ਦੇਣ ਸਬੰਧੀ ਪਿਛਲੇ ਦਿਨੀਂ ਮੰਤਰੀ ਮੰਡਲ ਵਿੱਚ ਲਏ ਫ਼ੈਸਲੇ ਪਿੱਛੋਂ ਪੀ.ਐਸ.ਪੀ.ਸੀ.ਐਲ. ਵੱਲੋਂ ਦਿਸ਼ਾ-ਨਿਰਦੇਸ਼ ਦਿੱਤੇ ਹਨ, ਜਿਸ ਤਹਿਤ ਸਾਲਾਨਾ 3000 ਯੂਨਿਟਾਂ ਤੋਂ ਵਧ ਬਿਜਲੀ ਖਪਤ ਕਰਨ ਵਾਲੇ ਅਨੁਸੂਚਿਤ ਜਾਤਾਂ, ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਗ਼ੈਰ ਐੱਸ.ਸੀ. ਅਤੇ ਪੱਛੜੀ ਸ਼੍ਰੇਣੀਆਂ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ 200 ਯੂਨਿਟ ਮੁਫ਼ਤ ਦਿੱਤੀ ਜਾ ਰਹੀ ਹੈ। ਸੰਗਤ ਦਰਸ਼ਨ ਦੌਰਾਨ ਬਠਿੰਡਾ ਦਿਹਾਤੀ ਤੋਂ ਆਪ ਦੀ ਵਿਧਾਇਕਾ ਸ਼੍ਰੀਮਤੀ ਰੁਪਿੰਦਰ ਕੌਰ ਰੂਬੀ ਵੀ ਆਪਣੀ ਸਮੱਸਿਆ ਲੈ ਕੇ ਪੁੱਜੀ। ਬਿਜਲੀ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਮੱਸਿਆ ਛੇਤੀ ਤੋਂ ਛੇਤੀ ਹੱਲ ਕੀਤੀ ਜਾਵੇਗੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪੰਚ-ਸਰਪੰਚ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।