Woman Murder Case: ਮਹਿਲਾ ਦੇ ਕਤਲ ਮਾਮਲੇ ’ਚ ਏਸੀ ਮਕੈਨਿਕ ਨੂੰ ਗ੍ਰਿਫ਼ਤਾਰ

Woman Murder Case
ਲੁਧਿਆਣਾ ਵਿਖੇ ਮਹਿਲਾ ਦੇ ਕਤਲ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ। ਇੰਨਸੈੱਟ ਲਈ ਮਹਿਲਾ ਦੀ ਫੋਟੋ।

ਬੁਰਾ- ਭਲਾ ਬੋਲਣ ’ਤੇ ਗੁੱਸੇ ਵਿੱਚ ਆਕੇ ਮਕੈਨਿਕ ਨੇ ਮਹਿਲਾ ਦੀ ਉਸਦੇ ਘਰ ਅੰਦਰ ਹੀ ਕਰ ਦਿੱਤਾ ਸੀ ਕਤਲ : ਪੁਲਿਸ

Woman Murder Case: (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਦਰਾਂ ਦਿਨ ਪਹਿਲਾਂ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਇੱਕ ਮਹਿਲਾ ਦੀ ਉਸਦੇ ਘਰ ਅੰਦਰ ਹੀ ਬਾਥਰੂਮ ਵਿੱਚੋਂ ਲਾਸ਼ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮ੍ਰਿਤਕਾ ਨੇ ਉਧਾਰ ਲਏ ਪੈਸੇ ਦੀਆਂ ਕਿਸ਼ਤਾਂ ਟੁੱਟਣ ’ਤੇ ਮੁਲਜ਼ਮ ਨੂੰ ਮਾੜਾ-ਚੰਗਾ ਬੋਲਿਆ ਸੀ। ਜਿਸ ਤੋਂ ਤੈਸ ਵਿੱਚ ਆ ਕੇ ਵਿਅਕਤੀ ਨੇ ਮਹਿਲਾ ਦੀ ਉਸਦੇ ਘਰ ਅੰਦਰ ਹੀ ਕਤਲ ਕਰ ਦਿੱਤਾ ਸੀ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਸਿਟੀ) ਰੁਪਿੰਦਰ ਸਿੰਘ ਨੇ ਦੱਸਿਆ ਕਿ 21 ਜੂਨ ਨੂੰ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਨਿਊ ਕਰਤਾਰ ਨਗਰ ਵਿਖੇ ਇੱਕ ਘਰ ’ਚ ਇੱਕ ਮਹਿਲਾ ਦੀ ਲਾਸ਼ ਪਈ ਹੈ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲਿਆ ਅਤੇ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਸੀ। ਉਨਾਂ ਦੱਸਿਆ ਕਿ ਇੰਸਪੈਕਟਰ ਅਮ੍ਰਿਤਪਾਲ ਸਿੰਘ ਵੱਲੋਂ ਦੱਸਣ ਮੁਤਾਬਕ ਮ੍ਰਿਤਕ ਦੀ ਪਹਿਚਾਣ ਸੋਨਮ ਜੈਨ ਪਤਨੀ ਸੁਰਿੰਦਰ ਕੁਮਾਰ ਵਜੋਂ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ਸਮੇਂ ਇੱਕ ਸ਼ੱਕੀ ਵਿਅਕਤੀ ਦੀ ਪੜਤਾਲ ਕੀਤੀ। ਜਿਸ ਦੀ ਪਹਿਚਾਣ ਸੰਜੀਵ ਕੁਮਾਰ ਉਰਫ਼ ਕਾਕੂ ਵਾਸੀ ਅਮਨ ਨਗਰ ਵਜੋਂ ਹੋਈ ਜੋ ਕਿ ਏਸੀ ਰਿਪੇਅਰਿੰਗ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ: Kangana Ranaut: ਆਫ਼ਤ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਮਿਲੇ ਕੰਗਨਾ ਰੌਣਤ, ਜਾਣੋ ਕੀ ਕਿਹਾ

ਪੜਤਾਲ ਦੌਰਾਨ ਮ੍ਰਿਤਕਾ ਦੇ ਪਤੀ ਨੇ ਸਬੰਧਿਤ ਵਿਅਕਤੀ ’ਤੇ ਕਤਲ ਕਰਨ ਦਾ ਸ਼ੱਕ ਜਤਾਇਆ। ਉਨਾਂ ਦੱਸਿਆ ਕਿ ਮ੍ਰਿਤਕ ਦੇ ਪਤੀ ਮੁਤਾਬਕ ਸੋਨਮ ਵਿਆਜ ’ਤੇ ਪੈਸੇ ਦਿੰਦੀ ਸੀ। ਜਿਸ ਦੇ ਤਹਿਤ ਹੀ ਸੰਜੀਵ ਕੁਮਾਰ ਨੇ ਸੋਨਮ ਤੋਂ 17 ਹਜ਼ਾਰ ਰੁਪਏ ਲਏ ਸਨ, ਜਿਸ ਦੀਆਂ ਕੁੱਝ ਕਿਸ਼ਤਾਂ ਟੁੱਟ ਗਈਆਂ ਸਨ, ਜਿਸ ਕਰਕੇ ਸੋਨਮ ਨੇ ਸੰਜੀਵ ਨੂੰ ਮਾੜਾ ਬੋਲਿਆ ਸੀ। ਜਿਸ ਤੋਂ ਗੁੱਸੇ ਵਿੱਚ ਆਕੇ ਸੰਜੀਵ ਨੇ ਸੋਨਮ ਦਾ ਉਸਦੇ ਘਰ ਅੰਦਰ ਹੀ ਗਲ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਬਾਥਰੂਮ ਵਿੱਚ ਛੁਪਾ ਦਿੱਤੀ। ਉਨਾਂ ਦੱਸਿਆ ਕਿ ਸੰਜੀਵ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਪੁੱਛਗਿੱਛ ਦੇ ਲਈ ਅਦਾਲਤ ਕੋਲੋਂ ਉਸਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। Woman Murder Case