ਸਿਰਫ 10 ਓਵਰਾਂ ’ਚ ਜਿੱਤਿਆ ਭਾਰਤ ਨੇ ਤੀਜਾ ਟੀ20 ਮੁਕਾਬਲਾ
IND vs NZ: ਸਪੋਰਟਸ ਡੈਸਕ। ਭਾਰਤ ਨੇ ਤੀਜੇ ਟੀ-20 ਮੈਚ ’ਚ ਨਿਊਜ਼ੀਲੈਂਡ ਨੂੰ 10 ਓਵਰ ਬਾਕੀ ਰਹਿੰਦੇ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ ’ਚ 3-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਗੁਹਾਟੀ ਦੇ ਬਾਰਾਸਪਾਰਾ ਕ੍ਰਿਕੇਟ ਸਟੇਡੀਅਮ ’ਚ ਐਤਵਾਰ ਨੂੰ ਖੇਡੇ ਗਏ ਮੈਚ ’ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਨੇ ਗਲੇਨ ਫਿਲਿਪਸ ਦੀਆਂ 48 ਦੌੜਾਂ ਦੀ ਪਾਰੀ ਦੇ ਦਮ ’ਤੇ 20 ਓਵਰਾਂ ’ਚ 9 ਵਿਕਟਾਂ ਗੁਆ ਕੇ 153 ਦੌੜਾਂ ਬਣਾਈਆਂ। ਜਵਾਬ ’ਚ ਭਾਰਤੀ ਟੀਮ ਨੇ ਅਭਿਸ਼ੇਕ ਸ਼ਰਮਾ ਤੇ ਸੂਰਿਆਕੁਮਾਰ ਯਾਦਵ ਦੇ ਅਜੇਤੂ ਅਰਧ ਸੈਂਕੜਿਆਂ ਦੀ ਬਦੌਲਤ ਸਿਰਫ 10 ਓਵਰਾਂ ’ਚ 155 ਦੌੜਾਂ ਬਣਾ ਕੇ ਮੈਚ ਆਪਣੇ ਨਾਂਅ ਕਰ ਲਿਆ।
ਇਹ ਖਬਰ ਵੀ ਪੜ੍ਹੋ : Punjab Government News: ਪੰਜਾਬੀਆਂ ਨੂੰ ਵੱਧ ਅਧਿਕਾਰ, ‘ਰੰਗਲੇ ਪੰਜਾਬ’ ਵੱਲ ਵਧਦੇ ਕਦਮ
ਸੈਮਸਨ ਨੇ ਲਗਾਤਾਰ ਤੀਜੇ ਮੈਚ ’ਚ ਕੀਤਾ ਨਿਰਾਸ਼
154 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਝਟਕੇ ਨਾਲ ਹੋਈ। ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਨੇ ਲਗਾਤਾਰ ਤੀਜੇ ਮੈਚ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਉਹ ਪਹਿਲੀ ਹੀ ਗੇਂਦ ’ਤੇ ਮੈਟ ਹੈਨਰੀ ਦਾ ਸ਼ਿਕਾਰ ਬਣ ਗਏ ਤੇ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਸੈਮਸਨ ਇਸ ਸੀਰੀਜ਼ ’ਚ ਹੁਣ ਤੱਕ ਸਿਰਫ 16 ਦੌੜਾਂ ਹੀ ਬਣਾ ਸਕੇ ਹਨ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਸ ਦਾ ਖਰਾਬ ਪ੍ਰਦਰਸ਼ਨ ਭਾਰਤੀ ਟੀਮ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ।
ਈਸ਼ਾਨ ਕਿਸ਼ਨ ਨੇ ਖੇਡੀ ਤੂਫਾਨੀ ਪਾਰੀ | IND vs NZ
ਸੈਮਸਨ ਦੇ ਪੈਵੇਲੀਅਨ ਪਰਤਣ ਤੋਂ ਬਾਅਦ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਇਸ਼ਾਨ ਕਿਸ਼ਨ ਨੇ ਓਵਰ ਦੀ ਤੀਜੀ ਗੇਂਦ ’ਤੇ ਛੱਕਾ ਲਾ ਕੇ ਆਪਣਾ ਇਰਾਦਾ ਜ਼ਾਹਰ ਕੀਤਾ। ਉਨ੍ਹਾਂ ਨੇ ਅਭਿਸ਼ੇਕ ਸ਼ਰਮਾ ਨਾਲ ਦੂਜੀ ਵਿਕਟ ਲਈ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਕਿਸ਼ਨ ਨੇ 215.38 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਦੇ ਹੋਏ 28 ਦੌੜਾਂ ਬਣਾਈਆਂ। ਉਸ ਦੇ ਬੱਲੇ ਤੋਂ ਤਿੰਨ ਚੌਕੇ ਤੇ ਦੋ ਛੱਕੇ ਲੱਗੇ। IND vs NZ
ਭਾਰਤੀ ਟੀਮ ਦਾ ਪਾਵਰਪਲੇਅ ’ਚ ਦੂਜਾ ਸਭ ਤੋਂ ਵੱਡਾ ਸਕੋਰ
ਦਿਲਚਸਪ ਗੱਲ ਇਹ ਹੈ ਕਿ ਭਾਰਤ ਨੇ ਸਿਰਫ 3.1 ਓਵਰਾਂ ’ਚ 50 ਦੌੜਾਂ ਪੂਰੀਆਂ ਕਰਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਟੀਮ ਨੇ 2023 ’ਚ ਬੰਗਲਾਦੇਸ਼ ਦੇ ਖਿਲਾਫ 3.4 ਓਵਰਾਂ ’ਚ 50 ਦੌੜਾਂ ਬਣਾਈਆਂ ਸਨ। ਕਿਸ਼ਨ ਦੇ ਪੈਵੇਲੀਅਨ ਪਰਤਣ ਤੋਂ ਬਾਅਦ ਆਏ ਕਪਤਾਨ ਸੂਰਿਆਕੁਮਾਰ ਯਾਦਵ ਨੇ ਨਿਊਜ਼ੀਲੈਂਡ ਨੂੰ ਖਦੇੜਨ ’ਚ ਕੋਈ ਕਸਰ ਨਹੀਂ ਛੱਡੀ। ਅਭਿਸ਼ੇਕ ਦੇ ਨਾਲ-ਨਾਲ ਉਸ ਨੇ ਕੀਵੀ ਗੇਂਦਬਾਜ਼ਾਂ ਨੂੰ ਚੰਗੀ ਤਰ੍ਹਾਂ ਮਾਤ ਦਿੱਤੀ। ਇਸ ਦੌਰਾਨ ਭਾਰਤ ਨੇ ਪਾਵਰਪਲੇ ’ਚ ਆਪਣਾ ਦੂਜਾ ਸਭ ਤੋਂ ਵੱਡਾ ਸਕੋਰ ਬਣਾਇਆ। ਇਸ ਮੈਚ ਵਿੱਚ ਭਾਰਤ ਨੇ ਪਹਿਲੇ ਛੇ ਓਵਰਾਂ ਵਿੱਚ ਦੋ ਵਿਕਟਾਂ ’ਤੇ 94 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਇੰਗਲੈਂਡ ਦੇ ਖਿਲਾਫ ਵਾਨਖੇੜੇ ’ਚ ਪਾਵਰਪਲੇ ’ਚ 95/1 ਦਾ ਸਕੋਰ ਬਣਾਇਆ ਸੀ।
ਅਭਿਸ਼ੇਕ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲੇ ਦੂਜੇ ਭਾਰਤੀ
ਨਿਊਜ਼ੀਲੈਂਡ ਖਿਲਾਫ ਇਸ ਮੈਚ ’ਚ ਅਭਿਸ਼ੇਕ ਸ਼ਰਮਾ ਦਾ ਬੱਲਾ ਇਕ ਵਾਰ ਫਿਰ ਗਰਜਿਆ ਤੇ ਉਸ ਨੇ ਸਿਰਫ 14 ਗੇਂਦਾਂ ’ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। ਉਹ ਯੁਵਰਾਜ ਸਿੰਘ (12 ਗੇਂਦਾਂ) ਤੋਂ ਬਾਅਦ ਇਸ ਫਾਰਮੈਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲੇ ਦੂਜੇ ਭਾਰਤੀ ਬਣ ਗਏ ਹਨ। ਇਸ ਦੇ ਨਾਲ ਹੀ, ਉਹ ਸੰਯੁਕਤ ਤੌਰ ’ਤੇ ਪੂਰੀ ਮੈਂਬਰ ਟੀਮ ਦੇ ਖਿਲਾਫ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਵਾਲੇ ਤੀਜਾ ਬੱਲੇਬਾਜ਼ ਬਣ ਗਏ। ਉਸ ਨੇ ਕੋਲਿਨ ਮੁਨਰੋ ਦੀ ਬਰਾਬਰੀ ਕੀਤੀ, ਜਿਸ ਨੇ 2016 ’ਚ ਸ਼੍ਰੀਲੰਕਾ ਖਿਲਾਫ ਸਿਰਫ 14 ਗੇਂਦਾਂ ’ਚ ਅਰਧ ਸੈਂਕੜਾ ਲਾਇਆ ਸੀ। IND vs NZ
ਸੂਰਿਆਕੁਮਾਰ ਲਗਾਤਾਰ ਦੂਜੇ ਮੈਚ ’ਚ ਚਮਕੇ | IND vs NZ
ਅਭਿਸ਼ੇਕ ਸ਼ਰਮਾ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਨੇ ਵੀ ਆਪਣੇ ਜੌਹਰ ਦਿਖਾਏ। ਉਸ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 23ਵਾਂ ਅਰਧ ਸੈਂਕੜਾ 25 ਗੇਂਦਾਂ ’ਚ ਪੂਰਾ ਕੀਤਾ ਤੇ ਭਾਰਤ ਦੀ ਜਿੱਤ ਯਕੀਨੀ ਬਣਾਈ। ਪਿਛਲੇ ਮੈਚ ’ਚ ਸੂਰਿਆਕੁਮਾਰ ਨੇ ਕਪਤਾਨੀ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਿਵਾਈ ਸੀ। ਆਗਾਮੀ ਵਿਸ਼ਵ ਕੱਪ ਤੋਂ ਪਹਿਲਾਂ ਸੂਰਿਆ ਦੀ ਫਾਰਮ ’ਚ ਵਾਪਸੀ ਹੋਰ ਟੀਮਾਂ ਲਈ ਬੁਰੀ ਖ਼ਬਰ ਹੈ। ਅਭਿਸ਼ੇਕ ਤੇ ਸੂਰਿਆਕੁਮਾਰ ਵਿਚਾਲੇ ਤੀਜੇ ਵਿਕਟ ਲਈ 40 ਗੇਂਦਾਂ ’ਚ 102 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ। ਇਨ੍ਹਾਂ ਦੋਵਾਂ ਨੇ ਸਿਰਫ਼ 10 ਓਵਰਾਂ ’ਚ ਹੀ ਭਾਰਤ ਨੂੰ ਸ਼ਾਨਦਾਰ ਜਿੱਤ ਦਿਵਾਈ।














