ਦਿੱਲੀ ਨਹੀਂ ਆਉਣਗੇ ‘ਆਪ’ ਵਿਧਾਇਕ, ਖ਼ੁਦ ਕੇਜਰੀਵਾਲ ਆਉਣ ਚੰਡੀਗੜ੍ਹ

AAP, MLA, Delhi, Kejriwal

ਆਪ ਵਿਧਾਇਕ ਕੰਵਰ ਸੰਧੂ ਨੇ ਦਿੱਤਾ ਦੋ ਟੁੱਕ ਜੁਆਬ, ਸਿਸੋਦੀਆ ਨੇ ਦਿੱਲੀ ਸੱਦੀ ਐ ਐਤਵਾਰ ਨੂੰ ਮੀਟਿੰਗ

  • ਅਸੀਂ 20 ਵਿਧਾਇਕ ਹਾਂ ਇੱਕ ਜੁੱਟ, ਕੇਜਰੀਵਾਲ ਨੇ ਕੀਤਾ ਗਲਤ, ਹੁਣ ਗੱਲ ਕਰਨੀ ਐ ਤਾਂ ਖ਼ੁਦ ਆਉਣ ਚੰਡੀਗੜ੍ਹ : ਸੰਧੂ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਵਿੱਚ ਬੀਤੇ ਦੋ ਦਿਨਾਂ ਤੋਂ ਚੱਲ ਰਿਹਾ ਘਮਸਾਨ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ ਹੈ, ਹਾਲਾਂਕਿ ਅਰਵਿੰਦ ਕੇਜਰੀਵਾਲ ਵੱਲੋਂ ਐਤਵਾਰ ਨੂੰ ਦਿੱਲੀ ਵਿਖੇ ਮੀਟਿੰਗ ਸੱਦ ਕੇ ਇਸ ਨੂੰ ਰੋਕਣ ਦੀ ਕੋਸ਼ਸ਼ ਤਾਂ ਕੀਤੀ ਹੈ ਪਰ ਪੰਜਾਬ ਦੇ ਆਪ ਵਿਧਾਇਕਾਂ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਸੁਨੇਹਾ ਭੇਜ ਦਿੱਤਾ ਹੈ ਕਿ ਜੇਕਰ ਹੁਣ ਉਨ੍ਹਾਂ ਨੇ ਮੀਟਿੰਗ ਕਰਨੀ ਹੈ ਤਾਂ ਉਹ ਖ਼ੁਦ ਚੱਲ ਕੇ ਚੰਡੀਗੜ੍ਹ ਆਉਣ ਅਤੇ ਚੰਡੀਗੜ੍ਹ ਵਿਖੇ ਹੀ ਮੀਟਿੰਗ ਹੋਵੇਗੀ।

ਆਪ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਪੰਜਾਬ ਦੇ 20 ਵਿਧਾਇਕ ਇੱਕ ਜੁਟ ਹਨ ਅਤੇ ਹੁਣ ਕੋਈ ਵੀ ਵਿਧਾਇਕ ਦਿੱਲੀ ਲੀਡਰਸ਼ਿਪ ਦੇ ਦਬਾਓ ਵਿੱਚ ਨਹੀਂ ਆਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਮੰਗੀ ਗਈ ਮੁਆਫ਼ੀ ਨਾਲ ਵਿਧਾਇਕਾਂ ਜਾਂ ਫਿਰ ਪਾਰਟੀ ਦੇ ਵਰਕਰਾਂ ਦੇ ਹੀ ਨਹੀਂ ਸਗੋਂ ਪੰਜਾਬ ਦੇ ਆਮ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਮੀਟਿੰਗ ਦਾ ਸੱਦਾ ਆਇਆ ਹੈ ਪਰ ਪੰਜਾਬ ਵਿੱਚੋਂ ਕੋਈ ਵਿਧਾਇਕ ਦਿੱਲੀ ਨਹੀਂ ਜਾਵੇਗਾ।

ਪੰਜਾਬ ਦੇ ਵਿਧਾਇਕ ਪਾਰਟੀ ਨੂੰ ਤੋੜਨ ਦੇ ਹੱਕ ਵਿੱਚ ਨਹੀਂ ਹਨ ਪਰ ਪੰਜਾਬ ਦੇ ਫੈਸਲਿਆਂ ਸਬੰਧੀ ਹੁਣ ਕੋਈ ਵੀ ਕੇਂਦਰੀ ਦਬਾਓ ਵੀ ਝੱਲਣ ਨੂੰ ਤਿਆਰ ਨਹੀਂ ਹਨ। ਪੰਜਾਬ ਦੇ ਹਰ ਫੈਸਲੇ ਨੂੰ ਹੁਣ ਇੱਥੋਂ ਦੇ ਵਿਧਾਇਕ ਅਤੇ ਪਾਰਟੀ ਲੀਡਰਸ਼ਿਪ ਇੱਕ ਖੇਤਰੀ ਪਾਰਟੀ ਵਾਂਗ ਹੀ ਲਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਸਥਿਤੀ ਸਾਫ਼ ਕਰ ਦਿੱਤੀ ਜਾਵੇਗੀ, ਕਿਉਂਕਿ ਭਗਵੰਤ ਮਾਨ ਨਾਲ ਅਜੇ ਤੱਕ ਕੋਈ ਵੀ ਮੀਟਿੰਗ ਨਹੀਂ ਹੋਈ ਹੈ।ਜਿਸ ਕਾਰਨ ਕੁਝ ਇੰਤਜ਼ਾਰ ਕਰਨ ਦੀ ਜ਼ਰੂਰਤ ਹੈ।

3 ਵਿਧਾਇਕ ਪੁੱਜੇ ਦਿੱਲੀ, ਕੇਜਰੀਵਾਲ ਨਾਲ ਕੀਤੀ ਮੀਟਿੰਗ

ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਵਿੱਚੋਂ 3 ਵਿਧਾਇਕ ਦਿੱਲੀ ਸ਼ਨਿੱਚਰਵਾਰ ਨੂੰ ਹੀ ਪੁੱਜ ਗਏ ਹਨ, ਜਿਥੇ ਉਨ੍ਹਾਂ ਨੇ ਨਾ ਸਿਰਫ਼ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕੀਤੀ ਸਗੋਂ ਮੁਆਫ਼ੀ ਮੰਗੇ ਜਾਣ ਸਬੰਧੀ ਕਾਰਨਾਂ ਬਾਰੇ ਵੀ ਪੁੱਛਿਆ। ਹਾਲਾਂਕਿ ਇਸ ਸਬੰਧੀ ਤਿੰਨੇ ਵਿਧਾਇਕ ਬਲਜਿੰਦਰ ਕੌਰ, ਕੁਲਤਾਰ ਸਿੰਘ ਅਤੇ ਅਮਰਜੀਤ ਸਿੰਘ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨੇ ਵਿਧਾਇਕਾਂ ਨੇ ਬੀਤੇ ਦਿਨੀਂ ਵਿਧਾਨ ਸਭਾ ‘ਚ ਹੋਈ ਮੀਟਿੰਗ ਬਾਰੇ ਵੀ ਸਾਰੀ ਜਾਣਕਾਰੀ ਖੁੱਲ੍ਹ ਕੇ ਅਰਵਿੰਦ ਕੇਜਰੀਵਾਲ ਨੂੰ ਦੇ ਦਿੱਤੀ ਹੈ।

ਭਗਵੰਤ ਮਾਨ ਹੋਏ ਅੰਡਰ ਗਰਾਊੁਂਡ

ਭਗਵੰਤ ਮਾਨ ਪਿਛਲੇ 2 ਦਿਨਾਂ ਤੋਂ ਹੀ ਅੰਡਰ ਗਰਾਊੁਂਡ ਹੋ ਗਏ ਹਨ। ਭਗਵੰਤ ਮਾਨ ਨਾ ਹੀ ਕਿਸੇ ਨਾਲ ਗੱਲਬਾਤ ਕਰ ਰਹੇ ਹਨ ਅਤੇ ਨਾ ਹੀ ਕਿਸੇ ਨੂੰ ਮਿਲ ਰਹੇ ਹਨ। ਇਥੇ ਤੱਕ ਕਿ ਪਾਰਟੀ ਦੇ ਵਿਧਾਇਕਾਂ ਨੂੰ ਵੀ ਇਹ ਜਾਣਕਾਰੀ ਨਹੀਂ ਹੈ ਕਿ ਇਸ ਸਮੇਂ ਭਗਵੰਤ ਮਾਨ ਕਿੱਥੇ ਹਨ। ਇਸ ਲਈ ਹਰ ਕੋਈ ਉਨ੍ਹਾਂ ਨੂੰ ਲੱਭਣ ਵਿੱਚ ਲੱਗਿਆ ਹੋਇਆ ਹੈ ਤਾਂ ਕਿ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਅਗਲੀ ਰਣਨੀਤੀ ਬਣਾਈ ਜਾ ਸਕੇ।

ਦੁਫ਼ਾੜ ਹੋ ਸਕਦੀ ਐ ‘ਆਪ’, ਖਹਿਰਾ ਦੀ ਛੁੱਟੀ ਪੱਕੀ

ਮਜੀਠੀਆ ਮਾਮਲੇ ‘ਚ ਆਮ ਆਦਮੀ ਪਾਰਟੀ ਦੁਫਾੜ ਫਾੜ ਹੁੰਦੀ ਨਜ਼ਰ ਆ ਰਹੀ ਹੈ। ਵੱਖਰੀ ਪਾਰਟੀ ਬਣਾਉਣ ਦੇ ਮਾਮਲੇ ਵਿੱਚ ਸੁਖਪਾਲ ਖਹਿਰਾ ਦਾ ਸਾਥ ਹੁਣ ਤੱਕ 5 ਵਿਧਾਇਕ ਛੱਡ ਚੁੱਕੇ ਹਨ। ਇਨ੍ਹਾਂ ਵਿੱਚੋਂ 3 ਵਿਧਾਇਕ ਦਿੱਲੀ ਵਿਖੇ ਹਾਜ਼ਰੀ ਲਗਾਉਣ ਲਈ ਪੁੱਜ ਗਏ ਤਾਂ ਐਚ.ਐਸ. ਫੂਲਕਾ ਨੇ ਪਾਰਟੀ ਨਾ ਨਹੀਂ ਤੋੜਨ ਦੀ ਸਲਾਹ ਦੇ ਦਿੱਤੀ ਹੈ। ਇਹੋ ਜਿਹੇ ਸਮੇਂ ਵਿੱਚ ਵਿਧਾਇਕਾਂ ਦੀ ਕਮਾਂਡ ਕਰ ਰਹੇ ਸੁਖਪਾਲ ਖਹਿਰਾ ਨੂੰ ਨੁਕਸਾਨ ਹੋ ਸਕਦਾ ਹੈ। ਕਿਉਂਕਿ ਦਿੱਲੀ ਬੈਠੇ ਆਪ ਲੀਡਰਾਂ ਦਾ ਮੰਨਣਾ ਹੈ ਕਿ ਵਿਧਾਇਕਾਂ ਨੂੰ ਕੇਜਰੀਵਾਲ ਖ਼ਿਲਾਫ਼ ਖਹਿਰਾ ਹੀ ਭੜਕਾਉਣ ਵਿੱਚ ਲੱਗੇ ਹੋਏ ਹਨ। ਜਿਸ ਕਾਰਨ ਸੁਖਪਾਲ ਖਹਿਰਾ ਦੀ ਬਤੌਰ ਵਿਰੋਧੀ ਧਿਰ ਦੇ ਲੀਡਰ ਵਜੋਂ ਕਦੇ ਵੀ ਛੁੱਟੀ ਦਾ ਐਲਾਨ ਇਸ ਘਮਸਾਨ ਦੇ ਸ਼ਾਂਤ ਹੋਣ ਤੋਂ ਬਾਅਦ ਕੀਤਾ ਜਾ ਸਕਦਾ ਹੈ।