ਛੋਟੇਪੁਰ ਕੋਲ ਪੁੱਜੇ ‘ਆਪ’ ਲੀਡਰ, ਪਾਰਟੀ ‘ਚ ਵਾਪਸੀ ਦੀ ਕੀਤੀ ਅਪੀਲ

AAP Leader, Approached, Chhotepur, Appealed, Return Party

2 ਘੰਟੇ ਦੇ ਲਗਭਗ ਚੱਲੀ ਮੀਟਿੰਗ, ਸੁੱਚਾ ਸਿੰਘ ਛੋਟੇਪੁਰ ਨੂੰ ਮਨਾਉਣ ਦੀ ਕੋਸ਼ਿਸ਼

ਪਹਿਲੀ ਮੀਟਿੰਗ ਵਿੱਚ ਗੱਲਬਾਤ ਰਹੀ ਕਾਫ਼ੀ ਲਾਹੇਵੰਦ, ਦੁਬਾਰਾ ਮੀਟਿੰਗ ਫਿਰ ਕਰਨਗੇ ਆਪ ਲੀਡਰ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ

ਦੋ ਫਾੜ ਹੋਣ ਦੇ ਕਿਨਾਰੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਹੁਣ ਸੁੱਚਾ ਸਿੰਘ ਛੋਟੇਪੁਰ ਦੀ ਯਾਦ ਆ ਗਈ ਹੈ, ਜਿਸ ਕਾਰਨ ਬੀਤੀ ਸ਼ਾਮ ਆਮ ਆਦਮੀ ਪਾਰਟੀ ਦੇ ਅੱਧੀ ਦਰਜਨ ਲੀਡਰਾਂ ਦੀ ਟੀਮ ਸੁੱਚਾ ਸਿੰਘ ਛੋਟੇਪੁਰ ਦੀ ਰਿਹਾਇਸ਼ ‘ਤੇ ਹੀ ਪਹੁੰਚ ਗਈ ਅਤੇ 2 ਘੰਟਿਆਂ ਤੱਕ ਦੀ ਲੰਬੀ ਮੀਟਿੰਗ ਕੀਤੀ ਗਈ ਜਿੱਥੇ ਕਿ ਸੁੱਚਾ ਸਿੰਘ ਛੋਟੇਪੁਰ ਦਾ ਗੁੱਸਾ ਠੰਢਾ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਘਰ ਵਾਪਸੀ ਕਰਨ ਦੀ ਮੰਗ ਕੀਤੀ ਗਈ।

ਜਿਸ ‘ਤੇ ਸੁੱਚਾ ਸਿੰਘ ਛੋਟੇਪੁਰ ਨੇ ਕੁਝ ਸ਼ਰਤਾਂ ਲਗਾਉਂਦੇ ਹੋਏ ਵਾਪਸ ਭੇਜ ਦਿੱਤਾ ਹੈ। ਪਹਿਲੀ ਮੀਟਿੰਗ ਕਾਫ਼ੀ ਹੱਦ ਤੱਕ ਸਫ਼ਲ ਰਹਿਣ ਕਾਰਨ ਖ਼ੁਸ਼ ਨਜ਼ਰ ਆ ਰਹੀ ਆਮ ਆਦਮੀ ਪਾਰਟੀ ਦੀ ਇਹ ਲੀਡਰਾਂ ਦੀ ਟੀਮ ਮੁੜ ਤੋਂ ਸੁੱਚਾ ਸਿੰਘ ਛੋਟੇਪੁਰ ਨਾਲ ਮੀਟਿੰਗ ਕਰੇਗੀ, ਜਿਸ ਵਿੱਚ ਭਗਵੰਤ ਮਾਨ ਦੇ ਸ਼ਾਮਲ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਸੁੱਚਾ ਸਿੰਘ ਛੋਟੇਪੁਰ ‘ਤੇ ਵਰਕਰਾਂ ਤੋਂ ਪੈਸੇ ਲੈਣ ਦਾ ਦੋਸ਼ ਲਗਾਉਂਦੇ ਹੋਏ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ ਨੇ ਆਪਣੀ ਵੱਖਰੀ ਪਾਰਟੀ ਬਣਾਉਂਦੇ ਹੋਏ ਵਿਧਾਨ ਸਭਾ ਚੋਣਾਂ ਵਿੱਚ ਭਾਗ ਵੀ ਲਿਆ ਸੀ ਪਰ ਉਨ੍ਹਾਂ ਨੂੰ ਕੋਈ ਸਫ਼ਲਤਾ ਨਾ ਮਿਲਣ ਕਾਰਨ ਉਨ੍ਹਾਂ ਦੀ ਇਹ ਪਾਰਟੀ ਸਿਰਫ਼ ਕਾਗਜ਼ਾਂ ਤੱਕ ਹੀ ਸਿਮਟ ਕੇ ਰਹਿ ਗਈ ਜਿਸ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ ਵੀ ਸਰਗਰਮ ਸਿਆਸਤ ਤੋਂ ਬਾਹਰ ਚੱਲ ਰਹੇ ਸਨ।

ਸੁਖਪਾਲ ਖਹਿਰਾ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਚਲਾਉਣ ਅਤੇ ਪਾਰਟੀ ਨੂੰ ਦੋ ਫਾੜ ਕਰਨ ਦੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਦੀ ਘਰ ਵਾਪਸੀ ਚਾਹੁੰਦੀ ਹੈ। ਇਸ ਲਈ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ, ਪਾਰਟੀ ਉਪ ਪ੍ਰਧਾਨ ਡਾ. ਬਲਬੀਰ ਸਿੰਘ, ਵਿਧਾਇਕ ਬਲਜਿੰਦਰ ਕੌਰ, ਕਰਮਜੀਤ ਸਿੰਘ ਟਿਵਾਣਾ ਅਤੇ ਮਨਜੀਤ ਬਿੱਟੀ ਨੂੰ ਸੁੱਚਾ ਸਿੰਘ ਛੋਟੇਪੁਰ ਦੇ ਘਰ ਭੇਜਿਆ ਸੀ।

ਇਸ ਮੌਕੇ ਇਨ੍ਹਾਂ ਲੀਡਰਾਂ ਦੀ ਲਗਭਗ 2 ਘੰਟੇ ਮੀਟਿੰਗ ਚੱਲੀ ਅਤੇ ਇਸ ਦੌਰਾਨ ਸੁੱਚਾ ਸਿੰਘ ਛੋਟੇਪੁਰ ਨੇ ਜੰਮ ਕੇ ਆਪਣੀ ਭੜਾਸ ਕੱਢਦੇ ਹੋਏ ਆਪ ਲੀਡਰਾਂ ਨੂੰ ਕਾਫ਼ੀ ਜਿਆਦਾ ਸੁਣਾਇਆ ਜਿੱਥੇ ਕਿ ਆਮ ਆਦਮੀ ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਟੋਕਨ ਦੀ ਥਾਂ ਉਨ੍ਹਾਂ ਦੀਆਂ ਸਾਰੀਆਂ ਸ਼ਿਕਾਇਤਾਂ ਅਤੇ ਗਿਲੇ ਸ਼ਿਕਵੇ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਸਾਰੇ ਗੁੱਸੇ ਗਿਲੇ ਛੱਡਦੇ ਹੋਏ ਪਾਰਟੀ ਵਿੱਚ ਵਾਪਸੀ ਕਰ ਲੈਣ। ਜਿਸ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ ਨੇ ਕੁਝ ਸਮਾਂ ਵਿਚਾਰ ਕਰਨ ਲਈ ਮੰਗਿਆ ਹੈ ਇਸ ਨਾਲ ਹੀ ਆਪਣੀਆਂ ਕੁਝ ਸ਼ਰਤਾਂ ਵੀ ਇਨ੍ਹਾਂ ਲੀਡਰਾਂ ਨੂੰ ਦੱਸ ਦਿੱਤੀਆਂ ਹਨ, ਜਿਨਾਂ ‘ਤੇ ਵਿਚਾਰ ਕਰਨ ਤੋਂ ਬਾਅਦ ਅਗਲੀ ਮੀਟਿੰਗ ਤੈਅ ਹੋਵੇਗੀ।

ਜਨਤਕ ਮੁਆਫ਼ੀ ਮੰਗੇ, ਆਪ ਦੀ ਕੇਂਦਰੀ ਲੀਡਰਸ਼ਿਪ : ਛੋਟੇਪੁਰ

ਸੁੱਚਾ ਸਿੰਘ ਛੋਟੇਪੁਰ ਨੇ ਆਪਣੀਆਂ ਮੰਗਾਂ ਵਿੱਚ ਸਭ ਤੋਂ ਵੱਡੀ ਮੰਗ ਰੱਖੀ ਹੈ ਕਿ ਉਨ੍ਹਾਂ ਨੂੰ ਜਨਤਕ ਤੌਰ ‘ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਕਾਰਨ ਉਨ੍ਹਾਂ ਦਾ ਭਵਿੱਖ ਵੀ ਦਾਅ ‘ਤੇ ਲੱਗ ਗਿਆ ਸੀ, ਇਸ ਲਈ ਉਨ੍ਹਾਂ ਤੋਂ ਪਹਿਲਾਂ ਜਨਤਕ ਤੌਰ ‘ਤੇ ਮੁਆਫ਼ੀ ਮੰਗੀ ਜਾਵੇ ਤਾਂ ਕਿ ਪੰਜਾਬ ਦੀ ਆਮ ਜਨਤਾ ਨੂੰ ਵੀ ਪਤਾ ਲੱਗੇ ਕਿ ਆਖ਼ਰਕਾਰ ਉਨ੍ਹਾਂ ਦੀ ਕੋਈ ਗਲਤੀ ਨਹੀਂ ਸੀ, ਸਗੋਂ ਉਨ੍ਹਾਂ ‘ਤੇ ਗਲਤ ਦੋਸ਼ ਲਗਾਏ ਗਏ ਸਨ। ਇਸ ਨਾਲ ਛੋਟੇਪੁਰ ਦੀਆਂ ਅੱਧੀ ਦਰਜਨ ਹੋਰ ਸ਼ਰਤਾਂ ਹਨ ਜਿਨ੍ਹਾਂ ‘ਤੇ ਪਾਰਟੀ ਵਿਚਾਰ ਕਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।