ਹਰ ਵਿਧਾਇਕ ਨੂੰ ਮਿਲੇਗਾ ਸਵਾ ਲੱਖ ਰੁਪਏ ਵਾਲਾ ਆਈਪੈਡ | Government
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਿਧਾਨ ਸਭਾ ਦੇ 117 ਵਿਧਾਇਕਾਂ ’ਤੇ ਮਿਹਰਬਾਨ ਹੋ ਗਈ ਹੈ। ਇਸ ਕਾਰਨ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਕੈਬਨਿਟ ਮੰਤਰੀ ਤੇ ਸਪੀਕਰ ਤੋਂ ਲੈ ਕੇ ਵਿਰੋਧੀ ਧਿਰ ਦੇ ਲੀਡਰ ਤੇ ਹਰ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਆਈ. ਪੈਡ ਦਾ ਤੋਹਫ਼ਾ ਮਿਲਣ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਕਰੋੜਾ ਰੁਪਏ ਖ਼ਰਚ ਕਰਦੇ ਹੋਏ ਆਈਪੈਡ ਦੀ ਖਰੀਦ ਕੀਤੀ ਗਈ ਹੈ ਤੇ ਇਨ੍ਹਾਂ ਆਈਪੈਡ ਨੂੰ 21 ਸਤੰਬਰ ਨੂੰ ਵਿਧਾਨ ਸਭਾ ਵਿਖੇ ਵੰਡਿਆ ਜਾਏਗਾ। ਜਿਹੜੇ ਵਿਧਾਇਕ ਮੌਕੇ ’ਤੇ ਹਾਜ਼ਰ ਰਹਿਣਗੇ, ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਤੋਹਫ਼ਾ ਦੇ ਦਿੱਤਾ ਜਾਏਗਾ ਤਾਂ ਗੈਰ ਹਾਜ਼ਰ ਰਹਿਣ ਵਾਲੇ ਵਿਧਾਇਕਾਂ ਨੂੰ ਇਹ ਆਈਪੈਡ ਉਨ੍ਹਾਂ ਦੇ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਪੰਜਾਬ ਵਿਧਾਨ ਸਭਾ ਦੇ ਕਰਮਚਾਰੀਆਂ ਦੇ ਸਿਰ ’ਤੇ ਰਹੇਗੀ। (Government)
ਵਿਧਾਨ ਸਭਾ ਵੱਲੋਂ ਖ਼ਰੀਦੇ ਗਏ ਹਨ 117 ਆਈਪੈਡ, ਭਲਕੇ ਹਰ ਵਿਧਾਇਕ ਨੂੰ ਮਿਲੇਗਾ ਤੋਹਫ਼ਾ
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ 21 ਸਤੰਬਰ ਨੂੰ ਵਿਧਾਨ ਸਭਾ ਪੇਪਰ ਲੈਸ ਕੀਤੀ ਜਾ ਰਹੀ ਹੈ। ਇਸ ਲਈ ਵਿਧਾਨ ਸਭਾ ਦੇ ਅੰਦਰ ਹਰ ਵਿਧਾਇਕ ਦੀ ਸੀਟ ’ਤੇ ਆਈਪੈਡ ਲਗਾਇਆ ਗਿਆ ਹੈ ਤਾਂ ਕਿ ਉਹ ਆਪਣੀ ਸੀਟ ’ਤੇ ਬੈਠ ਕੇ ਵਿਧਾਨ ਸਭਾ ’ਚ ਹੋਣ ਵਾਲੇ ਕੰਮ ਨੂੰ ਕਰਦੇ ਹੋਏ ਉਸ ’ਚ ਸ਼ਾਮਲ ਹੋ ਸਕੇ। ਵਿਧਾਨ ਸਭਾ ’ਚ ਬੈਠ ਕੇ ਤਾਂ ਵਿਧਾਇਕ ਆਈਪੈਡ ’ਤੇ ਕੰਮ ਕਰ ਸਕਣਗੇ ਪਰ ਵਿਧਾਨ ਸਭਾ ਤੋਂ ਬਾਹਰ ਕਿਵੇਂ ਕੰਮ ਕਰਨਗੇ?
ਇਸ ਸਵਾਲ ਦੇ ਨਾਲ ਹੀ ਇਹ ਫੈਸਲਾ ਕਰ ਲਿਆ ਗਿਆ ਕਿ ਹਰ ਵਿਧਾਇਕ ਨੂੰ ਨਵਾਂ ਆਈਪੈਡ ਖਰੀਦ ਕੇ ਦਿੱਤਾ ਜਾਵੇ ਤਾਂ ਕਿ ਵਿਧਾਨ ਸਭਾ ਤੋਂ ਬਾਹਰ ਹੋਣ ਦੇ ਬਾਵਜੂਦ ਵੀ ਵਿਧਾਨ ਸਭਾ ਦਾ ਹਰ ਕੰਮਕਾਜ ਡਿਜੀਟਲ ਤਰੀਕੇ ਨਾਲ ਕੰਮ ਵਿੱਚ ਕਿਸੇ ਵੀ ਵਿਧਾਇਕ ਨੂੰ ਦਿੱਕਤ ਨਾ ਆਵੇ। ਇਸ ਦੇ ਨਾਲ ਹੀ ਵਿਧਾਨ ਸਭਾ ਨੂੰ ਹਰ ਵਿਧਾਇਕ ਵਲੋਂ ਮਿਲਣ ਵਾਲੇ ਸਵਾਲ ਤੇ ਹਰ ਤਰ੍ਹਾਂ ਦੇ ਨੋਟਿਸ ਡਿਜੀਟਲ ਤਰੀਕੇ ਨਾਲ ਹੀ ਮਿਲਣ। ਇਸ ਕਾਰਨ ਹੀ ਕਰੋੜਾਂ ਰੁਪਏ ਖ਼ਰਚ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਹਰ ਵਿਧਾਇਕ ਨੂੰ ਆਈਪੈਡ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਖਰੀਦ ਕੀਤੇ ਗਏ ਆਈਪੈਡ ਦੀ ਡਿਲੀਵਰੀ ਵੀ ਪੰਜਾਬ ਵਿਧਾਨ ਸਭਾ ’ਚ ਪੁੱਜ ਗਈ ਹੈ ਤੇ ਇਸ ਦੇ ਵੰਡ ਦਾ ਅਮਲ ਬੁੱਧਵਾਰ 21 ਸਤੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵਿਧਾਨ ਸਭਾ ਨੂੰ ਡਿਜੀਟਲ ਕਰਨ ਦਾ ਉਦਘਾਟਨ ਕਰ ਦੇਣਗੇ ਤਾਂ ਤੁਰੰਤ ਉਸ ਤੋਂ ਬਾਅਦ ਹਰ ਵਿਧਾਇਕ ਨੂੰ ਇਹ ਆਈਪੈਡ ਦੇ ਦਿੱਤਾ ਜਾਏਗਾ। ਦਸ ਮੁਲਾਜ਼ਮ ਕਰਨਗੇ ਵਿਧਾਇਕਾਂ ਦੀ ਮੱਦਦ ਆਈਪੈਡ ਚਲਾਉਣ ਦੀ ਟ੍ਰੇਨਿੰਗ ਦੇਣ ਲਈ ਵਿਧਾਨ ਸਭਾ ਵੀ ਵਿਧਾਨ ਸਭਾ ਵੱਲੋਂ ਇੰਤਜ਼ਾਮ ਕੀਤਾ ਗਿਆ ਹੈ। ਇਸ ਲਈ 10 ਕਰਮਚਾਰੀਆਂ ਦੀ ਟੀਮ ਹਰ ਸਮੇਂ ਵਿਧਾਨ ਸਭਾ ’ਚ ਰਹੇਗੀ, ਜਿਹੜੀ ਕਿ ਵਿਧਾਇਕਾਂ ਨੂੰ ਆਉਣ ਵਾਲੀ ਪਰੇਸ਼ਾਨੀ ਦਾ ਮੌਕੇ ’ਤੇ ਹੀ ਹਲ਼ ਕੱਢੇਗੀ।