ਪ੍ਰੀਤ ਜੈਨ ਸੀਨੀਅਰ ਮੀਤ ਪ੍ਰਧਾਨ ਅਤੇ ਕ੍ਰਿਸ਼ਨ ਲਾਲ ਮੀਤ ਪ੍ਰਧਾਨ ਚੁਣੇ
Sangrur Municipal Council: (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਸੰਗਰੂਰ ਨਗਰ ਕੌਂਸਲ ’ਤੇ ਵੀ ਆਮ ਆਦਮੀ ਪਾਰਟੀ (ਆਪ) ਆਪਣਾ ਪ੍ਰਧਾਨ ਬਣਾਉਣ ਵਿੱਚ ਕਾਮਯਾਬ ਹੋ ਗਈ। ਇੱਥੇ ਵੀ ਪਾਰਟੀ ਨੇ ਆਪਣਾ ਪ੍ਰਧਾਨ ਨਿਯੁਕਤ ਕੀਤਾ ਹੈ। ਸ਼ਨਿੱਚਰਵਾਰ ਨੂੰ ‘ਆਪ’ ਕੌਂਸਲਰ ਭੁਪਿੰਦਰ ਸਿੰਘ ਨੂੰ ਪੂਰਨ ਬਹੁਮਤ ਨਾਲ ਪ੍ਰਧਾਨ, ਪ੍ਰੀਤ ਜੈਨ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਕ੍ਰਿਸ਼ਨ ਲਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਆਪ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਦਿੱਤੀ ਵਧਾਈ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਤਿੰਨਾਂ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮਾਨ ਸਰਕਾਰ ਸੰਗਰੂਰ ਦੇ ਵਿਕਾਸ ਲਈ ਵਚਨਬੱਧ ਹੈ। ਸਾਡੇ ਪ੍ਰਧਾਨ, ਮੀਤ ਪ੍ਰਧਾਨ ਸਮੇਤ ਸਾਰੇ ਕੌਂਸਲਰ ਸੰਗਰੂਰ ਦੇ ਵਿਕਾਸ ਲਈ ਦਿਨ ਰਾਤ ਕੰਮ ਕਰਨਗੇ ਅਤੇ ਸਥਾਨਕ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ।
ਇਹ ਵੀ ਪੜ੍ਹੋ: Punjab BJP: ਭਾਜਪਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਦਿੱਤਾ ਅਸਤੀਫਾ
ਅਰੋੜਾ ਨੇ ਕਿਹਾ ਕਿ ਨਗਰ ਕੌਂਸਲ ਸੰਗਰੂਰ ਦੀ ਨਵੀਂ ਲੀਡਰਸ਼ਿਪ ਰਾਹੀਂ ਇਲਾਕੇ ਵਿੱਚ ਵਿਕਾਸ ਕਾਰਜਾਂ ਨੂੰ ਗਤੀ ਮਿਲੇਗੀ ਅਤੇ ਸਰਕਾਰ ਵੱਲੋਂ ਭਰਪੂਰ ਵਿੱਤੀ ਅਤੇ ਹੋਰ ਸਹਾਇਤਾ ਵੀ ਦਿੱਤੀ ਜਾਵੇਗੀ ਤਾਂ ਜੋ ਵਿਕਾਸ ਕਾਰਜਾਂ ਵਿੱਚ ਕੋਈ ਮੁਸ਼ਕਲ ਨਾ ਆਵੇ। ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਦੀ ਮਜ਼ਬੂਤ ਮੌਜੂਦਗੀ ਨੇ ਇੱਕ ਵਾਰ ਫਿਰ ਸੰਗਰੂਰ ਜ਼ਿਲ੍ਹੇ ਵਿੱਚ ਪਾਰਟੀ ਪ੍ਰਤੀ ਵਧ ਰਹੇ ਜਨਤਕ ਸਮਰਥਨ ਨੂੰ ਸਾਬਤ ਕਰ ਦਿੱਤਾ ਹੈ। ਇਸ ਨਾਲ ਸਥਾਨਕ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਮਨੋਬਲ ਵੀ ਵਧੇਗਾ ਅਤੇ ਇਸ ਦੇ ਫਾਇਦੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦੇਖਣ ਨੂੰ ਮਿਲਣਗੇ। ਇਸ ਮੌਕੇ ਬੀਬੀ ਨਰਿੰਦਰ ਕੌਰ ਭਰਾਜ ਵੀ ਨਾਲ ਸਨ। Sangrur Municipal Council
ਕਾਂਗਰਸ ਨੇ ਲਾਏ ਧੱਕੇਸ਼ਾਹੀ ਦੇ ਦੋਸ਼
ਮੀਟਿੰਗ ਦੌਰਾਨ ਵਾਕਆਊਟ ਕਰਕੇ ਬਾਹਰ ਆਏ ਨਗਰ ਕੌਂਸਲ ਦੇ 9 ਕੌਂਸਲਰਾਂ ਨੱਥੂ ਲਾਲ ਢੀਂਗਰਾ, ਮਨੀ ਕਥੂਰੀਆ, ਬਲਵੀਰ ਕੌਰ ਸੈਣੀ, ਸੁਰਿੰਦਰ ਸਿੰਘ ਭਿੰਡਰ, ਅੰਜੂ ਸ਼ਰਮਾ, ਸੀਮਾ ਚਾਵਲਾ, ਜੋਤੀ ਗਾਬਾ, ਦੀਪਕ ਗੋਇਲ, ਹਿਮਾਂਸ਼ੂ, ਅਜਾਦ ਕੌਂਸਲਰ ਸਤਿੰਦਰ ਸੈਣੀ ਨੇ ਦੋਸ਼ ਲਾਇਆ ਕਿ ਨਗਰ ਕੌਸਲ ਪ੍ਰਧਾਨ ਸਮੇਤ ਹੋਰਨਾਂ ਅਹੁਦੇਦਾਰਾਂ ਦੀ ਚੋਣ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸਰਾਸਰ ਧੱਕੇਸ਼ਾਹੀ ਕੀਤੀ ਹੈ।
ਨਿਯਮਾਂ ਨੂੰ ਛਿੱਕੇ ਟੰਗਕੇ ਮੀਤ ਪ੍ਰਧਾਨ ਥੋਪਿਆ ਗਿਆ ਹੈ। ਉਨ੍ਹਾਂ ਨਗਰ ਕੌਂਸਲ ਦਫਤਰ ਅੱਗੇ ਆਮ ਆਦਮੀ ਪਾਰਟੀ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਦੂਸਰੇ ਰਨਰਅਪ ਨੂੰ ਮੀਤ ਪ੍ਰਧਾਨ ਦਾ ਅਹੁਦਾ ਦੇਣਾ ਚਾਹੀਦਾ ਸੀ, ਜੋ ਹਮੇਸ਼ਾ ਵਿਰੋਧੀ ਧਿਰ ਦਾ ਬਣਦਾ ਹੈ ਪ੍ਰੰਤੂ ਆਮ ਆਦਮੀ ਪਾਰਟੀ ਨੇ ਤਿੰਨੋਂ ਅਹੁਦਿਆਂ ’ਤੇ ਆਪਣਿਆਂ ਨੂੰ ਹੀ ਨਿਯੁਕਤ ਕਰਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ ਜਿਸਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਹੀ ਕੀਤਾ ਜਾਵੇਗਾ। ਇਸਦੇ ਲਈ ਉਹ ਅਦਾਲਤ ਦਾ ਦਰਵਾਜਾ ਖੜਕਾਉਣਗੇ।