ਦੇਸ਼ ਅਤੇ ਲੋਕਾਂ ਲਈ ਵਰਦਾਨ ਬਣੇ ਕੇਜਰੀਵਾਲ ਮਾਡਲ ਨੂੰ ਪੰਜਾਬ ‘ਚ ਹਰ ਘਰ ਤੱਕ ਪਹੁੰਚਾਏਗੀ ‘ਆਪ’
ਜਾਤੀ-ਧਰਮ ਦੀ ਰਾਜਨੀਤੀ ਤੋਂ ਪਰੇਸ਼ਾਨ ਹੋ ਚੁੱਕੀ ਜਨਤਾ ਨੂੰ ‘ਆਪ’ ਨੇ ਕੀਤੀ ਦੇਸ਼ ਨਿਰਮਾਣ ਨਾਲ ਜੁੜਨ ਦੀ ਅਪੀਲ
ਚੰਡੀਗੜ,(ਅਸ਼ਵਨੀ ਚਾਵਲਾ)। ਦਿੱਲੀ ਵਿਧਾਨ ਸਭਾ ਚੋਣ ਵਿੱਚ ਇਤਿਹਾਸਿਕ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ (AAP) ਹੁਣ ਦੇਸ਼ ਨਿਰਮਾਣ ਮੁਹਿੰਮ ਦੇ ਤਹਿਤ ਕੰਮ ਦੀ ਰਾਜਨੀਤੀ ਨੂੰ ਦੇਸ਼ ਦੇ ਹਰ ਘਰ ਤੱਕ ਲੈ ਕੇ ਜਾਵੇਗੀ । ਪੰਜਾਬ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ (Bhagwant Mann) ਨੇ ਬੁੱਧਵਾਰ 19 ਫਰਵਰੀ ਨੂੰ ਰਸਮੀ ਤੌਰ ‘ਤੇ ਕੀਤੀ, ਜੋ 23 ਮਾਰਚ ਤੱਕ ਚੱਲੇਗੀ।
ਇਸ ਮੌਕੇ ਉਨਾਂ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਪਾਰਟੀ ਦੀ ਮੁੱਖ ਬੁਲਾਰਾ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਸਿਆਸੀ ਰਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਸਟੇਟ ਮੀਡੀਆ ਹੈਡ ਮਨਜੀਤ ਸਿੰਘ ਸਿੱਧੂ ਅਤੇ ਸੂਬਾ ਸੰਗਠਨ ਇੰਚਾਰਜ ਗੈਰੀ ਬੜਿੰਗ ਮੌਜੂਦ ਸਨ।
ਭਗਵੰਤ ਮਾਨ ਨੇ ਦੱਸਿਆ ਕਿ ਇਸ ਦੇ ਤਹਿਤ ਪਾਰਟੀ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਪੰਜਾਬ ਦੇ ਘਰ-ਘਰ ਪਹੁੰਚਾਏਗੀ, ਨਾਲ ਹੀ ਲੋਕਾਂ ਨੂੰ ਕੰਮ ਦੀ ਰਾਜਨੀਤੀ ਨਾਲ ਜੁੜਨ ਦਾ ਐਲਾਨ ਕੀਤਾ ਜਾਵੇਗਾ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 11 ਫਰਵਰੀ ਨੂੰ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਦੀ ਜ਼ਬਰਦਸਤ ਵਾਪਸੀ ਤੋਂ ਬਾਅਦ ਇਸ ਰਾਸ਼ਟਰ ਨਿਰਮਾਣ ਮੁਹਿੰਮ ਨੂੰ ਰਾਸ਼ਟਰੀ ਪੱਧਰ ਉੱਤੇ ਲਾਂਚ ਕੀਤਾ ਸੀ। ਜਿਸ ਦੇ ਤਹਿਤ ਮੋਬਾਈਲ ਨੰਬਰ 9871010101 ਜਾਰੀ ਕੀਤਾ ਗਿਆ।
ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਕੀਤੇ ਗਏ ਕੰਮ ਦੀ ਰਾਜਨੀਤੀ ਦੀ ਲੋਕਾਂ ਨੇ ਖ਼ੂਬ ਪ੍ਰਸ਼ੰਸਾ ਕੀਤੀ। ਇਸ ਦੇ ਪਿੱਛੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਕੂਲ, ਹਸਪਤਾਲ, ਪਾਣੀ, ਬਿਜਲੀ, ਮਹਿਲਾ ਸੁਰੱਖਿਆ ਅਤੇ ਵਿਅਕਤੀ ਸਰੋਕਾਰ ਨਾਲ ਜੁੜੇ ਮਸਲਿਆਂ ਸਮੇਤ ਸਾਰੇ ਖੇਤਰਾਂ ਵਿੱਚ ਕੀਤਾ ਗਿਆ ਬਦਲਾਅ ਵੱਡੀ ਵਜਾ ਰਹੀ। ਅੱਜ ਦੇਸ਼ ਦੇ ਕਈ ਰਾਜਾਂ ਵਿੱਚ ਦਿੱਲੀ ਸਰਕਾਰ ਦੇ ਵਿਕਾਸ ਮਾਡਲ ਨੂੰ ਅਪਣਾਇਆ ਜਾ ਰਿਹਾ ਹੈ।
ਸਿੱਧੂ ਨੂੰ ਪਾਇਆ ਮੁੜ ‘ਚੋਗਾ’, ਦੱਸਿਆ ਇਮਾਨਦਾਰ ਤੇ ਚੰਗਾ ਸਿਆਸੀ ਲੀਡਰ
ਭਗਵੰਤ ਮਾਨ ਵਲੋਂ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ਤੋਂ ਨਰਾਜ਼ ਚਲ ਰਹੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਨੂੰ ਮੁੜ ‘ਚੋਗਾ’ ਪਾਉਂਦੇ ਹੋਏ ਕਿਹਾ ਕਿ ਉਹ ਇੱਕ ਚੰਗੇ ਇਨਸਾਨ ਦੇ ਨਾਲ ਹੀ ਇਮਾਨਦਾਰ ਸਿਆਸੀ ਲੀਡਰ ਵੀ ਹਨ। ਭਗਵੰਤ ਮਾਨ ਨੇ ਸਿੱਧੇ ਤੌਰ ‘ਤੇ ਨਵਜੋਤ ਸਿੱਧੂ ਨੂੰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਤਾਂ ਕੁਝ ਨਹੀਂ ਕਿਹਾ ਪਰ ਇਸ਼ਾਰੇ ਇਸ਼ਾਰੇ ਵਿੱਚ ਨਵਜੋਤ ਸਿੱਧੂ ਨੂੰ ਚੋਗਾ ਪਾਉਂਦੇ ਹੋਏ ਨਜ਼ਰ ਆਏ। ਭਗਵੰਤ ਮਾਨ ਭਵਿੱਖ ਵਿੱਚ ਕਿਸੇ ਪਾਰਟੀ ਨਾਲ ਗਠਜੋੜ ਕਰਨ ਸਬੰਧੀ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।