ਪੋਸਟਲ ਵੋਟਿੰਗ ਦੌਰਾਨ ਆਮ ਆਦਮੀ ਪਾਰਟੀ ਬਣੀ ਵੋਟਰਾਂ ਦੀ ਪਹਿਲੀ ਪਸੰਦ

Aam Aadmi Party

ਕੁੱਲ 97400 ਦੇ ਕਰੀਬ ਭੁਗਤੀਆਂ ਪੋਸਟਲ ਵੋਟਾਂ ’ਚੋਂ ਆਪ (Aam Aadmi Party) ਨੂੰ ਮਿਲੀਆਂ 50 ਹਜਾਰ ਦੇ ਕਰੀਬ ਵੋਟਾਂ

(ਤਰੁਣ ਕੁਮਾਰ ਸ਼ਰਮਾ) ਨਾਭਾ। 16ਵੀਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ (Aam Aadmi Party ) ਸਾਧਾਰਨ ਵੋਟਰਾਂ ਦੇ ਬੇਮਿਸਾਲ ਸਮੱਰਥਨ ਨੂੰ ਹਾਸਲ ਕਰਨ ਸਮੇਤ ਪੋਸਟਲ ਬੈਲਟ ਵੋਟਰਾਂ ਦੀ ਪਹਿਲੀ ਪਸੰਦ ਬਣ ਕੇ ਉਭਰੀ ਹੈ। 20 ਫਰਵਰੀ ਨੂੰ ਆਈ ਆਪ ਦੀ ਸੁਨਾਮੀ ਦਾ ਸਿੱਧਾ ਅਸਰ ਪੋਸਟਲ ਬੈਲਟ ਵੋਟਰਾਂ ’ਤੇ ਵੀ ਪਿਆ ਨਜ਼ਰ ਆਇਆ। ਪੋਸਟਲ ਵੋਟਰਾਂ ਨੇ ਆਪਣੇ ਸੂਬਾ ਵਾਸੀ ਭਰਾਵਾਂ ਵਾਗ ਆਪ ਦੇ ਚੋਣ ਉਮੀਦਵਾਰਾਂ ਮੁਕਾਬਲੇ ਕਾਂਗਰਸ, ਭਾਜਪਾ ਅਤੇ ਅਕਾਲੀ ਸਮੇਤ ਵਿਰੋਧੀ ਧਿਰਾਂ ਦੇ ਪੈਰ ਨਾ ਲੱਗਣ ਦਿੱਤੇ।

ਜਾਣਕਾਰੀ ਅਨੁਸਾਰ ਪੂਰੇ ਸੂਬੇ ’ਚ ਕੁੱਲ 97400 ਦੇ ਲਗਭਗ ਪੋਸਟਲ ਬੈਲਟ ਵੋਟਾਂ ਭੁਗਤੀਆਂ। ਇਨ੍ਹਾਂ ਵੋਟਰਾਂ ’ਚ ਚੋਣ ਡਿਊਟੀਆਂ ਨਿਭਾਉਣ ਵਾਲੇ ਮੁਲਾਜਮਾਂ ਨਾਲ 80 ਸਾਲ ਤੋਂ ਉਪਰ ਦੇ ਬਜ਼ੁਰਗਾਂ ਸਮੇਤ ਕੋਵਿਡ ਬੀਮਾਰੀ ਨਾਲ ਪੀੜਤ ਮਰੀਜ਼ ਸ਼ਾਮਲ ਰਹੇ ਜਿਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ਪੋਸਟਲ ਤਰੀਕੇ ਨਾਲ ਵੋਟਿੰਗ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਸੀ। ਪੋਸਟਲ ਬੈਲਟਾਂ ਦੇ ਨਤੀਜਿਆਂ ਅਨੁਸਾਰ ਪੰਜਾਬ ਦੀ ਸਿਆਸਤ ਦੇ ਕਈ ਦਿੱਗਜਾਂ ਨੂੰ ਪੋਸਟਲ ਵੋਟਰਾਂ ਨੇ ਅੱਖੋ-ਪਰੋਖੇ ਕਰ ਦਿੱਤਾ ਜਿਨ੍ਹਾਂ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਸ਼ਾਮਲ ਹਨ।

ਹਲਕਾ ਭਦੌੜ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੀਆਂ 115 ਵੋਟਾਂ ਮੁਕਾਬਲੇ ਜੇਤੂ ਆਪ ਵਿਧਾਇਕ ਲਾਭ ਸਿੰਘ ਉਗੋਕੇ ਨੂੰ 453 ਵੋਟਾਂ ਮਿਲੀਆਂ। ਪਟਿਆਲਾ ਸ਼ਹਿਰੀ ਤੋਂ ਪੀਐਲਸੀ ਦੇ ਕੈਪਟਨ ਅਮਰਿੰਦਰ ਸਿੰਘ ਨੂੰ 76 ਵੋਟਾਂ ਮੁਕਾਬਲੇ ਆਪ ਜੇਤੂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ 400 ਦੇ ਕਰੀਬ ਵੋਟਾਂ ਮਿਲੀਆਂ। ਬਠਿੰਡਾ ਸ਼ਹਿਰੀ ਤੋਂ ਜੇਤੂ ਆਪ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਮਿਲੀਆਂ 1548 ਵੋਟਾਂ ਮੁਕਾਬਲੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ 286 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਪਾਰਟੀਆਂ ਨੂੰ ਪਈਆਂ ਪੋਸਟਲ ਵੋਟਾਂ ਦੀ ਪ੍ਰਤਿਸ਼ਤਤਾ ’ਚ ਦੂਜੀਆਂ ਛੋਟੀਆਂ ਸਿਆਸੀ ਪਾਰਟੀਆਂ ਤੋਂ ਬਾਅਦ ਭਾਜਪਾ-ਪੀਐਲਸੀ ਗਠਜੋੜ ਨੇ ਸਭ ਤੋਂ ਘੱਟ ਪੋਸਟਲ ਵੋਟਿੰਗ ਹਾਸਲ ਕੀਤੀ।

ਆਪ ਨੂੰ ਮਿਲੀਆਂ 50 ਹਜ਼ਾਰ ਦੇ ਕਰੀਬ ਵੋਟਾਂ

ਕਾਂਗਰਸ ਅਤੇ ਅਕਾਲੀ ਦਲ ਨੇ ਦੂਜੇ ਅਤੇ ਤੀਜੇ ਸਥਾਨ ਦੀ ਦੌੜ ਦੇਖੀ ਜਦਕਿ ਆਪ ਦੀ ਸੁਨਾਮੀ ਪੋਸਟਲ ਬੈਲਟ ਵੋਟਿੰਗ ਦੌਰਾਨ ਵੀ ਜਾਰੀ ਰਹੀ। ਭੁਗਤੀਆਂ ਕੁੱਲ 97400 ਦੇ ਕਰੀਬ ਪੋਸਟਲ ਵੋਟਾਂ ’ਚੋਂ ਆਪ ਨੂੰ 50 ਹਜਾਰ ਦੇ ਕਰੀਬ, ਕਾਂਗਰਸ ਨੂੰ 17 ਹਜਾਰ ਦੇ ਕਰੀਬ, ਅਕਾਲੀਆਂ ਨੂੰ 16 ਹਜਾਰ ਦੇ ਕਰੀਬ, ਭਾਜਪਾ-ਪੀਐਲਸੀ ਗਠਜੋੜ ਨੂੰ 10 ਹਜਾਰ ਦੇ ਕਰੀਬ ਵੋਟਾਂ ਪ੍ਰਾਪਤ ਹੋਈਆਂ। ਇਸ ਤਰ੍ਹਾਂ ਆਪ ਨੂੰ 50 ਫੀਸਦੀ ਤੋਂ ਵੱਧ, ਕਾਂਗਰਸ ਨੂੰ 17 ਫੀਸਦੀ ਤੋਂ ਵੱਧ, ਅਕਾਲੀਆਂ ਨੂੰ 16 ਫੀਸਦੀ ਤੋਂ ਵੱਧ, ਪੀਐਲਸੀ-ਭਾਜਪਾ ਗਠਜੋੜ ਨੂੰ 10 ਫੀਸਦੀ ਅਤੇ ਬਾਕੀ ਉਮੀਦਵਾਰਾਂ ਨੂੰ 05 ਫੀਸਦੀ ਤੋਂ ਵੱਧ ਪੋਸਟਲ ਬੈਲਟ ਵੋਟਾਂ ਪ੍ਰਾਪਤ ਹੋਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ