ਮਲਬੇ ’ਚ ਦਬੇ 25 ਮਜ਼ਦੂਰ, ਚਾਰ ਦੀ ਮੌਤ
ਕਰਨਾਲ। ਹਰਿਆਣਾ ਦੇ ਕਰਨਾਲ ਵਿੱਚ ਰਾਈਸ ਮਿੱਲ ਦੀ ਤਿੰਨ ਮੰਜਲਾ ਇਮਾਰਤ ਮੰਗਲਵਾਰ ਤੜਕੇ 3:30 ਵਜੇ ਡਿੱਗ ਗਈ। ਹਾਦਸੇ ਵਿੱਚ 4 ਮਜਦੂਰਾਂ ਦੀ ਮੌਤ ਹੋ ਗਈ। 18 ਜਖਮੀ ਹਨ। 20 ਤੋਂ 25 ਮਜ਼ਦੂਰ ਮਲਬੇ ਹੇਠਾਂ ਦੱਬੇ ਗਏ ਹਨ। ਮੌਕੇ ’ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ 120 ਮਜ਼ਦੂਰਾਂ ਨੇ ਖਿੜਕੀਆਂ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਤਰਾਵੜੀ ਵਿੱਚ ਸ਼ਿਤਵ ਸ਼ਕਤੀ ਰਾਈਸ ਮਿੱਲ ਦੀ ਇਸ ਇਮਾਰਤ ਵਿੱਚ ਕਰੀਬ 200 ਮਜ਼ਦੂਰ ਰਹਿੰਦੇ ਸਨ। ਉਨ੍ਹਾਂ ਵਿਚੋਂ ਕੁਝ ਰਾਤ ਨੂੰ ਕੰਮ ’ਤੇ ਗਏ ਹੋਏ ਸਨ। ਬਾਕੀ ਇਮਾਰਤ ਵਿੱਚ ਸੌਂ ਰਹੇ ਸਨ। ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਤਾਂ ਤੁਰੰਤ ਹੀ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਬਚਾਅ ਕਾਰਜਾਂ ‘ਚ ਜੁਟ ਗਏ।
5 ਘੰਟੇ ਤੋਂ ਕਾਰਵਾਈ ਜਾਰੀ, ਮਲਬਾ ਹਟਾਉਣ ’ਚ ਪੂਰਾ ਦਿਨ ਲੱਗੇਗਾ | Karnal News
ਕਰਨਾਲ ਦੇ ਐੱਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ, ਐੱਨਡੀਆਰਐਫ਼ ਅਤੇ ਐੱਸਡੀਆਰਐਫ਼ ਦੀਆਂ ਟੀਮਾਂ 5 ਘੰਟੇ ਤੋਂ ਬਚਾਅ ’ਚ ਲੱਗੀਆਂ ਹੋਈਆਂ ਹਨ। ਮਲਬਾ ਹਟਾਉਣ ਵਿੱਚ ਪੂਰਾ ਦਿਨ ਲੱਗੇਗਾ। ਰਾਈਸ ਮਿੱਲ ਦੀ ਇਮਾਰਤ ਸੁਰੱਖਿਅਤ ਨਹੀਂ ਸੀ। ਇਸ ਦੀ ਜਾਂਚ ਕੀਤੀ ਜਾਵੇਗੀ। ਮਾਲਕ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਹੈ। 3 ਮੰਜਲਾ ਇਮਾਰਤ ਦੀ ਪਹਿਲੀ ਮੰਜਲ ’ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਲੇਬਰ ਠੇਕੇਦਾਰ ਤੋਂ ਸੂਚੀ ਲੈ ਲਈ ਗਈ ਹੈ। ਇਸ ਦੇ ਆਧਾਰ ’ਤੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਦਸੇ ਵਿੱਚ ਮਰਨ ਵਾਲਿਆਂ ਦੇ ਨਾਮ ਸੰਜੇ ਕੁਮਾਰ, ਪੰਕਜ ਕੁਮਾਰ, ਅਵਧੇਸ ਅਤੇ ਚੰਦਨ ਹਨ।