ਬਾਲ ਮੈਗਜ਼ੀਨਾਂ ਰਾਹੀਂ ਸਾਹਿਤਕ ਰੁਚੀਆਂ ਟੁੰਬਣ ਦਾ ਉਪਰਾਲਾ

Tactical, Literary, Interests, ChildMagazines

ਬਿੰਦਰ ਸਿੰਘ ਖੁੱਡੀ ਕਲਾਂ

ਇਨਸਾਨ ਦੇ ਸਭ ਤੋਂ ਵਧੀਆ ਮਾਰਗ-ਦਰਸ਼ਕ ਤੇ ਸਭ ਤੋਂ ਚੰਗੇ ਮਿੱਤਰ ਦੀ ਗੱਲ ਕਰਦਿਆਂ ਪੁਸਤਕ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ। ਬਿਨਾਂ ਬੋਲੇ ਜਿੰਦਗੀ ਦੀਆਂ ਤਲਖ ਹਕੀਕਤਾਂ ਦੇ ਰੂਬਰੂ ਕਰਕੇ ਇਨਸਾਨ ਨੂੰ ਸਫਲ ਜਿੰਦਗੀ ਵੱਲ ਤੋਰਨ ਦੀ ਸਮਰੱਥਾ ਸਿਰਫ ਤੇ ਸਿਰਫ ਇੱਕ ਪੁਸਤਕ ਵਿੱਚ ਹੁੰਦੀ ਹੈ। ਜਿੰਦਗੀ ‘ਚ ਹਰ ਪਾਸਿਉਂ ਹਾਰ ਮੰਨ ਚੁੱਕੇ ਇਨਸਾਨ ਨੂੰ ਜਿੱਤ ਦੇ ਮਾਰਗ ਵਿਖਾ ਸਕਣ ਦੀ ਸਮਰੱਥਾ ਵੀ ਸਿਰਫ ਤੇ ਸਿਰਫ ਇੱਕ ਪੁਸਤਕ ਵਿੱਚ ਹੀ ਹੁੰਦੀ ਹੈ। ਸਫਲ ਜਿੰਦਗੀ ਜੀਅ ਕੇ ਤੁਰ ਗਏ ਇਨਸਾਨਾਂ ਦੇ ਸਫਲ ਜਿੰਦਗੀ ਦੇ ਗੁਰ ਸਿਰਫ ਪੁਸਤਕ ਕੋਲ ਹੀ ਸੰਭਾਲੇ ਹੁੰਦੇ ਹਨ। ਪੁਸਤਕਾਂ ਸੰਗ ਤੁਰਨ ਵਾਲਾ ਇਨਸਾਨ ਅਜਿਹੇ ਗੁਰ ਸਮਝਣ ਵਿੱਚ ਕਾਮਯਾਬ ਹੋ ਜਾਂਦਾ ਹੈ ਜਦਕਿ ਪੁਸਤਕ ਸੱਭਿਆਚਾਰ ਤੋਂ ਦੂਰ ਇਨਸਾਨ ਅਜਿਹੇ ਕੀਮਤੀ ਖਜਾਨੇ ਤੋਂ ਵਾਂਝਾ ਹੀ ਰਹਿੰਦਾ ਹੈ।

ਇਤਿਹਾਸ ਗਵਾਹ ਹੈ ਕਿ ਪੁਸਤਕ ਸੱਭਿਆਚਾਰ ਨੂੰ ਪ੍ਰਣਾਈਆਂ ਕੌਮਾਂ ਨੇ ਤਰੱਕੀ ਅਤੇ ਖੁਸ਼ਹਾਲੀ ਦੀਆਂ ਮੰਜਿਲਾਂ ਸਰ ਕੀਤੀਆਂ ਹਨ। ਪੁਸਤਕ ਸੱਭਿਆਚਾਰ ਨੂੰ ਪ੍ਰਣਾਇਆ ਇਨਸਾਨ ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖ ਜਾਂਦਾ ਹੈ। ਜਿੰਦਗੀ ਦੀਆਂ ਸਮੱਸਿਆਵਾਂ ਤੇ ਪ੍ਰੇਸ਼ਾਨੀਆਂ ਉਸ ਨੂੰ ਹਰਾ ਨਹੀਂ ਸਕਦੀਆਂ।

ਪੁਸਤਕ ਸੱਭਿਆਚਾਰ ਦੀ ਅਹਿਮੀਅਤ ਨੂੰ ਸਮਝਦਿਆਂ ਅੰਤਰਰਾਸ਼ਟਰੀ ਸੰਸਥਾ ਯੂਨੈਸਕੋ ਵੱਲੋਂ 1995 ਤੋਂ ਹਰ ਵਰ੍ਹੇ 23 ਅਪਰੈਲ ਨੂੰ ਵਿਸ਼ਵ ਪੁਸਤਕ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਵਿਸ਼ਵ ਭਰ ‘ਚ ਪੁਸਤਕ ਦੀ ਅਹਿਮੀਅਤ ਦਰਸਾਉਂਦੇ ਸੈਮੀਨਾਰਾਂ ਜਰੀਏ ਪੁਸਤਕ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

ਸਕੂਲ ਸਿੱਖਿਆ ਵਿਭਾਗ ਦੇ ਪ੍ਰਸੰਸਾਯੋਗ ਫੈਸਲਿਆਂ ਵਿੱਚੋਂ ਇੱਕ ਹੈ, ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਦਾ ਉਪਰਾਲਾ। ਪ੍ਰਾਇਮਰੀ ਪੱਧਰ ਤੋਂ ਹੀ ਸ਼ੁਰੂ ਕੀਤੀ ਇਹ ਕੋਸ਼ਿਸ਼ ਹੋਰ ਵੀ ਕਾਬਲੇਤਾਰੀਫ ਬਣ ਜਾਂਦੀ ਹੈ, ਕਿਉਂਕਿ ਛੋਟੀ ਉਮਰੇ ਲੱਗੀ ਸਾਹਿਤ ਦੀ ਚੇਟਕ ਜਿੰਦਗੀ ਭਰ ਲਈ ਸਦੀਵੀ ਹੋ ਜਾਂਦੀ ਹੈ। ਸਾਹਿਤ ਦੇ ਲੜ ਲੱਗਾ ਵਿਦਿਆਰਥੀ ਪੁਸਤਕਾਂ ਦਾ ਸਾਥ ਮਾਨਣ ਦਾ ਆਦੀ ਹੋ ਜਾਂਦਾ ਹੈ ਤੇ ਪੁਸਤਕਾਂ ਦਾ ਸਾਥ ਮਾਨਣ ਦਾ ਆਦੀ ਹੋਇਆ ਇਨਸਾਨ ਜਿੰਦਗੀ ਦੀਆਂ ਬੁਲੰਦੀਆਂ ਨੂੰ ਜਰੂਰ ਪੁੱਜਦਾ ਹੈ। ਇਨਸਾਨ ਦੀ ਜਿੰਦਗੀ ਨੂੰ ਸਫਲਤਾ ਦੇ ਮੁਕਾਮ ‘ਤੇ ਪਹੁੰਚਾਉਣ ਵਿੱਚ ਪੁਸਤਕਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਪੁਸਤਕਾਂ ਦੇ ਲੜ ਲੱਗਾ ਇਨਸਾਨ ਜੀਵਨ ਦੀਆਂ ਤਮਾਮ ਬੁਰਾਈਆਂ ਤੋਂ ਬਚ ਜਾਂਦਾ ਹੈ। ਅਜੋਕੇ ਸਮੇਂ ‘ਚ ਬੁਰਾਈ ਬਣ ਕੇ ਉੱਭਰ ਰਹੇ ਬੱਚਿਆਂ ਵਿੱਚ ਮੋਬਾਈਲ ਦੀ ਲੋੜ ਤੋਂ ਜਿਆਦਾ ਵਰਤੋਂ ਦੇ ਰੁਝਾਨ ਨੂੰ ਵੀ ਸ਼ਾਇਦ ਇਸ ਕੋਸ਼ਿਸ਼ ਨਾਲ ਠੱਲ੍ਹ ਪੈ ਸਕੇ।

ਵਿਭਾਗ ਵੱਲੋਂ ਆਪਣੇ ‘ਪੜ੍ਹੋ ਪੰਜਾਬ ਪੜ੍ਹਾਉ ਪੰਜਾਬ’ ਪ੍ਰਾਜੈਕਟ ਤਹਿਤ ਪ੍ਰਾਇਮਰੀ ਸਕੂਲਾਂ ‘ਚ  ਸਥਾਪਿਤ ਰੀਡਿੰਗ ਸੈੱਲਾਂ ਨੂੰ ਪੁਨਰ-ਜੀਵਤ ਕੀਤਾ ਜਾ ਰਿਹਾ ਹੈ। ਕਿਸੇ ਸਮੇਂ ਇਹਨਾਂ ਰੀਡਿੰਗ ਸੱੈੱਲਾਂ ਵਿੱਚ ਬੱਚਿਆਂ ਦੇ ਪੜ੍ਹਨ ਲਈ ਬਾਲ ਕਹਾਣੀਆਂ ਅਤੇ ਬਾਲ ਗੀਤਾਂ/ਕਵਿਤਾਵਾਂ ਦੀਆਂ ਰੰਗ-ਬਰੰਗੀਆਂ ਦਿਲਕਸ਼ ਅਤੇ ਦਿਲਚਸਪ ਪੁਸਤਕਾਂ ਮੁਹੱਈਆ ਕਰਵਾਈਆਂ ਜਾਦੀਆਂ ਸਨ। ਪਰ ਪਿਛਲੇ ਕੁਝ ਅਰਸੇ ਤੋਂ ਇਹਨਾਂ ਸੈੱਲਾਂ ਲਈ ਬਾਲ ਮੈਗਜ਼ੀਨਾਂ ਅਤੇ ਬਾਲ ਪੁਸਤਕਾਂ ਦੀ ਉਪਲੱਬਧਤਾ ਨਾਂਹ ਦੇ ਬਰਾਬਰ ਸੀ। ਲਾਵਾਰਸੀ ਦੀ ਜੂਨ ਹੰਢਾ ਰਹੇ ਇਹਨਾਂ ਰੀਡਿੰਗ ਸੈੱਲਾਂ ਨੂੰ ਮੁੜ ਤੋਂ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਦੀਆਂ ਕੋਸ਼ਿਸ਼ਾਂ ਹਰ ਹਾਲ ਵਿੱਚ ਕਾਬਲੇ-ਤਾਰੀਫ ਹਨ। ਇਸੇ ਪ੍ਰਾਜੈਕਟ ਦੇ ਤਹਿਤ ਹਰ ਸਕੂਲ ਵੱਲੋਂ ਆਪਣਾ ਬਾਲ ਮੈਗਜ਼ੀਨ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਜਦ ਸਕੂਲਾਂ ਦੀਆਂ ਆਰਥਿਕ ਮਜ਼ਬੂਰੀਆਂ ਦੇ ਚਲਦਿਆਂ ਇਸ ਤਰ੍ਹਾਂ ਦੇ ਮੈਗਜ਼ੀਨ ਪ੍ਰੈੱਸ ਜਰੀਏ ਪ੍ਰਕਾਸ਼ਿਤ ਕਰਨਾ ਸੰਭਵ ਨਹੀਂ ਹੈ ਤਾਂ ਸਕੂਲਾਂ ਵੱਲੋਂ ਹੱਥ ਲਿਖਤ ਬਾਲ ਮੈਗਜ਼ੀਨ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।

ਇਹਨਾਂ ਬਾਲ ਰਸਾਲਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਦੀਆਂ ਬਾਲ ਰਚਨਾਵਾਂ, ਜਿਨ੍ਹਾਂ ਵਿੱਚ ਬਾਲ ਗੀਤ, ਬਾਲ ਕਵਿਤਾਵਾਂ, ਚੁਟਕਲੇ, ਬਾਲ ਕਹਾਣੀਆਂ ਤੇ ਚਿੱਤਰਾਂ ਨੂੰ ਪ੍ਰਮੁੱਖਤਾ ਨਾਲ ਛਾਪਣ ਦੇ ਨਾਲ-ਨਾਲ ਸਕੂਲ ਅਧਿਆਪਕਾਂ ਅਤੇ ਹੋਰ ਸ਼ਖਸੀਅਤਾਂ ਦੀਆਂ ਮਾਰਗ-ਦਰਸ਼ਕ ਰਚਨਾਵਾਂ ਨੂੰ ਵੀ ਸਥਾਨ ਦਿੱਤਾ ਜਾਂਦਾ ਹੈ। ਇਹਨਾਂ ਬਾਲ ਰਸਾਲਿਆਂ ਦੀ ਪ੍ਰਕਾਸ਼ਨਾ ਨਾਲ ਬੱਚਿਆਂ ਅੰਦਰ ਛੁਪੀਆਂ ਸਾਹਿਤਕ ਪ੍ਰਤਿਭਾਵਾਂ ਨੂੰ ਉਜਾਗਰ ਹੋਣ ਦਾ ਸਫਲ਼ ਅਵਸਰ ਮਿਲਦਾ ਹੈ। ਬੱਚੇ ਆਪਣੀਆਂ ਖੁਦ ਲਿਖੀਆਂ ਜਾਂ ਵੱਡਿਆਂ ਦੀ ਮੱਦਦ ਨਾਲ ਲਿਖੀਆਂ ਰਚਨਾਵਾਂ ਨੂੰ ਜਦੋਂ ਆਪਣੇ ਨਾਂਅ ਸਮੇਤ ਪੜ੍ਹਦੇ ਹਨ ਤਾਂ ਉਹਨਾਂ ਦੀ ਖੁਸ਼ੀ ਵੇਖਣ ਵਾਲੀ ਹੁੰਦੀ ਹੈ। ਇਸ ਤੋਂ ਵੀ ਅੱਗੇ ਸਕੂਲ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਵੀ ਇਹ ਮੈਗਜ਼ੀਨ ਲਾਹੇਵੰਦ ਮੁਹਾਜ਼ ਸਾਬਿਤ ਹੋ ਸਕਦੇ ਹਨ। ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਇੱਥੇ ਪ੍ਰਕਾਸ਼ਿਤ ਕਰਕੇ ਬਾਕੀ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕੀਤਾ ਜਾ ਸਕਦਾ ਹੈ।

ਕਾਮਨਾ ਕੀਤੀ ਜਾ ਸਕਦੀ ਹੈ ਕਿ ਸਕੂਲੀ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਦਾ ਇਹ ਉਪਰਾਲਾ ਜਰੂਰ ਰੰਗ ਲਿਆਵੇਗਾ। ਵਿਦਿਆਰਥੀਆਂ ਅੰਦਰ ਛੁਪੀਆਂ ਕਲਾਵਾਂ ਅਤੇ ਪ੍ਰਤਿਭਾਵਾਂ ਨੂੰ ਬਾਹਰ ਨਿੱਕਲਣ ਦਾ ਅਵਸਰ ਮਿਲੇਗਾ ਅਤੇ ਪੰਜਾਬੀ ਭਾਸ਼ਾ ਦੀ ਝੋਲੀ ਵਿੱਚ ਹੋਰ ਸਾਹਿਤਕ ਹੀਰੇ ਪੈਣਗੇ।

ਸ਼ਕਤੀ ਨਗਰ, ਬਰਨਾਲਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।