ਦੋਵਾਂ ਕਿਸਾਨ ਮੋਰਚਿਆਂ ਦੀ ਮੀਟਿੰਗ ਪਟਿਆਲਾ ’ਚ 15 ਨੂੰ | Kisan Andolan
Kisan Andolan: (ਗੁਰਪ੍ਰੀਤ ਸਿੰਘ) ਖਨੌਰੀ। ਅੱਜ ਸੰਯੁਕਤ ਕਿਸਾਨ ਮੋਰਚਾ ਦਾ ਛੇ ਮੈਂਬਰੀ ਵਫਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਖਨੌਰੀ ਬਾਰਡਰ ਪੁੱਜਿਆ ਅਤੇ ਉਹਨਾਂ ਲਗਭਗ 15 ਮਿੰਟ ਡੱਲੇਵਾਲ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀ ਸਿਹਤਯਾਬੀ ਦੀ ਉਮੀਦ ਵੀ ਕੀਤੀ। ਜਾਣਕਾਰੀ ਮੁਤਾਬਿਕ ਜਿਹੜੇ ਆਗੂ ਆਪਸੀ ਵਖਰੇਵਿਆਂ ਕਾਰਨ ਪਿਛਲੇ ਇੱਕ ਸਾਲ ਤੋਂ ਜਿਆਦਾ ਸਮੇਂ ਦੌਰਾਨ ਵੱਖੋ-ਵੱਖਰੇ ਮੋਰਚਿਆਂ ਵਿੱਚ ਸੰਘਰਸ਼ ਲੜ ਰਹੇ ਸਨ ਉਨ੍ਹਾਂ ਦੀ ਹੁਣ ਇੱਕ ਮੰਚ ’ਤੇ ਆਉਣ ਦੀ ਸੰਭਾਵਨਾ ਵਧ ਗਈ ਹੈ ।
ਸੰਯੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਆਪਸੀ ਮਤਭੇਦਾਂ ਨੂੰ ਖਤਮ ਕਰਨ ਲਈ 15 ਜਨਵਰੀ ਨੂੰ ਪਟਿਆਲਾ ਵਿਖੇ ਮੁੜ ਇਕੱਠੇ ਬੈਠਣਗੇ। ਇਹ ਫੈਸਲਾ ਐਸ ਕੇ ਐੱਮ ਆਲ ਇੰਡੀਆ ਆਗੂਆਂ ਦੀ ਅਗਵਾਈ ਵਿੱਚ ਕਿਸਾਨਾਂ ਦੇ ਇੱਕ ਵਫਦ, ਜਿਸ ਵਿੱਚ ਬੀਕੇਯੂ ਉਗਰਾਹਾਂ ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨ ਪਾਲ ਅਤੇ ਰਾਜੇਵਾਲ ਜਥੇਬੰਦੀ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਸਾਮਲ ਸਨ, ਦੇ ਖਨੌਰੀ ਬਾਰਡਰ ‘ਤੇ ਪਹੁੰਚਣ ਅਤੇ ਜਗਜੀਤ ਸਿੰਘ ਡੱਲੇਵਾਲ ਨਾਲ 15 ਮਿੰਟ ਤੋਂ ਵੱਧ ਸਮੇਂ ਲਈ ਮੁਲਾਕਾਤ ਕਰਨ ਤੋਂ ਬਾਅਦ ਲਿਆ ਗਿਆ।
ਇਹ ਵੀ ਪੜ੍ਹੋ: Taekwondo Championship: ਉੜੀਸਾ ’ਚ ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਵਿਖਾਏ ਜੌਹਰ, ਸੂਬੇ ਦਾ ਨਾਂਅ ਕੀਤਾ ਰੌਸ਼ਨ
ਇਸ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਡੱਲੇਵਾਲ ਨਾਲ ਮੁਲਾਕਾਤ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ ਆਲ ਇੰਡੀਆ) ਐੱਸ ਕੇ ਐੱਮ ਗੈਰ-ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ 15 ਜਨਵਰੀ ਨੂੰ ਦੁਬਾਰਾ ਮਿਲਣ ਦਾ ਫੈਸਲਾ ਕੀਤਾ। ਪ੍ਰੈਸ ਕਾਨਫਰੰਸ ਵਿਚ ਕਿਹਾ ਗਿਆ ਕਿ 15 ਜਨਵਰੀ ਨੂੰ ਕਿਸਾਨ ਅੰਦੋਲਨ 2.0 ਦੇ ਸਾਂਝੇ ਸੰਘਰਸ਼ ਨੂੰ ਸ਼ੁਰੂ ਕਰਨ ਲਈ ਇੱਕ ਸਾਂਝਾ ਘੱਟੋ-ਘੱਟ ਪ੍ਰੋਗਰਾਮ ਬਣਾਉਣ ਲਈ ਮੀਟਿੰਗ ਹੋਵੇਗੀ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਯੂਨੀਅਨਾਂ ਵਿੱਚ ਮਤਭੇਦ ਅਤੇ ਵੱਖੋ-ਵੱਖਰੇ ਦਿ੍ਰਸਟੀਕੋਣ ਹੋ ਸਕਦੇ ਹਨ ਪਰ ਉਨ੍ਹਾਂ ਦੋਵਾਂ ਦਾ ਨਿਸ਼ਾਨਾ ਇੱਕ ਹੈ। Kisan Andolan
ਦੂਜੇ ਪਾਸੇ ਜੋਗਿੰਦਰ ਸਿੰਘ ਉਗਰਾਹਾਂ ਨੇ ਐਸਕੇਐਮ ਗੈਰ-ਰਾਜਨੀਤਿਕ ਦੇ ਆਗੂਆਂ ਦਾ ਉਨ੍ਹਾਂ ਦੇ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੂਹ ਦਾ ਕੋਈ ਵੀ ਆਗੂ ਮੀਡੀਆ ਵਿੱਚ ਕੋਈ ਅਜਿਹਾ ਬਿਆਨ ਨਹੀਂ ਦੇਵੇਗਾ ਜਿਸ ਨਾਲ ਆਪਸੀ ਮਤਭੇਦ ਪੈਦਾ ਹੋਣ।
ਐਸਕੇਐਮ ਗੈਰ-ਰਾਜਨੀਤਿਕ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਯੂਨੀਅਨਾਂ ਇੱਕਜੁੱਟ ਨਹੀਂ ਹਨ। ਅੱਜ ਅਸੀਂ ਸਰਕਾਰ ਦੁਆਰਾ ਫੈਲਾਈ ਜਾ ਰਹੀ ਉਸ ਮਿੱਥ ਨੂੰ ਤੋੜ ਦਿੱਤਾ ਹੈ ਅਤੇ ਇੱਕ ਸਾਂਝੇ ਸੰਘਰਸ਼ ਬਣਾਉਣ ਵੱਲ ਵਧੇ ਹਾਂ। ਉਮੀਦ ਹੈ ਕਿ ਐਸਕੇਐਮ ਆਲ ਇੰਡੀਆ ਨਾਲ ਜੁੜੀਆਂ ਯੂਨੀਅਨਾਂ ਸੰਭੂ ਅਤੇ ਖਨੌਰੀ ਬਾਰਡਰਾਂ ‘ਤੇ ਚੱਲ ਰਹੇ ਮੋਰਚੇ ਵਿੱਚ ਸ਼ਾਮਲ ਹੋਣਗੀਆਂ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਮੋਗਾ ਮਹਾਂਪੰਚਾਇਤ ਦੌਰਾਨ ਐੱਸਕੇਐੱਮ ਆਲ ਇੰਡੀਆ ਨੇ ਏਕਤਾ ਮਤਾ ਪਾਸ ਕੀਤਾ ਸੀ ਜਿਸ ਵਿੱਚ ਆਪਣੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਯੂਨੀਅਨਾਂ ਵਿੱਚ ਵਿਆਪਕ ਏਕਤਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ ਸੀ।