ਸਿਆਸੀ ਨਿਘਾਰ ਦਾ ਸਿਲਸਿਲਾ

ਸਿਆਸੀ ਨਿਘਾਰ ਦਾ ਸਿਲਸਿਲਾ

ਰਾਜਨੀਤੀ ਸ਼ਾਸਨ ਚਲਾਉਣ ਦੇ ਸਿਧਾਂਤਾਂ ਦਾ ਨਾਂਅ ਹੈ ਪਰ ਇਸ ਖੇਤਰ ’ਚ ਆ ਰਹੀ ਗਿਰਾਵਟ ਨੂੰ ਵੇਖਿਆ ਜਾਏ ਤਾਂ ਕਾਫੀ ਨਿਰਾਸ਼ਾ ਹੁੰਦੀ ਹੈ ਪੱਛਮੀ ਬੰਗਾਲ ਦੇ ਦੋ ਵਾਰ ਸਾਂਸਦ ਰਹੇ ਬਾਬੁਲ ਸੁਪਰੀਓ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਫੈਸਲਾ ਲਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਸਮਾਜ ਸੇਵਾ ਕਰਨਾ ਚਾਹੁੰਦੇ ਹਨ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਸਿਧਾਂਤਕ ਤੌਰ ’ਤੇ ਰਾਜਨੀਤੀ ਵੀ ਤਾਂ ਇੱਕ ਸੇਵਾ ਹੈ ਫਿਰ ਇੱਕ ਸਾਂਸਦ ਨੂੰ ਸਮਾਜ ਸੇਵਾ ਲਈ ਰਾਜਨੀਤੀ ਕਿਉਂ ਛੱਡਣੀ ਪੈ ਰਹੀ ਹੈ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਰਾਜਨੀਤੀ ਪਹਿਲਾਂ ਵਰਗੀ ਸਮਾਜ ਸੇਵਾ ਨਹੀਂ ਰਹੀ

ਸੁਪਰੀਓ ਨੇ ਪਹਿਲਾਂ ਭਾਜਪਾ ’ਚ ਰਹਿਣ ਤੇ ਕਿਸੇ ਹੋਰ ਪਾਰਟੀ ’ਚ ਸ਼ਾਮਲ ਨਾ ਹੋਣ ਬਾਰੇ ਕਿਹਾ ਸੀ ਫਿਰ ਉਹਨਾਂ ਇਸ ਸੰਦੇਸ਼ ਨੂੰ ਵੀ ਹਟਾ ਦਿੱਤਾ ਸੁਪਰੀਓ ਦੇ ਦਿਲ ’ਚ ਕੀ ਹੈ ਇਹ ਤਾਂ ਉਹੀ ਜਾਣਦੇ ਹਨ ਉਹਨਾਂ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਉਹ ਪਾਰਟੀ ਨਾਲ ਕਿਸੇ ਗਿਲੇ ਤੋਂ ਵੀ ਇਨਕਾਰ ਕਰ ਰਹੇ ਹਨ ਸੱਚਾਈ ਕੀ ਹੈ ਇਹ ਤਾਂ ਸਮਾਂ ਦੱਸੇਗਾ, ਉਂਜ ਰਾਜਨੀਤੀ ਆਮ ਤੇ ਸਿੱਧੇ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ ਜਿਹੜਾ ਬੰਦਾ ਤਿਕੜਮਬਾਜ਼ੀ ਨਾਲ ਨਜਿੱਠਣ ਦੇ ਸਮਰੱਥ ਨਾ ਹੋਵੇ ਉਹ ਮਾਰ ਖਾ ਜਾਂਦਾ ਹੈ ਭਾਵੇਂ ਆਮ ਜਨਤਾ ਇਮਾਨਦਾਰ, ਸ਼ਰੀਫ, ਮਿਹਨਤੀ ਤੇ ਆਮ ਆਦਮੀ ਨਾਲ ਰਾਬਤਾ ਰੱਖਣ ਵਾਲੇ ਨੇਤਾ ਨੂੰ ਚੰਗਾ ਨੇਤਾ ਮੰਨਦੀ ਹੈ ਪਰ ਸਿਆਸਤ ’ਚ ਆਪਣੀ ਥਾਂ ਬਣਾਉਣ ਲਈ ਹੋਰ ਵੀ ਬੜੇ ਹੱਥ-ਪੈਰ ਮਾਰਨੇ ਪੈਂਦੇ ਹਨ

ਬੱਸ ਜਿਹੜਾ ਤਿਕੜਮ ਚਲਾ ਗਿਆ ਉਹ ਆਪਣੇ ਨੰਬਰ ਬਣਾ ਗਿਆ ਇਹ ਰੁਝਾਨ ਸਫਲਤਾ ਦੀ ਸ਼ਰਤ ਬਣ ਗਿਆ ਹੈ ਵੱਧ ਬੋਲਣ ਵਾਲਾ ਗੱਲਾਂ ਘੁੰਮਾ-ਘੁੰਮਾ ਕੇ ਤੀਰ ਛੱਡਦਾ ਹੈ ਤੇ ਲੋਕਾਂ ’ਚ ਆਪਣੀ ਵਾਹ-ਵਾਹ ਕਰਵਾ ਕੇ ਪਾਰਟੀ ਤੋਂ ਸ਼ਾਬਾਸ਼ ਖੱਟ ਲੈਂਦਾ ਹੈ ਤੇ ਕਈ ਵੱਡੇ-ਵੱਡੇ ਆਗੂਆਂ ਨੂੰ ਵੀ ਠਿੱਬੀ ਲਾਉਂਦਾ ਹੈ ਚੁੱਪ ਤੇ ਸਹਿਜ਼ ਰਹਿਣ ਵਾਲੇ ਲੀਡਰ ਠੰਢੇ ਤੇ ਆਲਸੀ ਮੰਨੇ ਜਾਂਦੇ ਹਨ ਪਾਰਟੀਆਂ ਵੀ ਵਿਵਾਦਾਂ ’ਚ ਰਹਿਣ ਵਾਲੇ ਨੇਤਾਵਾਂ ਨੂੰ ਵਧੇਰੇ ਪਸੰਦ ਕਰਦੀਆਂ ਹਨ

ਭਾਵੇਂ ਮਗਰੋਂ ਉਸ ਦੇ ਨਤੀਜੇ ਮਾੜੇ ਹੀ ਹੋਣ ਪਾਰਟੀ ਲਈ ਜਿੱਤ ਹੀ ਸਭ ਤੋਂ ਵੱਡਾ ਨਿਸ਼ਾਨਾ ਹੁੰਦਾ ਹੈ ਤੇ ਇਸ ਖਾਤਰ ਪਾਰਟੀ ਅਸੂਲਾਂ ਤੇ ਪਰੰਪਰਾਵਾਂ ਨੂੰ ਹੀ ਦਾਅ ’ਤੇ ਲਾਉਂਦੀਆਂ ਹਨ ਅਸੂਲਾਂ ਦਾ ਰੱਟਾ ਲਾਉਣ ਵਾਲੀਆਂ ਪਾਰਟੀਆਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਧੜਾਧੜ ਖਿੱਚਣ ਲਈ ਟਿਕਟਾਂ ਦੇਣ ਸਮੇਂ ਆਪਣੇ ਪੁਰਾਣੇ ਆਗੂਆਂ ਦੀ ਬਲੀ ਦੇ ਦਿੰਦੀਆਂ ਹਨ ਕਈ ਆਗੂਆਂ ਨੂੰ ਮੰਤਰੀ ਜਾਂ ਰਾਜ ਸਭਾ ਮੈਂਬਰ ਬਣਾਉਣ ਦਾ ਸੌਦਾ ਕੀਤਾ ਜਾਂਦਾ ਹੈ ਜੋ ਹਾਰਸ ਟਰੇਡ ਤੋਂ ਘੱਟ ਨਹੀਂ ਹੁੰਦਾ ਅਜਿਹੇ ਰੁਝਾਨ ’ਚ ਸਿਧਾਂਤਾਂ ਵਾਲੇ ਵਿਰਲੇ ਆਗੂ ਤੌਬਾ-ਤੌਬਾ ਕਰ ਉੱਠਦੇ ਹਨ ਰਾਜਨੀਤੀ ਤੋਂ ਰਾਜਨੇਤਾ ਵੀ ਹੈਰਾਨ ਰਹਿ ਜਾਂਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ