‘ਅਮਰਿੰਦਰ ਦੀ ਕਪਤਾਨੀ’ ਹੇਠ ਲੜੀ ਚੋਣ ਤਾਂ ਹੋਏਗਾ ਨੁਕਸਾਨ, ਡਿੱਗਦੀ ਐ ਤਾਂ ਡੇਗ ਦੇਣੀ ਚਾਹੀਦੀ ਐ ਸਰਕਾਰ

ਧੀਮਾਨ ਵਾਂਗੂ ਅੱਗੇ ਆਉਣ ਬਾਕੀ ਵਿਧਾਇਕ, ਸਰਕਾਰ ਡੇਗਣ ਵਾਲੀ ਕਰਨ ਗੱਲ

  • ਬਾਗੀ ਵਿਧਾਇਕ ਪਰਗਟ ਸਿੰਘ ਦੇ ਘਰ ਹੋਈ ਮੁੜ ਤੋਂ ਮੀਟਿੰਗ, ਮੰਤਰੀ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਹੋਏ ਸ਼ਾਮਲ

ਅਸ਼ਵਨੀ ਚਾਵਲਾਚੰਡੀਗੜ, 24 ਮਈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕਪਤਾਨੀ ਹੇਠ ਜੇਕਰ ਸਾਲ 2022 ਦੀ ਵਿਧਾਨ ਸਭਾ ਚੋਣਾਂ ਲੜੀ ਗਈਆਂ ਤਾਂ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਭਾਰੀ ਨੁਕਸਾਨ ਹੋਏਗਾ। ਇਸ ਲਈ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਨਹੀਂ ਹੋਣੀ ਚਾਹੀਦੀਆਂ। ਅਮਰਿੰਦਰ ਸਿੰਘ ਤੋਂ ਇਲਾਵਾ ਕਿਸ ਦੀ ਅਗਵਾਈ ਵਿੱਚ ਇਨਾਂ ਚੋਣਾਂ ਨੂੰ ਲੜਿਆ ਜਾ ਸਕਦਾ ਹੈ, ਇਸ ਸਬੰਧੀ ਹਾਈ ਕਮਾਨ ਨੇ ਫੈਸਲਾ ਕਰਨਾ ਹੈ। ਇਸ ਨਾਲ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਡੇਗਣ ਵਾਲੀ ਜਿਹੜੀ ਗੱਲ ਸੁਰਜੀਤ ਸਿੰਘ ਧੀਮਾਨ ਨੇ ਕੀਤੀ ਹੈ, ਇਹ ਗੱਲ ਬਾਕੀ ਵਿਧਾਇਕਾਂ ਨੂੰ ਵੀ ਕਹਿਣੀ ਚਾਹੀਦੀ ਹੈ।

ਅਮਰਿੰਦਰ ਸਿੰਘ ਖ਼ਿਲਾਫ਼ ਇਹ ਸਖ਼ਤ ਤੇਵਰ ਮੁੜ ਤੋਂ ਬਾਗੀ ਵਿਧਾਇਕ ਪਰਗਟ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿਖਾਏ ਹਨ। ਵਿਧਾਇਕ ਪਰਗਟ ਸਿੰਘ ਦੇ ਘਰ ਮੁੜ ਤੋਂ ਸੋਮਵਾਰ ਨੂੰ ਬਾਗੀ ਮੰਤਰੀਆਂ ਦੀ ਮੀਟਿੰਗ ਹੋਈ ਹੈ, ਜਿਸ ਵਿੱਚ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਸ਼ਾਮਲ ਹੋਏ ਸਨ।ਬਾਗੀ ਵਿਧਾਇਕ ਅਤੇ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਪਰਗਟ ਸਿੰਘ ਮੀਡੀਆ ਦੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਲੋਕ ਤੰਤਰ ਵਿੱਚ ਹਰ ਕਿਸੇ ਨੂੰ ਆਪਣੀ ਗਲ ਰੱਖਣ ਦੀ ਪੂਰੀ ਇਜਾਜ਼ਤ ਹੋਣੀ ਚਾਹੀਦੀ ਹੈ ਅਤੇ ਲੀਡਰਾਂ ਨੂੰ ਵੀ ਇੰਨਾ ਛੋਟਾ ਨਹੀਂ ਹੋਣਾ ਚਾਹੀਦਾ ਕਿ ਕੋਈ ਆਪਣੀ ਗੱਲ ਵੀ ਨਾ ਰੱਖ ਸਕੇ।

ਉਨਾਂ ਕਿਹਾ ਕਿ ਅੱਜ ਉਨਾਂ ਦੇ ਘਰ ਮੀਟਿੰਗ ਹੋਈ ਹੈ ਅਤੇ ਸੁਖਜਿੰਦਰ ਰੰਧਾਵਾ ਸਣੇ ਚਰਨਜੀਤ ਸਿੰਘ ਚੰਨੀ ਵੀ ਆਏ ਸਨ ਪਰ ਇਸ ਵਿੱਚ ਕੁਝ ਵੀ ਗਲਤ ਨਹੀਂ। ਪਹਿਲਾਂ ਅਸੀਂ ਸਾਰੇ ਮਿਲਦੇ ਸੀ ਤਾਂ ਆਮ ਗੱਲ ਹੁੰਦੀ ਸੀ ਪਰ ਹੁਣ ਮਿਲਦੇ ਹਾਂ ਤਾਂ ਹਰ ਕੋਈ ਇਸ ਨੂੰ ਮੀਟਿੰਗ ਦਾ ਰੂਪ ਦੇ ਦਿੰਦਾ ਹੈ। ਉਨਾਂ ਕਿਹਾ ਕਿ ਉਹ ਪਹਿਲਾਂ ਵੀ ਆਪਣੀ ਗਲ ਰੱਖਦੇ ਆਏ ਹਨ ਤਾਂ ਹੁਣ ਵੀ ਆਪਣੀ ਗਲ ਸਾਰਿਆਂ ਦੇ ਸਾਹਮਣੇ ਰੱਖਦੇ ਆਉਣਗੇ।

ਧਮਕੀ ਨਾ ਆਈ ਹੁੰਦੀ ਤਾਂ ਕੁਝ ਘੰਟਿਆਂ ਬਾਅਦ ਹੀ ਅਮਰਿੰਦਰ ਸਿੰਘ ਦਿੰਦੇ ਬਿਆਨ

ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਆਖ ਰਹੇ ਹਨ ਕਿ ਕੋਈ ਧਮਕੀ ਨਹੀਂ ਦਿੱਤੀ ਤਾਂ ਮੁੱਖ ਮੰਤਰੀ ਦਫ਼ਤਰ ਵਿੱਚ ਕੋਈ ਹਰਕਤ ਕਿਉਂ ਨਹੀਂ ਹੋਈ। ਉਨਾਂ ਕਿਹਾ ਕਿ ਜੇਕਰ ਮੈਨੂੰ ਧਮਕੀ ਨਹੀਂ ਦਿੱਤੀ ਹੁੰਦੀ ਤਾਂ ਇੱਕ ਦੋ ਦਿਨ ਤਾਂ ਦੂਰ ਦੀ ਗੱਲ, ਕੁਝ ਘੰਟਿਆਂ ਬਾਅਦ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਇਸ ਸਬੰਧੀ ਬਿਆਨ ਆ ਜਾਣਾ ਸੀ ਪਰ ਹੁਣ ਤੱਕ ਕੋਈ ਵੀ ਬਿਆਨ ਜਾਂ ਫਿਰ ਸਪਸ਼ਟੀਕਰਨ ਨਹੀਂ ਆਇਆ ਹੈ।

ਦਿੱਲੀ ਹਾਈ ਕਮਾਨ ਕੋਲ ਜਾਣ ਲਈ ਨਹੀਂ ਹੋਇਆ ਫੈਸਲਾ

ਪਰਗਟ ਸਿੰਘ ਨੇ ਕਿਹਾ ਕਿ ਦਿੱਲੀ ਕਾਂਗਰਸ ਹਾਈ ਕਮਾਨ ਕੋਲ ਜਾਣ ਸਬੰਧੀ ਉਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਫੈਸਲਾ ਹੋਇਆ ਹੈ। ਉਨਾਂ ਕਿਹਾ ਕਿ ਉਹ ਇਸ ਪੱਧਰ ਦੇ ਲੀਡਰ ਨਹੀਂ ਹਨ ਅਤੇ ਨਾ ਹੀ ਉਨਾਂ ਨੂੰ ਜਾਣਕਾਰੀ ਹੈ ਕਿ ਉਤਲੇ ਪੱਧਰ ’ਤੇ ਕੀ ਚਲ ਰਿਹਾ ਹੈ।

ਵਿਧਾਇਕਾਂ ’ਚ ਵੱਧ ਰਹੀ ਐ ਨਰਾਜ਼ਗੀ

ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਵਿੱਚ ਕਾਫ਼ੀ ਜਿਆਦਾ ਨਰਾਜ਼ਗੀ ਵੱਧ ਰਹੀ ਹੈ। ਇਸ ਗੱਲ ਨੂੰ ਸਮਝਣਾ ਵੀ ਚਾਹੀਦਾ ਹੈ। ਜਿਸ ਤਰੀਕੇ ਨਾਲ ਸੁਰਜੀਤ ਧੀਮਾਨ ਨੇ ਅੱਗੇ ਆ ਕੇ ਆਪਣੀ ਗੱਲ ਕੀਤੀ ਹੈ ਤਾਂ ਬਾਕੀ ਵਿਧਾਇਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਸਬੰਧੀ ਆਪਣਾ ਪੱਖ ਰਖਣਾ ਚਾਹੀਦਾ ਹੈ। ਪਰਗਟ ਸਿੰਘ ਨੇ ਸੁਰਜੀਤ ਸਿੰਘ ਧੀਮਾਨ ਦੀ ਉਸ ਗੱਲ ਦਾ ਵੀ ਸਮਰਥਨ ਕੀਤਾ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਪਾਰਟੀ ਦੇ 25-30 ਵਿਧਾਇਕ ਇਸ ਸਮੇਂ ਅਮਰਿੰਦਰ ਸਿੰਘ ਤੋਂ ਨਰਾਜ਼ ਹਨ।

ਮਹਿਲਾ ਅਧਿਕਾਰੀ ਦਾ ਹੀ ਟਰਾਇਲ ਕਰ ਰਿਹੈ ਕਮਿਸ਼ਨ

ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਚੱਲ ਰਹੇ ਮੀ ਟੂ ਮਾਮਲੇ ਵਿੱਚ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਮਹਿਲਾ ਕਮਿਸ਼ਨ ਨੂੰ ਇੰਜ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇਕਰ ਉਹ ਵਾਰ-ਵਾਰ ਇਸ ਮਾਮਲੇ ਨੂੰ ਚੁੱਕ ਰਿਹਾ ਹੈ ਤਾਂ ਇਸ ਨਾਲ ਉਸ ਮਹਿਲਾ ਅਧਿਕਾਰੀ ਦਾ ਵੀ ਟਰਾਇਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਚਰਨਜੀਤ ਸਿੰਘ ਚੰੰਨੀ ਦਾ ਨਾਂਅ ਲੈਣ ਨਾਲ ਗੱਲ ਮੁੱਕ ਨਹੀਂ ਜਾਂਦੀ ਹੈ, ਜਦੋਂ ਕਿ ਉਹ ਅਧਿਕਾਰੀ ਵੀ ਇੱਕ ਮਹਿਲਾ ਹੈ ਅਤੇ ਇਸ ਮਾਮਲੇ ਵਿੱਚ ਵਾਰ-ਵਾਰ ਉਸ ਮਹਿਲਾ ਅਧਿਕਾਰੀ ਦਾ ਵੀ ਨਾਅ ਆ ਰਿਹਾ ਹੈ, ਇਸ ਲਈ ਇਹ ਟਰਾਇਲ ਰੁਕਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।