ਲੋਕਾਂ ਦੇ 13 ਲੱਖ ਰੁਪਏ ਗਬਨ ਕਰਨ ਵਾਲੀ ਡਾਕਘਰ ਦੀ ਮੁਲਾਜ਼ਮ ਗ੍ਰਿਫ਼ਤਾਰ, ਜਾਂਚ ਜਾਰੀ

Fraud News

(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਅਹਿਮਦਗੜ੍ਹ ਪੁਲਿਸ ਨੇ ਪੇਂਡੂ ਡਾਕਘਰ ਦੀ ਇੱਕ ਮੁਲਾਜ਼ਮ ਨੂੰ ਕਰੀਬ 13 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਗਿ੍ਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। (Fraud)  ਜ਼ਿਲ੍ਹਾ ਪੁਲਿਸ ਮੁਖੀ ਮਾਲੇਰਕੋਟਲਾ ਦੇ ਦਫ਼ਤਰ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਰਣਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਲਸੋਈ ਥਾਣਾ ਸਦਰ ਅਹਿਮਦਗੜ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਇੱਕ ਦਰਖ਼ਾਸਤ ਰਮਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਪਿੰਡ ਛੋਕਰਾਂ ਥਾਣਾ ਸਦਰ ਅਹਿਮਦਗੜ੍ਹ ਦੇ ਖਿਲਾਫ਼ ਦਿੱਤੀ ਸੀ ਜਿਸ ਵਿੱਚ ਮੁਦੱਈ ਨੇ ਦੱਸਿਆ ਕਿ ਰਮਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਜੋ ਕਿ ਪਿੰਡ ਮੋਰਾਂਵਾਲੀ ਥਾਣਾ ਸਦਰ ਅਹਿਮਦਗੜ੍ਹ ਦੇ ਡਾਕਖਾਨਾ ਵਿੱਚ ਬਤੌਰ ਬੀ.ਪੀ.ਐਮ ਲੱਗੀ ਹੋਈ ਸੀ,

ਜੋ ਕਿ ਮੁਦੱਈ ਖਾਤਾ ਧਾਰਕ ਲੰਮੇ ਸਮੇਂ ਤੋਂ ਥੋੜ੍ਹੇ ਥੋੜ੍ਹੇ ਰੁਪਏ ਆਪਣੇ ਖਾਤਿਆਂ ਵਿੱਚ ਉਕਤ ਬੀ.ਪੀ.ਐਮ ਰਮਨਦੀਪ ਕੌਰ ਕੋਲ ਜਮਾਂ ਕਰਵਾਉਦੇ ਰਹੇ ਸਨ ਜੋ ਕਿ ਬੀ.ਪੀ.ਐਮ. ਰਮਨਦੀਪ ਕੌਰ ਆਪਣੇ ਹੱਥੀਂ ਪੈਸੇ ਲਿਖ ਕੇ ਉਸ ਕਾਗਜ਼ ਉੱਤੇ ਡਾਕਖਾਨਾ ਦੀ ਮੋਹਰ ਲਗਾ ਦਿੰਦੀ ਸੀ ਜੋ ਕਿ ਲੋਕਾਂ ਨੂੰ ਰਸੀਦ ਨਹੀਂ ਦਿੰਦੀ ਸੀ।  ਉਸ ਤੋਂ ਬਾਅਦ ਬੀ.ਪੀ.ਐਮ ਰਮਨਦੀਪ ਕੌਰ ਨੇ ਖਾਤਾ ਧਾਰਕਾਂ ਤੋਂ ਸਾਲ 2022 ਵਿੱਚ ਇਹ ਕਹਿ ਕੇ ਉਨ੍ਹਾਂ ਕੋਲ ਪਾਸਬੁੱਕ ਲੈਣੀਆਂ ਸ਼ੁਰੂ ਕਰ ਦਿੱਤੀਆਂ ਕਿ ਵਿਆਜ ਦੀ ਐਂਟਰੀ ਕਰਵਾ ਕੇ ਵਾਪਿਸ ਕਰ ਦੇਵਾਂਗੀ ਜਿਸ ਤੋਂ ਬਾਅਦ ਬੀ.ਪੀ.ਐਮ ਰਮਨਦੀਪ ਕੌਰ ਦੀ ਬਦਲੀ ਅਹਿਮਦਗੜ੍ਹ ਦੀ ਹੋ ਗਈ ਅਤੇ ਉਸਦਾ ਚਾਰਜ ਜੀ.ਡੀ.ਐਸ ਬਲਵੀਰ ਸਿੰਘ ਅਤੇ ਉਸ ਤੋਂ ਬਾਅਦ ਮਿਤੀ 11 ਜਨਵਰੀ 2023 ਨੂੰ ਮੈਡਮ ਸੁਨੈਨਾ ਨੇ ਸਬੰਧਤ ਡਾਕਖਾਨਾ ਦਾ ਚਾਰਜ ਲੈ ਲਿਆ ਸੀ, ਜਿਸ ਤੋਂ ਬਾਅਦ ਖਾਤਾ ਧਾਰਕਾਂ ਨੇ ਆਪਣੇ-ਆਪਣੇ ਖਾਤੇ ਚੈੱਕ ਕਰਵਾਏ, ਜਿਨ੍ਹਾਂ ਵਿੱਚ ਪੇਮੈਟ ਗਾਇਬ ਪਾਈ ਗਈ ।

ਇਹ ਵੀ ਪੜ੍ਹੋ : ਜਦੋਂ ਕੈਬਨਿਟ ਮੰਤਰੀ ਪਹੁੰਚ ਗਏ ਰਾਵੀ ਦਰਿਆ ’ਤੇ

ਇਸ ਤੋਂ ਉਪਰੰਤ ਸਮੂਹ ਖਾਤਾ ਧਾਰਕਾਂ ਨੇ ਇਨਸਾਫ਼ ਲੈਣ ਲਈ ਜਿਲ੍ਹਾ ਪੁਲਿਸ ਮੁਖੀ ਮਾਲੇਰਕੋਟਲਾ ਨੂੰ ਉਕਤ ਦਰਖਾਸਤ ਦਿੱਤੀ ਗਈ। ਮਾਮਲੇ ਦੀ ਪੜਤਾਲ ਪੁਲਿਸ ਚੌਕੀ ਜੋੜੇਪੁਲ ਏ.ਐਸ.ਆਈ ਸ਼ਈਅਦ ਸ਼ਕੀਲ ਵੱਲੋਂ ਕੀਤੀ ਗਈ। ਏ.ਡੀ.ਏ ਲੀਗਲ ਦੀ ਰਾਏ ਲੈਕੇ ਉਕਤ ਬੀ.ਪੀ.ਐਮ ਰਮਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਛੋਕਰਾਂ ਥਾਣਾ ਸਦਰ ਅਹਿਮਦਗੜ੍ਹ ਵਿਰੁੱਧ ਉਕਤ ਮੁਕੱਦਮਾ ਦਰਜ ਰਜਿਸਟਰ ਕਰਦਿਆਂ ਬੀ.ਪੀ.ਐਮ ਰਮਨਦੀਪ ਕੌਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।

ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ’ਤੇ ਲਿਆ (Fraud)

ਇਸ ਸਬੰਧੀ ਥਾਣਾ ਮੁਖੀ ਸਦਰ ਅਹਿਮਦਗੜ ਇੰਸ: ਇੰਦਰਜੀਤ ਸਿੰਘ ਨੇ ਦੱਸਿਆ ਮੁਲਜ਼ਮ ਬੀ.ਪੀ.ਐਮ ਰਮਨਦੀਪ ਕੌਰ ਨੂੰ ਗਿ੍ਰਫਤਾਰ ਕਰਕੇ ਕੀਤੀ ਗਈ ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਬੀ.ਪੀ.ਐਮ ਰਮਨਦੀਪ ਕੌਰ ਵੱਲੋਂ 13 ਲੱਖ ਰੁਪਏ ਦੇ ਕਰੀਬ ਗਬਨ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਤਾਂ ਕਿ ਬਰੀਕੀ ਨਾਲ ਪੁੱਛ ਪੜਤਾਲ ਕਰਕੇ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ।