ਤਹਿਸੀਲਦਾਰ ਦੀ ਜ਼ਾਅਲੀ ਮੋਹਰ, ਫ਼ਰਜ਼ੀ ਸ਼ਨਾਖਤੀ ਕਾਰਡ ਤੇ ਵੈਲੂਏਸ਼ਨ ਸਰਟੀਫਿਕੇਟ ਬਰਾਮਦ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News : ਜ਼ਿਲ੍ਹਾ ਪੁਲਿਸ ਨੇ ਫ਼ਰਜੀ ਦਸਤਾਵੇਜਾਂ ਸਹਾਰੇ ਅਪਰਾਧੀਆਂ ਦੀਆਂ ਜਮਾਨਤਾਂ ਕਰਵਾਉਣ ਵਾਲੇ ਇੱਕ ਸਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਇਸ ਕੋਲੋਂ ਤਹਿਸੀਲਦਾਰ ਦੀ ਜ਼ਾਅਲੀ ਮੋਹਰ, ਫਰਜ਼ੀ ਸ਼ਨਾਖਤੀ ਕਾਰਡ ਅਤੇ ਵੈਲੂਏਸ਼ਨ ਸਰਟੀਫਿਕੇਟ ਬਰਾਮਦ ਹੋਇਆ ਹੈ। ਚੌਕੀ ਕੋਰਟ ਕੰਪਲੈਕਸ ਦੇ ਇੰਚਾਰਜ ਤੇ ਮਾਮਲੇ ਦੇ ਤਫ਼ਤੀਸੀ ਅਫ਼ਸਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਭਰੋਸੇਯੋਗ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਜੋ ਇਸ ਸਮੇਂ ਵੀ ਲੁਧਿਆਣਾ ਦੀਆਂ ਕਚਿਹਰੀਆਂ ਦੀ ਪਾਰਕਿੰਗ ’ਚ ਮੌਜੂਦ ਹੈ, ਜ਼ਾਅਲੀ ਦਸਤਾਵੇਜ ਤਿਆਰ ਕਰਕੇ ਅਪਰਾਧੀਆਂ ਦੀਆਂ ਜਮਾਨਤਾਂ ਕਰਵਾਉਂਦਾ ਹੈ।
ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਵਿਅਕਤੀ ਨੂੰ ਵਕੀਲਾਂ ਵਾਲੀ ਪਾਰਕਿੰਗ ’ਚੋਂ ਗ੍ਰਿਫ਼ਤਾਰ ਕੀਤਾ। ਪੁੱਛਗਿਛ ਤੋਂ ਬਾਅਦ ਸਬੰਧਿਤ ਵਿਅਕਤੀ ਦੀ ਪਹਿਚਾਣ ਪਰਮਜੀਤ ਸਿੰਘ ਵਾਸੀ ਚੂਹੜਪੁਰ ਰੋਡ ਪਿੰਡ ਹੈਬੋਵਾਲ ਵਜੋਂ ਹੋਈ ਹੈ। ਜਿਸ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਦੇ ਕਬਜ਼ੇ ’ਚੋਂ ਪੁਲਿਸ ਨੂੰ ਪੜਤਾਲ ਦੌਰਾਨ ਤਹਿਸੀਲਦਾਰ ਦੀ ਇੱਕ ਜ਼ਾਅਲੀ ਮੋਹਰ, ਫਰਜ਼ੀ ਸ਼ਨਾਖਤੀ ਕਾਰਡ ਅਤੇ ਵੈਲੂਏਸ਼ਨ ਸਰਟੀਫਿਕੇਟ ਬਰਾਮਦ ਹੋਇਆ ਹੈ।
Also Read : ਕਿਸਾਨ ਆਗੂਆਂ ਕੇਂਦਰ ਵੱਲੋਂ ਦਿੱਤੀ ਗਈ MSP ਨੂੰ ਦੱਸਿਆ ਗੁੰਮਰਾਹਕੁੰਨ ਪ੍ਰਚਾਰ
ਜਿਸ ਤੋਂ ਮੁੱਢਲੀ ਤਫ਼ਤੀਸ ਦੌਰਾਨ ਇਹ ਸਾਬਤ ਹੁੰਦਾ ਹੈ ਕਿ ਮੁਲਜ਼ਮ ਫ਼ਰਜੀ ਦਸਤਾਵੇਜ ਤਿਆਰ ਕਰਕੇ ਉਨ੍ਹਾਂ ਦੇ ਜ਼ਰੀਏ ਅਪਰਾਧੀਆਂ ਦੀ ਜਮਾਨਤ ਕਰਵਾਉਂਦਾ ਸੀ। ਜਿਸ ਦੇ ਅਧਾਰ ’ਤੇ ਪਰਮਜੀਤ ਸਿੰਘ ਨੂੰ ਡਿਊਟੀ ਮਜਿਸਟਰੇਟ ਸਾਹਮਣੇ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸ਼ਲ ਕੀਤਾ ਜਾਵੇਗਾ।