ਸਮਾਜ ਵਿੱਚ ਪੈਦਾ ਹੁੰਦੀ ਨਵੀਂ ਕਿਸਮ, ਪ੍ਰਧਾਨ ਜੀ!

ਸਮਾਜ ਵਿੱਚ ਪੈਦਾ ਹੁੰਦੀ ਨਵੀਂ ਕਿਸਮ, ਪ੍ਰਧਾਨ ਜੀ!

ਪਿਛਲੇ ਕੁਝ ਕੁ ਸਾਲਾਂ ’ਚ, ਖਾਸਕਰ ਪੰਜਾਬ ’ਚ ਇੱਕ ਵਿਸ਼ੇਸ਼ ਕਿਸਮ ਦੀ ਪ੍ਰਜਾਤੀ ਪੈਦਾ ਹੋਈ ਏ, ਨਾਂਅ ਏ ‘ਪ੍ਰਧਾਨ ਜੀ’। ਇਹ ਪ੍ਰਜਾਤੀ ਹਰੇਕ ਗਲੀ, ਮੁਹੱਲੇ, ਪਿੰਡ, ਮੰਡੀ ਤੇ ਸ਼ਹਿਰ ’ਚ, ਹਰੇਕ ਜਾਤੀ, ਧਰਮ ਤੇ ਖੇਤਰ ’ਚ ਖੁੰਬਾਂ ਵਾਂਗ ਪਨਪ ਚੁੱਕੀ ਹੈ। ਇਸ ਵਿਸ਼ੇ ’ਤੇ ਲਿਖਣ ਦਾ ਮਤਲਬ, ਇਹ ਨਹੀਂ ਹੈ ਕਿ ਮੈਂ ਪ੍ਰਧਾਨ ਜੀ ਹੁਰਾਂ ਨੂੰ ਮਾੜਾ ਸਮਝਦਾ ਹਾਂ, ਸਗੋਂ ਮੈਨੂੰ ਤਾਂ ਬਹੁਤੇ ਸ਼ਰੀਫ ਤੇ ਭੋਲੇ-ਭਾਲੇ ਪ੍ਰਧਾਨ ਜੀ ਹੁਰਾਂ ਨਾਲ ਦਿਲੋਂ ਹਮਦਰਦੀ ਏ, ਹੋ ਸਕਦਾ ਏ ਮੈਂ ਜਾਂ ਮੇਰਾ ਕੋਈ ਪਰਿਵਾਰਕ ਮੈਂਬਰ ਵੀ, ਪ੍ਰਧਾਨ ਜੀ ਹੀ ਹੋਵੇ, ਪਰ ਇੱਕ ਗੱਲ ਯਾਦ ਰੱਖਣਾ ਹਰੇਕ ਪ੍ਰਧਾਨ ਜੀ ਨਾ ਤਾਂ ਬੇਈਮਾਨ ਏ ਤੇ ਨਾ ਹੀ ਹਰੇਕ ਇਮਾਨਦਾਰ ।

ਪ੍ਰਧਾਨ ਜੀ ਬਣਨ ਲਈ, ਅੱਤ ਦਾ ਆਤਮ-ਵਿਸ਼ਵਾਸ ਜਾਂ ਸ਼ਰਮ-ਰਹਿਤ ਹੋਣਾ, ਫੁਕਰੇ ਤੇ ਕੌਲੀਚੱਟ ਚਮਚਿਆਂ ਦਾ ਨਿੱਘਾ ਸਾਥ, ਬਜ਼ੁਰਗਾਂ ਦਾ ਕਮਾਇਆ ਪੈਸਾ ਜਾਂ ਵੱਡੇ ਬੰਦਿਆਂ ਦੀ ਚਾਪਲੂਸੀ ਕਰਨ ਦਾ ਬੇਸ਼ਕੀਮਤੀ ਹੁਨਰ, ਵਰਗੀਆਂ ਯੋਗਤਾਵਾਂ ਹੋਣਾ ਬੇਹੱਦ ਲਾਜ਼ਮੀ ਹਨ, ਬਾਕੀ ਤੁਹਾਡਾ ਬੌਧਿਕ ਪੱਧਰ ਜਾਂ ਯੋਗਤਾ, ਕੋਈ ਖਾਸ ਮਾਇਨੇ ਨਹੀਂ ਰੱਖਦੀ।

ਅਸਲ ’ਚ ਪ੍ਰਧਾਨ ਜੀ, ਉਹ ਭੋਲੇ-ਭਾਲੇ ਲੋਕ ਹੁੰਦੇ ਨੇ, ਜਿਨ੍ਹਾਂ ਨੂੰ ਵਹਿਮ ਹੁੰਦਾ ਏ ਕਿ ਉਨ੍ਹਾਂ ਤੋਂ ਚੁਸਤ-ਚਲਾਕ, ਇਸ ਧਰਤੀ ’ਤੇ ਦੂਜਾ ਜੰਮਿਆ ਈ ਕੋਈ ਨਹੀਂ, ਇਸ ਭੋਲੇਪਣ ਜਾਂ ਸਾਫ ਸ਼ਬਦਾਂ ’ਚ ਆਖਾਂ ਤਾਂ ਮੂਰਖਤਾ ਕਾਰਨ, ਇਨ੍ਹਾਂ ਨੂੰ ਚਲਾਕ ਲੋਕ ਤੇ ਰਾਜਨੀਤਕ ਪਾਰਟੀਆਂ, ਸੰਸਥਾਵਾਂ ਆਦਿ, ਆਪਣੇ ਹਿੱਤਾਂ ਦੀ ਪੂਰਤੀ ਲਈ, ਉਦੋਂ ਤੀਕ ਰੱਜ ਕੇ ਵਰਤਦੇ ਨੇ, ਜਦੋਂ ਤੀਕ ਪ੍ਰਧਾਨ ਜੀ ਹੁਰਾਂ ਦੇ ਆਰਥਿਕ ਲਾਟੂ ਦੀ ਰੌਸ਼ਨੀ ਮੱਧਮ ਨਾ ਪੈਜੇ। ਪ੍ਰਧਾਨ ਜੀ ਨੂੰ ਵਹਿਮ ਹੁੰਦਾ ਏ ਕਿ, ਇਹ ਲੋਕ ਇਨ੍ਹਾਂ ਦੇ ਸ਼ੁੱਭਚਿੰਤਕ ਨੇ, ਪਰ ਅਸਲ ’ਚ ਪ੍ਰਧਾਨ ਜੀ ਦੀ ਅਸਲ ਹੈਸੀਅਤ, ਇਨ੍ਹਾਂ ਲਈ, ਸੋਨੇ ਦੇ ਆਂਡੇ ਦੇਣ ਵਾਲੀ ਇੱਕ ਮੁਰਗੀ ਤੋਂ ਵੱਧ ਨਹੀਂ ਹੁੰਦੀ। ਹਾਲਾਂਕਿ ਕੁਝ ਕੁ ਪ੍ਰਧਾਨ ਜੀ ਹੁਰਾਂ ਦੇ ਕੰਮ ਸੂਤਰ ਵੀ ਆਏ ਨੇ ਤੇ ਰੋਲ-ਗਦੋਲ ’ਚ ਉਨ੍ਹਾਂ ਵੱਡੀਆਂ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਨੇ ਪਰ ਉਨ੍ਹਾਂ ਦੀ ਗਿਣਤੀ, ਉਂਗਲਾਂ ’ਤੇ ਵੀ ਕੀਤੀ ਜਾ ਸਕਦੀ ਏ।

ਤੁਹਾਡੇ ਪਿੰਡਾਂ, ਸ਼ਹਿਰਾਂ ’ਚ, ਕੱਪੜਿਆਂ ਵਾਂਗ ਆਪਣੀ ਲੋੜ ਅਨੁਸਾਰ ਨਿੱਤ ਪਾਰਟੀਆਂ ਬਦਲਣ ਵਾਲੇ, ਵੱਡੇ-ਵੱਡੇ ਹੋਰਡਿੰਗਸ ਤੇ ਲੋਕਲ ਅਖਬਾਰਾਂ ’ਚ ਆਪਣੀ ਚਿੱਟੇ ਕੁੜਤੇ-ਪਜਾਮੇ ਵਾਲੀਆਂ ਸ਼ਾਨਦਾਰ ਤਸਵੀਰਾਂ ਰਾਹੀਂ, ਤੁਹਾਨੂੰ ਹਰੇਕ ਵਾਰ-ਤਿਉਹਾਰ ਦੀਆਂ ਵਧਾਈਆਂ ਦੇ ਕੇ, ਐਮਐਲਏ ਦੀਆਂ ਟਿਕਟਾਂ ਪੱਕੀਆਂ ਕਰਨ, ਜਾਂ ਮੰਤਰੀ ਸਾਬ੍ਹ ਦੇ ਦਿਲ ’ਚ ਥਾਂ ਬਣਾਉਣ ਦੇ ਇੱਛੁਕ ਲੋਕ, ਆਮ ਨ੍ਹੀਂ ਹੁੰਦੇ, ਪ੍ਰਧਾਨ ਜੀ ਹੁੰਦੇ ਨੇ।

ਇਹ ਵੀ ਤਾਂ ਸੱਚ ਏ ਕਿ, ਪੰਜਾਬ ਦੇ ਇਨ੍ਹਾਂ ਪ੍ਰਧਾਨ ਜੀ ਹੁਰਾਂ ਦੇ ਸਿਰ ’ਤੇ ਈ, ਕਿੰਨੇ ਈ ਲੋਕਾਂ ਦਾ ਰੁਜ਼ਗਾਰ ਚੱਲਦਾ ਏ, ਹਾਲਾਂਕਿ ਜ਼ਿਆਦਾਤਰ ਪ੍ਰਧਾਨ ਜੀ ਹੁਰੀਂ ਆਪ ਬੇਰੁਜ਼ਗਾਰ ਈ ਹੁੰਦੇ ਨੇ, ਪਰ ਪ੍ਰਧਾਨ ਜੀ ਹੁਰੀਂ, ਹਰੇਕ ਥਾਂ ’ਤੇ ਵੀਆਈਪੀ ਟ੍ਰੀਟਮੈਂਟ ਲੈਣ ਦੀ ਤਾਂਘ ’ਚ ਈ ਰਹਿੰਦੇ ਨੇ। ਕਈ ਸਾਲ ਪਹਿਲਾਂ, ਮੇਰੀ ਵੋਟ ਬਣਾਉਣ ਦੀ ਬੀਐਲਓ ਡਿਊਟੀ ਦੌਰਾਨ, ਵੋਟ ਬਣਵਾਉਣ ਆਏ ਚਾਰ ਕੁ ਲੋਕਾਂ ਨੂੰ, ਮੈਂ ਲੌੜੀਂਦੇ ਸਬੂਤਾਂ ਸਬੰਧੀ ਕਾਗਜਾਤ ਲੈ ਕੇ ਆਉਣ ਲਈ ਆਖ ਦਿੱਤਾ ਪਰ ਉਹ ਭਲੇ ਪੁਰਸ਼ ਕਾਗਜਾਤ ਦੀ ਥਾਂ ’ਤੇ ਇੱਕ ‘ਪ੍ਰਧਾਨ ਜੀ’ ਨੂੰ ਨਾਲ ਲੈ ਆਏ, ਸਕੂਲ ਦੇ ਗੇਟ ਤੋਂ ਈ ਗਰਮ ਪ੍ਰਧਾਨ ਜੀ ਦੇ ਸ਼ਬਦ ਮੇਰੇ ਕੰਨਾਂ ’ਚ ਪੈ ਗਏ, ਲੈ ਆਪਣੇ ਬੰਦਿਆਂ ਦੀ ਵੋਟ ਨ੍ਹੀਂ ਬਣਾਵੰਦਾ, ਮੈਂ ਐਮਅਲ ਨੂੰ ਆਖ, ਪਠਾਨਕੋਟ ਧੱਕ ਦੇਣਾ ਏ, ਇਨੂੰ। ਪਰ ਮੈਨੂੰ ਪਤਾ ਸੀ, ਕਿੱਥੋਂ ਵੱਢਿਆਂ, ਖੂਨ ਨ੍ਹੀਂ ਆਉਣਾ।

ਮੈਂ ਕੋਲ ਆਉਂਦਿਆਂ ਈ ਕਿਹਾ, ਮਹਿੰਦਰ, ਕੁਰਸੀ ਲਿਆ, ਪ੍ਰਧਾਨ ਜੀ ਲਈ। ਇੰਨੀ ਭੀੜ ’ਚ ਸਪੈਸ਼ਲ ਕੁਰਸੀ ਮਿਲਣ ਨਾਲ, ਪ੍ਰਧਾਨ ਜੀ ਨੂੰ ਅੰਦਰੋਂ ਫੀਲ ਗੁੱਡ ਹੋਇਆ, ਨਾਲ ਦੀ ਨਾਲ ਈ ਬੋਰੋਸਿਲ ਦੇ ਡੂਢ ਸੌ ਰੁਪਈਆਂ ਆਲੇ ਕੱਚ ਦੇ ਪਾਰਦਰਸ਼ੀ ਗਲਾਸ ’ਚ ਆਇਆ ਪਾਣੀ ਪੀ, ਪ੍ਰਧਾਨ ਜੀ ਠੰਢੇ ਹੋ ਕਹਿੰਦੇ, ਮਾਸਟਰ ਸਾਬ੍ਹ, ਆ ਆਪਣੇ ਬੰਦੇ ਬੋਟ ਬਣਾਵਣ ਆਏ ਰਏ ਨੇ ਥੋਡੇ ਕੋਲ, ਰੌਲਾ ਕੀ ਏ? ਮੈਂ ਕਿਹਾ, ਪ੍ਰਧਾਨ ਜੀ, ਤੁਸੀਂ ਤਾਂ ਚੰਡੀਗੜ੍ਹ ਤੱਕ ਦੇ ਕੰਮਾਂ ਦੇ ਜਾਣੀ ਜਾਣ ਓ, ਅੱਜ-ਕੱਲ੍ਹ ਸਾਰਾ ਆਨਲਾਈਨ ਸਿਸਟਮ ਏ, ਪਛਾਣ ਪੱਤਰ ਦਾ ਨੰਬਰ ਜਰੂਰੀ ਏ, ਬੱਸ ਓ ਫੋਟੋਕਾਪੀ ਨਾਲ ਲਾਉਣੀ ਏ, ਫਾਰਮ ਮੈਂ ਆਪੇ ਭਰ ਦਿੰਨਾ। ਜਦੋਂ ਅਫਸਰ ਸਾਬ੍ਹ ਆਂਹਦੇ ਨੇ ਤਾਂ ਥੋਨੂੰ ਗੋਲੀ ਪੈਂਦੀ ਏ, ਫਟੋਸਟੇਟ ਕਰਾ ਕੇ ਲਿਆਓ, ਸਾਰਿਆਂ ਦੇ ਬੋਟ ਬਣ ਜਾਸਣ, ਮੈਂ ਬੈਠਾਂ ਉਹਨਾਂ ਬੰਦਿਆਂ ਨੂੰ ਆਖਦਿਆਂ, ਸੋਨੇ ਦੀਆਂ ਦੋ ਮੁੰਦਰੀਆਂ ਤੇ ਕੜਾ ਪਾਇਆ ਹੱਥ, ਮੇਰੇ ਨਾਲ ਗਰਮਜੋਸ਼ੀ ਨਾਲ ਮਿਲਾਉਂਦਿਆਂ ਪ੍ਰਧਾਨ ਜੀ ਨੇ ਖੁਸ਼ੀ-ਖੁਸ਼ੀ ਵਿਦਾਇਗੀ ਲਈ ।

ਕੁਝ ਕੁ ਵਿਸ਼ੇਸ਼ ਪ੍ਰਧਾਨ ਜੀ, ਦਲਾਲ ਵੀ ਹੁੰਦੇ ਨੇ, ਮੱਝਾਂ-ਗਾਵਾਂ ਜਾਂ ਕਾਰਾਂ-ਟਰੈਕਟਰਾਂ ਦੇ ਨ੍ਹੀਂ, ਇਹ ਦਲਾਲੀ ਕਰਦੇ ਨੇ ਆਪਸੀ ਝਗੜਿਆਂ ਜਾਂ ਵਿਵਾਦਾਂ ਦੇ ਨਿਪਟਾਰੇ ਦੀ, ਨੌਕਰੀਆਂ ਦਿਵਾਉਣ ਜਾਂ ਬਦਲੀਆਂ ਕਰਵਾਉਣ ਦੀ, ਸਰਕਾਰੀ ਠੇਕਿਆਂ ਆਦਿ ਦੀ ਇਨ੍ਹਾਂ ਦੇ ਕਾਲੇ ਕੰਮਾਂ ਦੀ ਲਿਸਟ ਬਹੁਤ ਲੰਮੀ ਏ।

ਇਸ ਕਿਸਮ ਦੇ ਪ੍ਰਧਾਨ ਜੀ ਹੁਰਾਂ ਨੇ, ਆਮ ਲੋਕਾਂ ਦੇ ਸੁਪਨਿਆਂ ਦਾ ਕਤਲ ਕਰਦਿਆਂ, ਭਿ੍ਰਸ਼ਟਾਚਾਰ ਦੇ ਬੂਟੇ ਨੂੰ, ਆਪਣੀਆਂ ਕਾਲੀਆਂ-ਕਰਤੂਤਾਂ ਦੀ ਯੂਰੀਆ ਦਾ ਛਿੱਟਾ ਲਗਾਤਾਰ ਦੇ-ਦੇ ਕੇ ਵੱਡਾ ਦਰਖਤ ਬਣਾ ਦਿੱਤਾ ਏ। ਕੁਝ ਕੁ ਪ੍ਰਧਾਨਾਂ ਦਾ ਕੰਮ ਹੁੰਦਾ ਏ, ਆਪਣੇ ਪਿੰਡ-ਸ਼ਹਿਰ ’ਚ ਹਰ ਸਮੇਂ ਤਨਾਅਪੂਰਨ ਮਾਹੌਲ ਰੱਖਣ ਦਾ, ਇਹ ਸਿਰਫ ਵਿਰੋਧ ਲਈ ਵਿਰੋਧ ਕਰਨ ਤੇ ਆਪਣੀ ਹਾਜ਼ਰੀ ਦਿਖਾਉਣ ਹਿੱਤ ਈ, ਪਿੰਡ-ਸ਼ਹਿਰ ਦੇ ਭਲੇ ਦਾ, ਕੋਈ ਵੀ ਕੰਮ ਨ੍ਹੀਂ ਹੋਣ ਦਿੰਦੇ, ਪਰ ਜਦੋਂ ਇਨ੍ਹਾਂ ਨਾਲ ਸੈਟਿੰਗ ਹੋ ਜਾਂਦੀ ਏ ਤਾਂ ਬੇਸ਼ਰਮੀ ਨਾਲ ਉਸੇ ਕੰਮ ਦੀ ਤਾਰੀਫ ਸਰਵਜਨਕ ਤੌਰ ’ਤੇ ਕਰਨ ਲੱਗ ਜਾਂਦੇ ਨੇ, ਜਿਸ ਦੇ ਖਿਲਾਫ ਇਨ੍ਹਾਂ ਧਰਨਾ ਤੀਕ ਲਾਇਆ ਹੁੰਦਾ ਏ ।

ਕਈ ਪ੍ਰਧਾਨ ਜੀ, ਪ੍ਰਤਿਭਾਵਾਨ ਲੋਕਾਂ ਨੂੰ ਪਿੱਛੇ ਧੱਕ, ਕਿਸੇ ਹੋਰ ਦੀ ਮਿਹਨਤ ਦਾ ਸਿਹਰਾ ਆਪਣੇ ਸਿਰ ਬੰਨ੍ਹਣ ’ਚ ਭੋਰਾ ਵੀ ਸ਼ਰਮ ਨ੍ਹੀਂ ਕਰਦੇ, ਉੱਥੇ ਹੀ ਬਹੁਤ ਸਾਰੇ ਪ੍ਰਧਾਨ ਜੀ ਹੁਰਾਂ ਨੇ ਆਪਣੇ ਪਿਓ-ਦਾਦਿਆਂ ਦੀਆਂ ਮਿਹਨਤਾਂ ਨਾਲ ਬਣਾਈਆਂ ਜਮੀਨਾਂ-ਜਾਇਦਾਦਾਂ, ਸਿਰਫ ਫੋਕੀ ਚੌਧਰ ਲਈ, ਪਾਰਟੀਆਂ ਦੀਆਂ ਟਿਕਟਾਂ ਪ੍ਰਾਪਤ ਕਰਨ ਜਾਂ ਸਰਪੰਚੀ-ਐਮਐਲਏ ਦੀਆਂ ਚੋਣਾਂ ’ਚ ਬਰਬਾਦ ਕੀਤੀਆਂ ਨੇ ਤੇ ਕਰ ਰਹੇ ਨੇ, ਜਿਹੜੇ ਬਜ਼ੁਰਗਾਂ ਨੇ ਠਿਆਨੀ-ਠਿਆਨੀ ਜੋੜ, ਭੁੱਖੇ-ਭਾਣੇ ਰਹਿੰਦਿਆਂ, ਸਾਰੀ ਉਮਰ ਬਲਦਾਂ ਨਾਲ ਬਲਦ ਬਣ ਖੇਤ ਬਣਾਏ, ਉਨ੍ਹਾਂ ਦੇ ਪੋਤੇ ਕੁਝ ਪ੍ਰਧਾਨ ਜੀ, ਫੁਕਰਾਪੰਤੀ ’ਚ, ਉਨ੍ਹਾਂ ਈ ਖੇਤਾਂ ’ਚ ਜਦੋਂ ਪਾਣੀ ਨਾਲ ਭਰੇ ਵਾਹਣ ’ਚ ਤੀਹ-ਤੀਹ ਲੱਖ ਦੀਆਂ ਗੱਡੀਆਂ ਵਾੜ, ਵੀਡੀਓ ਬਣਾਉਂਦੇ ਨੇ ਤਾਂ ਸਿਰਫ ਗੱਡੀ ਈ ਚਿਕੜ ਨਾਲ ਨ੍ਹੀਂ ਲਿੱਬੜਦੀ, ਸਗੋਂ ਲਾਹਨਤਾਂ ਨਾਲ ਪ੍ਰਧਾਨ ਜੀ ਹੁਰਾਂ ਦੀ ਸ਼ਖਸੀਅਤ ਵੀ ਹਮੇਸ਼ਾ ਲਈ ਲਿੱਬੜ ਜਾਂਦੀ ਏ। ਕਈ ਪ੍ਰਧਾਨ ਜੀ ਹੋਰਾਂ ਦੇ ਵਿਸ਼ੇਸ਼ ਚਰਿੱਤਰ ਦੇ ਦਰਸ਼ਨ, ਜਿੱਥੇ ਉਨ੍ਹਾਂ ਦੀ ਵਾਇਰਲ ਆਡੀਓ-ਵੀਡੀਓ ਰਾਹੀਂ ਹੁੰਦੇ ਨੇ, ਉੱਥੇ ਈ ਕੁਝ ਕੁ ਪ੍ਰਧਾਨ ਜੀ, ਸ਼ਰੇਆਮ ਛਿੱਤਰ ਪਰੇਡ ਦੀ ਰੱਜਵੀਂ ਸੌਗਾਤ ਪ੍ਰਾਪਤ ਕਰ ਚੁੱਕੇ ਹਨ।

ਮਤਲਬਪ੍ਰਸਤੀ ਦੇ ਇਸ ਦੌਰ ’ਚ ਕੁਝ ਪ੍ਰਧਾਨ ਜੀ ਇਸ ਤਰ੍ਹਾਂ ਦੇ ਵੀ ਨੇ, ਜੋ ਲੋਕਾਂ ਦੀ ਸੇਵਾ ਲਈ ਤਨ-ਮਨ-ਧਨ ਤੋਂ ਸਮਰਪਿਤ ਨੇ ਪਰ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਏ, ਜਿਨ੍ਹਾਂ ਦਾ ਉਦੇਸ਼ ਸਿਰਫ ਮਨੁੱਖਤਾ ਤੇ ਲੋਕ ਭਲਾਈ ਈ ਹੁੰਦਾ ਏ, ਪਰ ਆਮ ਲੋਕ, ਰਾਜਨੀਤਕ ਦਲ ਤੇ ਸੰਸਥਾਵਾਂ ਵੀ, ਇਨ੍ਹਾਂ ਪ੍ਰਧਾਨਾਂ ਨੂੰ ਖਾਸ ਤਵੱਜੋ ਨ੍ਹੀਂ ਦਿੰਦੀਆਂ ਕਿਉਂਕਿ ਇਨ੍ਹਾਂ ਦੀ ਇਮਾਨਦਾਰੀ ਤੇ ਨੈਤਿਕਤਾ ਕਾਰਨ, ਇਹ ਕਿਸੇ ਦੇ ਵੀ ਖਾਂਚੇ ’ਚ ਫਿੱਟ ਨਹੀਂ ਬੈਠਦੇ। ਸਾਡੇ ਲਈ, ਸਾਡੇ ਆਪਣੇ ਤੋਂ ਵੱਡਾ ਕੋਈ ਹੋਰ ਜੱਜ ਨਹੀਂ ਹੁੰਦਾ, ਸਾਡੇ ਸਾਰਿਆਂ ’ਚ ਈ ਪ੍ਰਧਾਨ ਜੀ ਬੈਠਾ ਏ, ਕਿਸੇ ’ਚ ਘੱਟ ਤੇ ਕਿਸੇ ’ਚ ਵੱਧ ਪਰ ਕਿਹੜਾ ਇਹ ਸਿਰਫ ਅਸੀਂ ਜਾਣਦੇ ਆਂ। ‘ਪ੍ਰਧਾਨ ਜੀ’ ਦੀ ਨੈਤਿਕ ਉਪਾਧੀ, ਜੋ ਹੌਲੀ-ਹੌਲੀ ਮਜ਼ਾਕ ਦਾ ਪਾਤਰ ਬਣਦੀ ਜਾ ਰਹੀ ਏ, ਇਸ ਸ਼ਬਦ ਦੀ ਮਰਿਆਦਾ ਤੇ ਨੈਤਿਕਤਾ ਨੂੰ ਕਾਇਮ ਰੱਖਣ ਦੀ ਜਿੰਮੇਵਾਰੀ, ਸਾਡੀ ਸਾਰਿਆਂ ਦੀ ਹੀ ਹੈ, ਸੋ ਆਓ! ਆਪਾਂ ਸਾਰੇ ਈ ਨੈਤਿਕਤਾ ਦਾ ਪਾਲਣ ਕਰਨ ਦਾ ਪ੍ਰਣ ਲਈਏ।
ਕਾਲਮ ਨਵੀਸ, ਖੂਈ ਖੇੜਾ, ਫਾਜ਼ਿਲਕਾ
ਮੋ. 98727-05078
ਅਸ਼ੋਕ ਸੋਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ