‘ਸਾਹਿਤ ਦੇ ਮੱਕੇ’ ਬਰਨਾਲਾ ’ਚ ਆਧੁਨਿਕ ਲਾਇਬ੍ਰੇਰੀ ਤੇ ਸਾਹਿਤਕਾਰਾਂ ਲਈ ਬਣਾਇਆ ਜਾਵੇਗਾ ਭਵਨ: ਮੀਤ ਹੇਅਰ

 ਕਿੱਸਾਕਾਰ ਵਾਰਿਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ

  • ਕੀਰਤੀ ਕਿਰਪਾਲ ਦੀ ਟੀਮ ਵੱਲੋਂ ਨਾਟਕ ‘ਵਾਰਿਸ ਸ਼ਾਹ’ ਦੀ ਬਾਕਮਾਲ ਪੇਸ਼ਕਾਰੀ

(ਜਸਵੀਰ ਸਿੰਘ ਗਹਿਲ/ਮਨੋਜ ਸ਼ਰਮਾ) ਬਰਨਾਲਾ/ਹੰਢਿਆਇਆ। ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸ ਦੇ ਹੋਰ ਪ੍ਰਚਾਰ ਤੇ ਪ੍ਰਸਾਰ ਲਈ ਆਉਦੇ ਦਿਨੀਂ ਵਿਆਪਕ ਮੁਹਿੰਮ ਵਿੱਢੀ ਜਾਵੇਗੀ। ਇਹ ਗੱਲ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਸ਼ਾ ਵਿਭਾਗ ਵੱਲੋਂ ਪ੍ਰਸਿੱਧ ਕਿੱਸਾਕਾਰ ਵਾਰਿਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਦੌਰਾਨ ਆਖੀ। (Waris Shah Birth Centenary)

ਸਾਹਿਤਕਾਰਾਂ ਲਈ ਭਵਨ ਵੀ ਉਸਾਰਿਆ ਜਾਵੇਗਾ

ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਤੇ ਭਾਸ਼ਾ ਨੂੰ ਹੋਰ ਮਕਬੂਲ ਕਰਨ ਲਈ ਸਾਂਝੇ ਉਦਮਾਂ ਤੇ ਇਸ ਨੂੰ ਦਿਲੋਂ ਅਪਣਾਉਣ ਦੀ ਲੋੜ ਹੈ। ਸ੍ਰੀ ਮੀਤ ਹੇਅਰ ਨੇ ਕਿਹਾ ਕਿ ਇਸ ਸਬੰਧੀ ਪਲੇਠਾ ਕਦਮ ਪੁੱਟਦੇ ਹੋਏ ਰਾਜ ਦੇ ਸਮੂਹ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਹੋਰ ਥਾਵਾਂ ’ਤੇ ਨਾਮ ਪੱਟੀਆਂ, ਸਾਈਨ ਬੋਰਡ ਆਦਿ ’ਤੇ ਸਭ ਤੋਂ ਉਪਰ ਪੰਜਾਬੀ ਵਿੱਚ ਨਾਮ ਲਿਖਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹੁਣ ਆਉਂਦੇ ਦਿਨੀਂ ਵਿਆਪਕ ਮੁਹਿੰਮ ਚਲਾਈ ਜਾਵੇਗੀ, ਜਿਸ ’ਚ ਉਹ ਖ਼ੁਦ ਸ਼ਾਮਲ ਹੋ ਕੇ ਪ੍ਰਾਈਵੇਟ ਸੰਸਥਾਵਾਂ, ਮਾਲਾਂ ਆਦਿ ’ਚ ਨਾਮ ਪੱਟੀਆਂ ’ਤੇ ਸਭ ਤੋਂ ਉਪਰ ਪੰਜਾਬੀ ’ਚ ਨਾਮ ਲਿਖਣ ਲਈ ਲੋਕਾਂ ਨੂੰ ਗੁਜ਼ਾਰਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲ ਕਰਦੇ ਹੋਏ 30 ਕਰੋੜ ਰੁਪਏ ਦਾ ਬਜਟ ਵੱਖ-ਵੱਖ ਜ਼ਿਲ੍ਹਿਆਂ ’ਚ ਲਾਇਬ੍ਰੇਰੀਆਂ ਬਣਾਉਣ ਲਈ ਰੱਖਿਆ ਗਿਆ ਹੈ ਤੇ ‘ਸਾਹਿਤ ਦੇ ਮੱਕੇ’ ਬਰਨਾਲਾ ਵਿੱਚ ਆਧੁਨਿਕ ਲਾਇਬ੍ਰੇਰੀ ਬਣਾਉਣ ਦੇ ਨਾਲ-ਨਾਲ ਸਾਹਿਤਕਾਰਾਂ ਲਈ ਭਵਨ ਵੀ ਉਸਾਰਿਆ ਜਾਵੇਗਾ।

ਵਿਧਾਇਕ ਲਾਭ ਸਿੰਘ ਉਗੋਕੇ ਨੇ ਪੰਜਾਬੀ ਭਾਸ਼ਾ ਤੇ ਬੋਲੀ ’ਤੇ ਗੱਲ ਕਰਦੇ ਹੋਏ ਕਿਹਾ ਕਿ ਉਹੀ ਸਮਾਜ, ਰਾਜ, ਲੋਕ ਅਗਾਂਹਵਧੂ ਹੋ ਸਕਦੇ ਹਨ, ਜੋ ਆਪਣੀ ਮਾਂ ਬੋਲੀ ਦਾ ਸਨਮਾਨ ਕਰਦੇ ਹੋਣ। ਪੰੰਜਾਬੀ ਸਾਹਿਤ ਰਤਨ ਸ੍ਰੀ ਓਮ ਪ੍ਰਕਾਸ਼ ਗਾਸੋ ਨੇ ਵਾਰਿਸ ਸ਼ਾਹ ਨੂੰ ਵਿਦਵਤਾ ਦਾ ਚਾਨਣ ਦੱਸਦੇ ਹੋਏ ਕਿਹਾ ਕਿ ‘ਚਾਨਣ’ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ। ਇਸ ਮੌਕੇ ਸ਼੍ਰੋਮਣੀ ਪੰਜਾਬੀ ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਨੇ ਵਾਰਿਸ ਸ਼ਾਹ ਦੇ ਜੀਵਨ, ਰਚਨਾ ‘ਹੀਰ’ ਤੇ ਹੋਰ ਰਚਨਾਵਾਂ ਦੇ ਕਈ ਅਣਛੋਹੇ ਪਹਿਲੂਆਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਹਿਤਕਾਰ ਤਾਂ ਸਭ ਦੇ ਸਾਂਝੇ ਹੁੰਦੇ ਹਨ।

24----2

ਜਗਰਾਜ ਧੌਲਾ ਨੇ ‘ਹੀਰ’ ਦਾ ਗਾਇਨ ਬਾਖੂਬੀ ਕੀਤਾ

ਇਸ ਮੌਕੇ ਜਗਰਾਜ ਧੌਲਾ ਨੇ ‘ਹੀਰ’ ਦਾ ਗਾਇਨ ਬਾਖੂਬੀ ਕੀਤਾ। ਭਾਸ਼ਾ ਵਿਭਾਗ ਦੀ ਸੰਯੁਕਤ ਡਾਇਰੈਕਟਰ ਵੀਰਪਾਲ ਕੌਰ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਜਿੱਥੇ ਪੰਜਾਬ ਰਾਜ ਭਾਸ਼ਾ ਤਰਮੀਮ ਐਕਟ 2008 ਦੀਆਂ ਤਰਮੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ, ਉਥੇ ਆਉੇਦੇ ਦਿਨੀਂ ਜਨਤਕ ਮੁਹਿੰਮ ਵਿੱਢੀ ਜਾਵੇਗੀ।

ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਨੇ ਕਿੱਸਾਕਾਰ ਵਾਰਿਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਮਨਾਉਣ ਦੀ ਪਹਿਲ ਕੀਤੀ ਹੈ ਤੇ ਇਹ ਸਮਾਗਮ ਜ਼ਿਲ੍ਹਾ ਪੱਧਰ ’ਤੇ ਵੀ ਕਰਾਏ ਜਾ ਰਹੇ ਹਨ ਤੇ ਵੱਖ-ਵੱਖ ਸੰਸਥਾਵਾਂ ਅਤੇ ਸਾਹਿਤ ਅਕਾਦਮੀਆਂ ਵੱਲੋਂ ਵੀ ਕਰਵਾਏ ਜਾਣਗੇ। ਇਸ ਮੌਕੇ ਕੀਰਤੀ ਕਿਰਪਾਲ ਵੱਲੋਂ ਨਿਰਦੇਸ਼ਿਤ ਨਾਟਕ ‘ਵਾਰਿਸ ਸ਼ਾਹ’ ਵੀ ਖੇਡਿਆ ਗਿਆ। ਸਮਾਗਮ ਦੌਰਾਨ ਭਾਸ਼ਾ ਵਿਭਾਗ ਦੀਆਂ ਦੋ ਪੁਸਤਕਾਂ ‘ਹਿਮਜ਼ ਆਫ ਸ੍ਰੀ ਗੁਰੂ ਨਾਨਕ ਦੇਵ ਜੀ’ ਅਤੇ ‘ਪੰਥ ਪ੍ਰਕਾਸ਼’ (ਗਿਆਨੀ ਗਿਆਨ ਸਿੰਘ) ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਾਹਿਤਕਾਰ ਸ੍ਰੀ ਓਮ ਪ੍ਰਕਾਸ਼ ਗਾਸੋ ਵੱਲੋਂ ਲੋਕ ਅਰਪਣ ਕੀਤੀਆਂ ਗਈਆਂ।

ਚੰਡੀਗੜ੍ਹ ਤੇ ਪੰਜਾਬ ਯੂਨੀਵਰਸਿਟੀ ਸਾਡੀ ਧਰੋਹਰ

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸਟੈਂਡ ਸਪੱਸ਼ਟ ਹੈ ਕਿ ਚੰਡੀਗੜ, ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹਨ ਤੇ ਇਹ ਧਰੋਹਰ ਖੁੱਸਣ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੁਹਰਾਇਆ ਕਿ ਪੰਜਾਬ ਯੂਨੀਵਰਸਿਟੀ ਨੂੰ ਕਿਸੇ ਵੀ ਹਾਲਤ ’ਚ ਸਾਡੇ ਤੋਂ ਵੱਖ ਨਹੀਂ ਹੋਣ ਦਿੱਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here