ਧੋਖਾਦੇਹੀ ਕਾਰਨ ਮਾਨਸਿਕ ਤੌਰ ’ਤੇ ਪੀੜਤ ਕਿਸਾਨ ਨੇ ਕੀਤੀ ਖੁਦਕੁਸ਼ੀ

ਧੋਖਾਦੇਹੀ ਕਾਰਨ ਮਾਨਸਿਕ ਤੌਰ ’ਤੇ ਪੀੜਤ ਕਿਸਾਨ ਨੇ ਕੀਤੀ ਖੁਦਕੁਸ਼ੀ

ਲੌਂਗੋਵਾਲ (ਹਰਪਾਲ)। ਪਿੰਡੀ ਸਤੀਪੂਰਾ ਦੇ ਇੱਕ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਥਾਣਾ ਲੌਂਗੋਵਾਲ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਮਿ੍ਰਤਕ ਕਿਸਾਨ ਦੇ ਪੁੱਤਰ ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਗੋਬਿੰਦਰ ਸਿੰਘ ਨੇ ਉੱਤਮ ਸਿੰਘ ਪੁੱਤਰ ਗੁਰਬਖਸ਼ ਸਿੰਘ, ਮਿੱਠੂ ਸਿੰਘ ਅਤੇ ਮਲਕੀਤ ਸਿੰਘ ਪੁੱਤਰਾਨ ਉੱਤਮ ਸਿੰਘ ਵਾਸੀਆਨ ਪੱਤੀ ਦੁੱਲਟ, ਲੌਂਗੋਵਾਲ ਪਾਸੋਂ ਸਾਲ 2019 ’ਚ ਦੋ ਏਕੜ ਜ਼ਮੀਨ ਖਰੀਦੀ ਸੀ।

ਇਸ ਦੌਰਾਨ ਉਨ੍ਹਾਂ ਕਰਜ਼ਾ ਚੁੱਕ ਕੇ ਦੂਜੀ ਧਿਰ ਨੂੰ ਛੇ ਲੱਖ ਰੁਪਏ ਬਤੌਰ ਬਿਆਨੇ ਵਜੋਂ ਦਿੱਤੇ ਸਨ। ਜ਼ਮੀਨ ਦੀ ਰਜਿਸਟਰੀ ਕਰਵਾਉਣ ਦਾ ਸਮਾਂ ਵੀ ਨਿਰਧਾਰਿਤ ਕੀਤਾ ਸੀ। ਪਰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਪਰੋਕਤ ਧਿਰ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਪਾਸਾ ਵੱਟਦੀ ਰਹੀ।ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੇਰੇ ਪਿਤਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਏ ਸਨ।

ਉਨ੍ਹਾਂ ਨਾਲ ਹੋਈ ਇਸ ਠੱਗੀ ਕਾਰਨ ਲੰਘੀ ਰਾਤ ਉਨ੍ਹਾਂ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮਾਮਲੇ ਸਬੰਧੀ ਥਾਣਾ ਲੌਂਗੋਵਾਲ ਦੇ ਐੱਸ.ਐੱਚ.ਓ. ਜਗਮੇਲ ਸਿੰਘ ਨੇ ਦੱਸਿਆ ਕਿ ਮਿ੍ਰਤਕ ਕਿਸਾਨ ਦੇ ਪੁੱਤਰ ਮੱਖਣ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉੱਤਮ ਸਿੰਘ ਪੁੱਤਰ ਗੁਰਬਖਸ਼ ਸਿੰਘ, ਮਿੱਠੂ ਸਿੰਘ ਅਤੇ ਮਲਕੀਤ ਸਿੰਘ ਪੁੱਤਰਾਨ ਉੱਤਮ ਸਿੰਘ ਵਾਸੀਆਨ ਪੱਤੀ ਦੁੱਲਟ, ਲੌਂਗੋਵਾਲ ਦੇ ਖਿਲਾਫ ਥਾਣਾ ਲੌਂਗੋਵਾਲ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ