ਖਨੌਰੀ ‘ਚ ਬੈਰੀਕੇਡ ਤੋੜ ਕੇ ਅੱਗੇ ਵਧੇ ਵੱਡੀ ਗਿਣਤੀ ਕਿਸਾਨ

ਪੁਲਿਸ ਵੱਲੋਂ ਚਲਾਏ ਅੱਥਰੂ ਗੈਸ ਦੇ ਗੋਲੇ, ਤਿੰਨ ਪਰਤੀ ਬੈਰੀਕੇਡ ਕਿਸਾਨਾਂ ਨੇ ਮਿੰਟਾਂ ‘ਚ ਉਧੇੜੇ

ਖਨੌਰੀ, (ਗੁਰਪ੍ਰੀਤ ਸਿੰਘ) ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ‘ਦਿੱਲੀ ਚੱਲੋ’ ਅੰਦੋਲਨ ‘ਚ ਅੱਜ ਉਸ ਵੇਲੇ ਤਣਾਅ ਪੈਦਾ ਹੋ ਗਿਆ ਜਦੋਂ ਖਨੌਰੀ ਵਿੱਚ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਨੇ ਜੀਂਦ ਪੁਲਿਸ ਵੱਲੋਂ ਲਾਏ ਗਏ ਤਿੰਨ ਪਰਤੀ ਬੈਰੀਕੇਡਾਂ ਨੂੰ ਪੱਤਿਆਂ ਵਾਂਗ ਉਡਾ ਦਿੱਤਾ  ਕਿਸਾਨਾਂ ਨੂੰ ਅੱਗੇ ਵਧਦਾ ਵੇਖ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ ਜਲ ਤੋਪਾਂ ਦੀਆਂ ਬੁਛਾੜਾਂ ਮਾਰਨੀਆਂ ਆਰੰਭ ਕਰ ਦਿੱਤੀਆਂ ਪਰ ਏਨੀ ਸਰਦੀ ਵਿੱਚ ਪਾਣੀ ਦੀਆਂ ਵੱਡੀਆਂ ਬੁਛਾੜਾਂ ਵੀ ਕਿਸਾਨਾਂ ਦੇ ਰੋਹ ਨੂੰ ਸ਼ਾਂਤ ਨਹੀਂ ਕਰ ਸਕੀਆਂ ਅਤੇ ਕਿਸਾਨ ਸਾਰੀਆਂ ਰੋਕਾਂ ਤੋੜ ਕੇ ਦਿੱਲੀ ਵਾਲੇ ਰਾਹ ਪੈ ਗਏ ਜਾਣਕਾਰੀ ਮੁਤਾਬਕ ਅੱਜ ਸਵੇਰ ਤੋਂ ਹੀ ਖਨੌਰੀ ਲਾਗੇ ਪਿੰਡ ਦਾਤਾ ਸਿੰਘ ਵਾਲਾ ਬਾਰਡਰ ‘ਤੇ ਕਿਸਾਨਾਂ ਦਾ ਵੱਡੀ ਗਿਣਤੀ ਜਮਾਵੜਾ ਹੋਣਾ ਆਰੰਭ ਹੋ ਗਿਆ

ਕਿਸਾਨ ਪਿਛਲੇ ਦੋ ਦਿਨਾਂ ਤੋਂ ਇੱਥੇ ਇਕੱਠੇ ਹੋ ਰਹੇ ਸਨ ਕਿਸਾਨਾਂ ਵੱਲੋਂ ਦਿਨ ਚੜ੍ਹਦੇ ਸਾਰੇ ਹੀ ਚਾਹ ਪਾਣੀ ਪੀ ਕੇ ਦਿੱਲੀ ਜਾਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਰੈਪਿਡ ਐਕਸ਼ਨ ਫੋਰਸ ਵੀ ਪੂਰੇ ਜਲੌਅ ਵਿੱਚ ਸੀ ਜੀਂਦ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵਾਲੇ ਰਾਹ ‘ਤੇ ਜਾਣ ਤੋਂ ਰੋਕਣ ਲਈ ਤਿੰਨ ਪਰਤਾਂ ਵਾਲੇ ਵੱਡੇ ਵੱਡੇ ਬੈਰੀਕੇਡ ਲਾ ਕੇ ਰੱਖੇ ਹੋਏ ਸਨ ਸਭ ਤੋਂ ਪਹਿਲਾਂ ਕੰਡਿਆਲੀ ਤਾਰ, ਉਸ ਤੋਂ ਬਾਅਦ ਵੱਡੇ ਵੱਡੇ ਪੱਥਰ ਅਤੇ ਲੋਹੇ ਦੇ ਵੱਡੇ ਟੀਨ ਨੁਮਾ ਬੈਰੀਕੇਡ ਤੇ ਸਭ ਤੋਂ ਬਾਅਦ ਮਿੱਟੀ ਦੀਆਂ ਵੱਡੀਆਂ ਵੱਡੀਆਂ ਢਿੱਗਾਂ ਲਾ ਦਿੱਤੀਆਂ ਇਸ ਪਿੱਛੋਂ ਸਾਰੇ ਬੈਰੀਕੇਡਾਂ ਨੂੰ ਮੋਟੇ ਮੋਟੇ ਸੰਗਲਾਂ ਨਾਲ ਨੂੜ ਦਿੱਤਾ ਗਿਆ

ਜਿਉਂ ਜਿਉਂ ਕਿਸਾਨ ਖਨੌਰੀ ਬਾਰਡਰ ‘ਤੇ ਵਧਦੇ ਗਏ ਕਿਸਾਨਾਂ ਨੇ ਬੈਰੀਕੇਡਾਂ ਨੂੰ ਧੱਕੇ ਮਾਰਨੇ ਆਰੰਭ ਕਰ ਦਿੱਤੇ ਕਿਸਾਨ ਆਗੂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਹਿ ਰਹੇ ਸਨ ਕਿ ਸਾਨੂੰ ਕੋਈ ਵੀ ਤਾਕਤ ਦਿੱਲੀ ਜਾਣ ਤੋਂ ਰੋਕ ਨਹੀਂ ਸਕਦੀ ਵੇਖਦਿਆਂ ਹੀ ਵੇਖਦਿਆਂ ਕਿਸਾਨਾਂ ਨੇ ਸੰਗਲ ਤੋੜ ਕੇ ਵੱਡੇ ਵੱਡੇ ਪੱਥਰ ਪਰਾਂ ਹਟਾ ਕੇ ਬੈਰੀਕੇਡਾਂ ਨੂੰ ਚੁੱਕ ਕੇ ਪਰ੍ਹਾਂ ਸੁੱਟ ਦਿੱਤਾ ਕਿਸਾਨ ਏਨੇ ਰੋਹ ਵਿੱਚ ਸਨ ਕਿ ਜਿਹੜੀ ਮਿੱਟੀ ਦੇ ਢੇਰ ਕਿਸਾਨਾਂ ਨੂੰ ਰੋਕਣ ਲਈ ਲਾਏ ਸਨ, ਉਨ੍ਹਾਂ ਨੂੰ ਕਿਸਾਨਾਂ ਨੇ ਹੱਥਾਂ ਨਾਲ ਹੀ ਚੁੱਕਣਾ ਆਰੰਭ ਕਰ ਦਿੱਤਾ ਅਤੇ ਕੁਝ ਹੀ ਸਮੇਂ ਬਾਅਦ ਬੈਰੀਕੇਡਾਂ ਨੂੰ ਤੋੜ ਦਿੱਤਾ ਗਿਆ ਅਤੇ ਕਿਸਾਨ ਵੱਡੀ ਗਿਣਤੀ ਵਿੱਚ ਅੱਗੇ ਵਧਣ ਲੱਗੇ

ਕਿਸਾਨਾਂ ਨੂੰ ਅੱਗੇ ਵਧਦੇ ਵੇਖ ਹਰਿਆਣਾ ਦੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਤਣਾਅ ਵਿੱਚ ਆ ਗਏ ਅਤੇ ਉਨ੍ਹਾਂ ਨੇ ਕਿਸਾਨਾਂ ‘ਤੇ ਜਲ ਤੋਪਾਂ ਨਾਲ ਪਾਣੀ ਦੀਆਂ ਬੁਛਾੜਾਂ ਮਾਰਨੀਆਂ ਆਰੰਭ ਕਰ ਦਿੱਤੀਆਂ ਏਨੀ ਸਰਦੀ ਵਿੱਚ ਕਿਸਾਨ ਠੰਢੇ ਪਾਣੀ ਦੀ ਪ੍ਰਵਾਹ ਨਾ ਕਰਦਿਆਂ ਅੱਗੇ ਵਧਦੇ ਗਏ ਫਿਰ ਪੁਲਿਸ ਵੱਲੋਂ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਵੀ ਵਰ੍ਹਾਉਣੇ ਚਾਲੂ ਕਰ ਦਿੱਤੇ ਮੌਕਾ ਸਾਂਭਦਿਆਂ ਕਿਸਾਨਾਂ ਵੱਲੋਂ ਅੱਖਾਂ ‘ਤੇ ਗਿੱਲੀਆਂ ਪੱਟੀਆਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ ਕਿਸਾਨਾਂ ਦੇ ਗਰਮ ਰੁਖ਼ ਨੂੰ ਭਾਂਪਦਿਆਂ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਪਿਛੇ ਹਟਣਾ ਹੀ ਚੰਗਾ ਸਮਝਿਆ ਖ਼ਬਰ ਲਿਖੇ ਜਾਣ ਤੱਕ ਕਿਸਾਨ ਖਨੌਰੀ ਤੋਂ ਕਾਫ਼ੀ ਅੰਗੇ ਲੰਘ ਚੁੱਕੇ ਸਨ ਤੇ ਪੁਲਿਸ ਵੱਲੋਂ ਪਿੱਛੇ ਹੀ ਬੈਰੀਕੇਡ ਲਾਏ ਗਏ ਸਨ ਤੇ ਉੱਥੇ ਵੀ ਕਿਸਾਨਾਂ ਨਾਲ ਕਸ਼ਮਕਸ਼ ਚੱਲ ਰਹੀ ਸੀ

ਭਾਕਿਯੂ ਉਗਰਾਹਾਂ ਦੇ ਹਜ਼ਾਰਾਂ ਕਿਸਾਨਾਂ ਵੱਲੋਂ ਖਨੌਰੀ ‘ਚ ਹੀ ਧਰਨਾ ਸ਼ੁਰੂ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦੂਜੀਆਂ ਕਿਸਾਨ ਜਥੇਬੰਦੀਆਂ ਤੋਂ ਆਪਣਾ ਰਸਤਾ ਵੱਖਰਾ ਕਰਦਿਆਂ ਖਨੌਰੀ ਤੇ ਹੋਰ ਥਾਵਾਂ ‘ਤੇ ਸੜਕ ਕਿਨਾਰੇ ਸ਼ਾਂਤਮਈ ਧਰਨਾ ਦੇਣਾ ਹੀ ਆਰੰਭ ਕਰ ਦਿੱਤਾ ਧਰਨੇ ਵਿੱਚ ਮੌਜ਼ੂਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੂਟਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਐਲਾਨ ਕੀਤਾ ਹੋਇਐ ਕਿ ਅਸੀਂ ਕੋਈ ਵੀ ਹਿੰਸਕ ਗਤੀਵਿਧੀ ਨਹੀਂ ਕਰਾਂਗੇ ਅਤੇ ਨਾ ਹੀ ਕੋਈ ਬੈਕੀਕੇਡ ਤੋੜਾਂਗੇ, ਉਨ੍ਹਾਂ ਕਿਹਾ ਕਿ ਸਾਡਾ ਧਰਨਾ ਪ੍ਰਦਰਸ਼ਨ ਖਨੌਰੀ ਵਿਖੇ ਹੀ ਸ਼ੁਰੂ ਹੋ ਗਿਆ ਹੈ ਅਤੇ ਅਗਲੇ ਦਿਨਾਂ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ  ਉਨ੍ਹਾਂ ਕਿਹਾ ਕਿ ਉਹ ਦੂਜੀਆਂ ਕਿਸਾਨ ਜਥੇਬੰਦੀਆਂ ਦਾ ਵਿਰੋਧ ਨਹੀਂ ਕਰਦੇ, ਸਿਰਫ ਉਨ੍ਹਾਂ ਦੇ ਵਿਚਾਰਕ ਮਤਭੇਦ ਹਨ ਪਰ ਮੰਜ਼ਿਲ ਉਨ੍ਹਾਂ ਦੀ ਵੀ ਉਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.