ਲੋਕ ਸਭਾ ਹਲਕਾ ਗੁਰਦਾਸਪੁਰ ’ਚ ਬਣਿਆ ਚੁਕੌਣਾ ਮੁਕਾਬਲਾ

Constituency Gurdaspur

ਸਾਰੀਆਂ ਪਾਰਟੀਆਂ ਨੇ ਜਿੱਤ ਲਈ ਲਾਇਆ ਅੱਡੀ ਚੋਟੀ ਦਾ ਜ਼ੋਰ | Constituency Gurdaspur

ਗੁਰਦਾਸਪੁਰ (ਰਾਜਨ ਮਾਨ)। ਪਾਕਿਸਤਾਨ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਇਸ ਵਾਰ ਕਾਂਗਰਸ ਆਪਣਾ ਕਿਲ੍ਹਾ ਮੁੜ ਫਤਹਿ ਕਰਨ, ਭਾਜਪਾ ਕਿਲਾ ਬਚਾਉਣ ਅਤੇ ਆਪ ਸੰਨ ਲਾਉਣ ਲਈ ਪੱਬਾਂ ਭਾਰ ਹੋਏ ਹਨ। ਅਕਾਲੀ ਦਲ ਵੱਲੋਂ ਵੀ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ। (Constituency Gurdaspur)

ਇਸ ਹਲਕੇ ਤੋਂ ਇਸ ਵਾਰ ਚੁਕੌਣਾ ਮੁਕਾਬਲਾ ਬਣਿਆ ਹੋਇਆ ਹੈ। ਕਾਂਗਰਸ ਵੱਲੋਂ ਆਪਣੇ ਕਿਲ੍ਹੇ ’ਤੇ ਮੁੜ ਕਾਬਜ਼ ਹੋਣ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਕਬਜ਼ਾ ਬਣਾਈ ਰੱਖਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਉਧਰ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਕਿਲ੍ਹੇ ਵਿਚ ਸੰਨ ਲਾਉਣ ਲਈ ਆਪਣੀ ਪੂਰੀ ਤਾਕਤ ਝੋਕੀ ਗਈ ਹੈ। ਉਧਰ ਪਹਿਲੀ ਵਾਰ ਭਾਜਪਾ ਤੋਂ ਅਲੱਗ ਹੋ ਕੇ ਮੈਦਾਨ ਵਿੱਚ ਉਤਾਰਿਆ ਸ਼੍ਰੋਮਣੀ ਅਕਾਲੀ ਦਲ ਵੀ ਆਪਣੀ ਹੋਂਦ ਦਿਖਾਉਣ ਦੀ ਲੜਾਈ ਲੜ ਰਿਹਾ ਹੈ। (Constituency Gurdaspur)

ਆਪਣੇ ਕਿੱਲ੍ਹੇ ’ਤੇ ਮੁੜ ਕਾਬਜ਼ | Constituency Gurdaspur

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਭਾਈਵਾਲੀ ਸਮੇਂ ਇਹ ਸੀਟ ਭਾਜਪਾ ਦੇ ਖਾਤੇ ਵਿੱਚ ਸੀ। ਅਕਾਲੀ ਦਲ ਪਹਿਲੀ ਵਾਰ ਨੀਮ ਪਹਾੜੀ ਇਲਾਕਿਆਂ ਵਿਚ ਆਪਣੀ ਥਾਂ ਲੱਭ ਰਿਹਾ ਹੈ। ਪਠਾਨਕੋਟ, ਸੁਜਾਨਪੁਰ,ਭੋਆ ਅਤੇ ਦੀਨਾਨਗਰ ਵਿਧਾਨ ਸਭਾ ਹਲਕਿਆਂ ਵਿਚ ਅਕਾਲੀ ਦਲ ਵੱਲੋਂ ਪਹਿਲਾਂ ਕਦੇ ਕੋਈ ਜ਼ਿਆਦਾ ਧਿਆਨ ਨਹੀਂ ਸੀ ਦਿੱਤਾ ਜਾਂਦਾ ਰਿਹਾ ਅਤੇ ਇਸ ਵਾਰ ਇਨ੍ਹਾਂ ਹਲਕਿਆਂ ਵਿੱਚ ਅਕਾਲੀ ਦਲ ਆਪਣੀਆਂ ਜੜ੍ਹਾਂ ਲਗਾ ਰਿਹਾ ਹੈ। ਕਾਂਗਰਸ ਪਾਰਟੀ ਜਿਹੜੀ 1952 ਤੋਂ ਬਾਅਦ 12 ਵਾਰ ਇਸ ਹਲਕੇ ’ਤੇ ਕਾਬਜ਼ ਰਹੀ ਹੁਣ ਆਪਣੇ ਕਿੱਲ੍ਹੇ ’ਤੇ ਮੁੜ ਕਾਬਜ਼ ਹੋਣ ਲਈ ਪੂਰੀ ਤਾਕਤ ਲਾ ਰਹੀ ਹੈ। ਉਧਰ ਕਾਂਗਰਸ ਲਈ ਵੀ ਇਸ ਕਿੱਲ੍ਹੇ ’ਤੇ ਮੁੜ ਕਾਬਜ਼ ਹੋਣ ਲਈ ਏਕਾ ਬਹੁਤ ਜ਼ਰੂਰੀ ਹੈ। ਕਾਂਗਰਸ ਨੂੰ ਇਸ ਫਤਿਹ ਲਈ ਪ੍ਰਤਾਪ ਸਿੰਘ ਬਾਜਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਇੱਕਜੁੱਟ ਹੋ ਕੇ ਚੱਲਣਾ ਪੈਣਾ ਹੈ।

ਭਾਰਤੀ ਜਨਤਾ ਪਾਰਟੀ ਦਾ ਕਿਲੇ੍ਹ ’ਤੇ ਕਬਜ਼ਾ ਬਰਕਰਾਰ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਚਾਰ ਕਰਨ ਲਈ ਆ ਰਹੇ ਹਨ। ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਵਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਇਥੇ ਵਰਣਨਯੋਗ ਹੈ ਕਿ ਪਹਿਲਾਂ ਵੀ ਪ੍ਰਧਾਨ ਮੰਤਰੀ ਇਸ ਹਲਕੇ ਵਿੱਚ ਚੋਣਾਂ ਦੌਰਾਨ ਆਉਂਦੇ ਰਹੇ ਹਨ। ਭਾਜਪਾ ਇਸ ਸੀਟ ਦੇ ਕਬਜ਼ਾ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

Also Read : ਪ੍ਰਧਾਨ ਮੰਤਰੀ ਦਾ ਪਟਿਆਲਾ ਦੌਰਾ, ਹਜ਼ਾਰਾਂ ਮੁਲਾਜ਼ਮ ਸੰਭਾਲਣਗੇ ਸੁਰੱਖਿਆ ਪ੍ਰਬੰਧ

ਇਸ ਕਿਲ੍ਹੇ ਨੂੰ ਸੰਨ ਲਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਪੂਰੇ ਕਮਰਕੱਸੇ ਕੀਤੇ ਗਏ ਹਨ। ਆਪ ਵੱਲੋਂ ਆਪਣੇ ਵਿਧਾਇਕ ਸ਼ੈਰੀ ਕਲਸੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸਦੇ ਹੱਕ ਵਿੱਚ ਰੈਲੀਆਂ ਕੀਤੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣੀ ਹੋਂਦ ਦੀ ਲੜਾਈ ਲੜੀ ਜਾ ਰਹੀ ਹੈ। ਅਕਾਲੀ ਦਲ ਨੂੰ ਡੇਰਾ ਬਾਬਾ ਨਾਨਕ ਹਲਕੇ ਤੋਂ ਉਹਨਾਂ ਦੇ ਆਗੂ ਰਵੀਕਰਨ ਸਿੰਘ ਕਾਹਲੋਂ ਦੇ ਭਾਜਪਾ ਵਿੱਚ ਜਾਣ ਦਾ ਝਟਕਾ ਜ਼ਰੂਰ ਲੱਗਾ ਹੈ ਪਰ ਪਾਰਟੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਪੇਂਡੂ ਖੇਤਰਾਂ ਵਿੱਚ ਪੂਰੀਆਂ ਰੈਲੀਆਂ ਕਰ ਰਹੇ ਹਨ।