ਮਾਲੇਰਕੋਟਲਾ (ਗੁਰਤੇਜ ਜੋਸੀ)। ਆਪਣੇ ਜ਼ਖਮੀ ਬੱਚੇ ਨੂੰ ਸਿਵਲ ਹਸਪਤਾਲ (Government Hospital) ਮਲੇਰਕੋਟਲਾ ਦੇ ਐਮਰਜੈਂਸੀ ਵਾਰਡ ’ਚ ਇਲਾਜ ਲਈ ਲੈ ਕੇ ਪਹੁੰਚੇ ਸਥਾਨਕ ਖੁਸ਼ਹਾਲ ਬਸਤੀ ਦੇ ਇੱਕ ਪਰਿਵਾਰ ਵੱਲੋਂ ਡਿਊਟੀ ’ਤੇ ਤਾਇਨਾਤ ਡਾਕਟਰ ਨਾਲ ਮਾਰ ਕੁਟਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਝਗੜੇ ਵਿਚ ਜ਼ਖਮੀ ਦੱਸੇ ਜਾਂਦੇ ਈ.ਐਮ.ਓ. ਡਾਕਟਰ ਮੁਹੰਮਦ ਸ਼ਹਿਬਾਜ਼ ਦੇ ਬਿਆਨਾਂ ’ਤੇ ਥਾਣਾ ਸਿਟੀ-1 ਮਲੇਰਕੋਟਲਾ ਪੁਲਿਸ ਵੱਲੋਂ ਬੱਚੇ ਦੇ ਪਿਤਾ ਕਾਦਰ, ਮਾਮਾ ਆਜ਼ਮ, ਆਜ਼ਮ ਦੀ ਭੈਣ ਅਤੇ ਇਕ ਹੋਰ ਔਰਤ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਡਾਕਟਰ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨ ਮੁਤਾਬਿਕ ਸਵੇਰੇ ਕਰੀਬ ਸਾਢੇ ਨੌਂ ਵਜੇ ਕਾਦਰ ਅਤੇ ਉਸ ਦੇ ਰਿਸ਼ਤੇਦਾਰ ਆਪਣੇ ਬੱਚੇ ਨੂੰ ਜਲਣ ਦੀ ਹਾਲਤ ਵਿੱਚ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਇਲਾਜ ਲਈ ਲੈ ਕੇ ਆਏ ਤਾਂ ਉਸ ਨੇ ਉਨ੍ਹਾਂ ਕੋਲੋਂ ਹਸਪਤਾਲ ਦੇ ਰਜਿਸਟਰ ਵਿੱਚ ਦਰਜ ਕਰਨ ਲਈ ਬੱਚੇ ਦੀ ਉਮਰ ਪੁੱਛੀ ਤਾਂ ਪਰਿਵਾਰ ਦੇ ਮੈਂਬਰ ਤੈਸ਼ ਵਿੱਚ ਆ ਗਏ। ਡਾਕਟਰ ਨੇ ਦੋਸ਼ ਲਾਇਆ ਕਿ ਬੱਚੇ ਨਾਲ ਆਈਆਂ ਔਰਤਾਂ ਨੇ ਉਸ ਨੂੰ ਘੇਰਾ ਪਾ ਲਿਆ ਅਤੇ ਬੁਰਾ ਭਲਾ ਬੋਲਣ ਲੱਗ ਪਈਆਂ ਅਤੇ ਕਾਦਰ ਤੇ ਆਜ਼ਮ ਨੇ ਵੀ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ।
ਡਾਕਟਰ ਮੁਤਾਬਿਕ ਮਰੀਜ਼ ਬੱਚੇ ਦੀ ਮਾਤਾ ਨੇ ਗੁੱਸੇ ਵਿਚ ਉਸ ਦੇ ਨੱਕ ’ਤੇ ਮੁੱਕਾ ਮਾਰਿਆ ਅਤੇ ਆਜ਼ਮ ਨੇ ਘਸੁੰਨ ਮਾਰਿਆ ਜਿਸ ਨਾਲ ਉਸ ਦੀ ਐਨਕ ਹੇਠਾਂ ਡਿਗ ਪਈ, ਉਹ ਜਿਉਂ ਹੀ ਐਨਕ ਚੁੱਕਣ ਲਈ ਝੁਕਿਆ ਤਾਂ ਕਾਦਰ ਨੇ ਪਿਛਿਓਂ ਲੱਤ ਮਾਰੀ। ਰੌਲਾ ਪੈਣ ’ਤੇ ਹਸਪਤਾਲ ’ਚ ਸਥਾਪਤ ਪੁਲਿਸ ਚੌਕੀ ਦਾ ਮੁਲਾਜਮ ਏ.ਐਸ.ਆਈ. ਵੀ ਮੌਕੇ ’ਤੇ ਪਹੁੰਚ ਗਿਆ ਪ੍ਰੰਤੂ ਉਹ ਪੁਲਿਸ ਦੀ ਵੀ ਕੋਈ ਪਰਵਾਹ ਨਾ ਕਰਦਿਆਂ ਧੱਕਾ ਮੁੱਕੀ ਕਰਦੇ ਰਹੇ। ਡਾਕਟਰ ਮੁਤਾਬਿਕ ਉਹ ਮਰੀਜ਼ ਨੂੰ ਬਿਨਾਂ ਰੈਫ਼ਰ ਕਰਵਾਏ ਹੀ ਮਰੀਜ਼ ਨੂੰ ਧੱਕੇ ਨਾਲ ਹੀ ਤਿਆਰ ਕੀਤੀ ਫਾਈਲ ਸਮੇਤ ਚੁੱਕ ਕੇ ਚਲੇ ਗਏ।
ਸਰਕਾਰੀ ਹਸਪਤਾਲ ’ਚ ਮਰੀਜ ਦੇ ਵਾਰਸਾਂ ’ਤੇ ਡਾਕਟਰ ਦੀ ਕੁੱਟਮਾਰ ਦਾ ਮਾਮਲਾ ਦਰਜ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਬੱਚਾ 11 ਪ੍ਰਤੀਸ਼ਤ ਸੜ ਚੁੱਕਿਆ ਸੀ ਜਿਸ ਨੂੰ ਡਿਊਟੀ ’ਤੇ ਤਾਇਨਾਤ ਡਾਕਟਰ ਅਤੇ ਸਟਾਫ਼ ਵੱਲੋਂ ਤੁਰੰਤ ਮੈਡੀਕਲ ਸਹਾਇਤਾ ਸ਼ੁਰੂ ਕੀਤੀ ਜਾ ਰਹੀ ਸੀ ਪ੍ਰੰਤੂ ਇਸ ਦੌਰਾਨ ਮਰੀਜ਼ ਦੇ ਵਾਰਸ ਡਾਕਟਰ ਨਾਲ ਕਿਸੇ ਗੱਲੋਂ ਖਹਿਬੜ ਪਏ। ਉਨ੍ਹਾਂ ਸਪਸ਼ਟ ਕੀਤਾ ਕਿ ਡਿਊਟੀ ਦੌਰਾਨ ਡਾਕਟਰਾਂ ਤੇ ਸਟਾਫ਼ ਦੀ ਜੀਵਨ ਸੁਰੱਖਿਆ ਨੂੰ ਕਿਵੇਂ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਪੁਲਿਸ ਵੱਲੋਂ ਯੋਗ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਥਾਣਾ ਸਿਟੀ-1 ਮਲੇਰਕੋਟਲਾ ਦੇ ਐਸ.ਐੱਚ.ਓ. ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਡਾਕਟਰ ਦੇ ਬਿਆਨਾਂ ’ਤੇ ਮਲੇਰਕੋਟਲਾ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦੱਸਿਆ ਕਿ ਗਰਮ ਪਾਣੀ ਨਾਲ 11 ਪ੍ਰਤੀਸ਼ਤ ਤੱਕ ਝੁਲਸ ਗਏ ਦੱਸੇ ਜਾਂਦੇ ਬੱਚੇ ਨੂੰ ਇਲਾਜ ਲਈ ਲੈ ਕੇ ਸਿਵਲ ਹਸਪਤਾਲ ਪਹੁੰਚੇ ਮਾਪਿਆਂ ਤੇ ਵਾਰਸਾਂ ਵੱਲੋਂ ਡਾਕਟਰ ਦੀ ਸਰਕਾਰੀ ਡਿਊਟੀ ਵਿਚ ਵਿਘਨ ਪਾਉਣਾ ਕਿਸੇ ਤਰ੍ਹਾਂ ਵੀ ਬਰਦਾਸ਼ਤਯੋਗ ਨਹੀਂ ਹੈ। ਥਾਣਾ ਮੁਖੀ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।