ਵਿਧਾਇਕ ਬੈਂਸ ਨੇ ਲਾਏ ਵੇਰਕਾ ਪਲਾਂਟ ‘ਤੇ ਲੋਕਾਂ ਨਾਲ 2 ਸੌ ਕਰੋੜ ਦੀ ਧੋਖਾਧੜੀ ਦੇ ਦੋਸ਼
ਲੁਧਿਆਣਾ, (ਰਘਬੀਰ ਸਿੰਘ/ ਸੱਚ ਕਹੂੰ ਨਿਊਜ਼)। ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਜ਼ਬਰੀ ਵੜ ਕੇ ਕਰਮਚਾਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਪੁਲਿਸ ਨੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਪੁਲਿਸ ਨੇ ਪਲਾਂਟ ਦੇ ਮੈਨੇਜ਼ਰ ਹਰਮਿੰਦਰ ਸਿੰਘ ਸੰਧੂ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ। ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਨਾਲ ਗਏ 15-20 ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ ਸਾਥੀਆਂ ਸਮੇਤ ਵੇਰਕਾ ਮਿਲਕ ਪਲਾਂਟ ਵਿੱਚ ਦੁੱਧ ਦੀ ਚੈਕਿੰਗ ਕਰਨ ਲਈ ਗਏ ਸਨ। ਉੱਥੇ ਦੀ ਵੀਡੀਓ ਬਣਾ ਕੇ ਸਿਮਰਜੀਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕੀਤੀ ਸੀ।
ਇਸ ਤੋਂ ਪਹਿਲਾਂ ਸ. ਬੈਂਸ ਤੇ ਪਾਸ ਪੋਰਟ ਦਫਤਰ ਵਿੱਚ ਜ਼ਬਰੀ ਵੜਕੇ ਕਰਮਚਾਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਦਾ ਮਾਮਲਾ ਵੀ ਦਰਜ ਹੈ। ਸ. ਬੈਂਸ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਹ ਮੰਗਲਵਾਰ ਨੂੰ ਫਿਰੋਜਪੁਰ ਰੋਡ ‘ਤੇ ਸਥਿੱਤ ਵੇਰਕਾ ਮਿਲਕ ਪਲਾਂਟ ਵਿਖੇ ਦੁੱਧ ਦੀ ਚੈਕਿੰਗ ਲਈ ਪਹੁੰਚੇ ਸਨ। ਉੱਥੇ ਉਨ੍ਹਾਂ ਨੇ ਦੁੱਧ ਦੇ ਸੈਂਪਲ ਵੀ ਚੈਕ ਕਰਵਾਏ ਸਨ । ਉਨ੍ਹਾਂ ਖੁਲਾਸਾ ਕੀਤਾ ਕਿ ਵੇਰਕਾ ਨੇ ਆਪਣੇ ਗਾਹਕਾਂ ਨਾਲ ਦੋ ਸੌ ਕਰੋੜ ਰੁਪਏ ਦੀ ਧੋਖਾ ਧੜੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵੇਰਕਾ ਦੁੱਧ ਦੇ ਪੈਕਟਾਂ ‘ਤੇ ਜਿੰਨੀ ਫੈਟ ਲਿਖਦੇ ਹਨ ਅਸਲ ਵਿੱਚ ਓਨੀ ਹੁੰਦੀ ਨਹੀਂ। ਪਿਛਲੇ 15 ਦਿਨ ਵਿੱਚ ਉਨਾਂ ਨੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚੋਂ ਵੇਰਕਾ ਦੁੱਧ ਦੇ ਪੈਕਟ ਖ੍ਰੀਦ ਕੇ ਉਨ੍ਹਾਂ ਦੀ ਫੈਟ ਚੈਕ ਕਰਵਾਈ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵੇਰਕਾ ਦੀ ਹੀ ਲੈਬ ਵਿੱਚੋਂ ਦੁੱਧ ਦਾ ਪੈਕਟ ਚੈਕ ਕਰਵਾਇਆ ਜਿਸ ਦੀ ਫੈਟ 4.1 ਨਿੱਕਲੀ ਜਦੋਂਕਿ ਪੈਕਟ ਉੱਤੇ ਫੈਟ 4.5 ਲਿਖੀ ਹੋਈ ਸੀ। ਇਸ ਹਿਸਾਬ ਨਾਲ ਪ੍ਰਤੀ ਕਿੱਲੋ ਦੁੱਧ ਦੀ ਕੀਮਤ 5 ਰੁਪਏ ਘੱਟ ਹੋਣੀ ਚਾਹੀਦੀ ਸੀ। ਇਸ ਤਰ੍ਹਾਂ ਵੇਰਕਾ ਮਿਲਕ ਪਲਾਂਟ ਨੇ ਲੋਕਾਂ ਨਾਲ 2 ਸੌ ਕਰੋੜ ਤੋਂ ਵੱਧ ਦੀ ਲੋਕਾਂ ਨਾਲ ਧੋਖਾਧੜੀ ਕੀਤੀ ਹੈ।