ਸ਼ਿਕਾਇਤਕਰਤਾ ਤੋਂ ਹੋਟਲ ਚਲਾਉਣ ਬਦਲੇ 2 ਲੱਖ ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੇਣ ਦੀ ਵੀ ਕੀਤੀ ਸੀ ਮੰਗ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਉਰੋਂ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਸਹਾਇਕ ਸਬ ਇੰਸਪੈਕਟਰ ਖਿਲਾਫ਼ ਰਿਸ਼ਵਤ ਲੈਣ ਅਤੇ ਮੰਗਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਸ਼ਿਕਾਇਤਕਰਤਾ ਮੁਤਾਬਕ ਸਹਾਇਕ ਸਬ ਇੰਸਪੈਕਟਰ ਦੁਆਰਾ ਹੋਟਲ ਚਲਾਉਣ ਬਦਲੇ ਉਸ ਪਾਸੋਂ 2.70 ਲੱਖ ਹਾਸਲ ਕੀਤੇ ਅਤੇ ਹਰ ਮਹੀਨੇ ਦੋ ਲੱਖ ਦੇਣ ਦੀ ਮੰਗ ਕਰ ਰਿਹਾ ਸੀ। Bribe
ਜਾਣਕਾਰੀ ਦਿੰਦਿਆਂ ਬਿਊਰੋ ਨੇ ਦੱਸਿਆ ਕਿ ਚਰਨਜੀਤ ਸਿੰਘ ਜੋ ਕਿ ਥਾਣਾ ਡਵੀਜ਼ਨ ਨੰਬਰ 5 (ਲੁਧਿਆਣਾ) ਵਿਖੇ ਬਤੌਰ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਤਾਇਨਾਤ ਹੈ, ਵਿਰੁੱਧ ਕੇਸ ਤਾਜ ਹੋਟਲ ਦੇ ਮਾਲਕ ਕਮਲਜੀਤ ਅਹੂਜਾ ਵਾਸੀ ਜਵਾਹਰ ਨਗਰ ਕੈਂਪ ਲੁਧਿਆਣਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਪਰ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਏ.ਐਸ.ਆਈ. ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ ਡਵੀਜ਼ਨ ਨੰਬਰ 5 ਥਾਣੇ ਵਿੱਚ ਦਰਜ ਇੱਕ ਕੇਸ ਵਿੱਚ ਆਈ.ਪੀ.ਸੀ. ਦੀ ਧਾਰਾ 307, 379- ਬੀ ਜੋੜਨ ਦੀਆਂ ਧਮਕੀਆਂ ਦੇ ਕੇ ਉਸ ਤੋਂ ਪਹਿਲਾਂ ਹੀ 2.70 ਲੱਖ ਰੁਪਏ ਰਿਸ਼ਵਤ ਵਜੋਂ ਵਸੂਲ ਚੁੱਕਿਆ ਹੈ ਅਤੇ ਹੁਣ ਹੋਰ ਰਿਸ਼ਵਤ ਮੰਗ ਰਿਹਾ ਹੈ।
ਇਹ ਵੀ ਪੜ੍ਹੋ: ਛੇ ਦਿਨ ਪਹਿਲਾਂ ਪਹੁੰਚਿਆ ਮੌਨਸੂਨ, ਜੁਲਾਈ ’ਚ ਮਚਾ ਸਕਦੈ ਤਬਾਹੀ
ਬੁਲਾਰੇ ਮੁਤਾਬਕ ਸ਼ਿਕਾਇਤ ਦੀ ਪੜਤਾਲ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ ਸਹੀ ਪਾਏ ਗਏ, ਜਿਸ ਸਬੰਧੀ ਸ਼ਿਕਾਇਤਕਰਤਾ ਨੇ ਸਬੂਤ ਵਜੋਂ ਚਰਨਜੀਤ ਸਿੰਘ ਅਤੇ ਉਸਦੇ (ਸ਼ਿਕਾਇਤਕਰਤਾ) ਦਰਮਿਆਨ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਪੇਸ਼ ਕੀਤੀ ਹੈ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਬਤ ਹੋਈ ਕਿ ਏ.ਐਸ.ਆਈ. ਚਰਨਜੀਤ ਸਿੰਘ ਵੱਲੋਂ ਡਵੀਜ਼ਨ ਨੰਬਰ 5 ਦੇ ਐਸ.ਐਚ.ਓ. ਦੇ ਨਾਂਅ ’ਤੇ 2.70 ਲੱਖ ਰੁਪਏ ਦੀ ਰਿਸ਼ਵਤ ਲਈ ਗਈ ਸੀ ਅਤੇ ਉਹ ਸ਼ਿਕਾਇਤਕਰਤਾ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਉਸਦਾ ਹੋਟਲ ਚਲਾਉਣ ਬਦਲੇ 2 ਲੱਖ ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੇਣ ਲਈ ਵੀ ਕਹਿ ਰਿਹਾ ਸੀ। Bribe
ਉਨ੍ਹਾਂ ਦੱਸਿਆ ਕਿ ਇਸ ਜਾਂਚ ਰਿਪੋਰਟ ਦੇ ਆਧਾਰ ’ਤੇ ਉਕਤ ਏ.ਐਸ.ਆਈ. ਚਰਨਜੀਤ ਸਿੰਘ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਉਹ ਵਾਰ-ਵਾਰ ਨੋਟਿਸ ਜਾਰੀ ਕਰਨ ਦੇ ਬਾਵਜ਼ੂਦ ਵੀ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ ਅਤੇ ਆਪਣੀ ਡਿਊਟੀ ਤੋਂ ਵੀ ਗੈਰ- ਹਾਜ਼ਰ ਚੱਲ ਰਿਹਾ ਹੈ। ਬੁਲਾਰੇ ਅਨੁਸਾਰ ਜਾਂਚ ਦੌਰਾਨ ਉਕਤ ਕੇਸ ’ਚ ਡਵੀਜ਼ਨ ਨੰਬਰ 5 ਦੇ ਐਸ.ਐਚ.ਓ. ਅਤੇ ਹੋਰ ਮੁਲਾਜ਼ਮਾਂ ਦੀ ਭੂਮਿਕਾ ਦੀ ਜਾਂਚ ਵੀ ਕੀਤੀ ਜਾਵੇਗੀ।