ਸੋਸ਼ਲ ਮੀਡੀਆ ‘ਤੇ ਵੀਡੀਓ ਬਣਾਉਂਦੇ ਸਮੇਂ 16 ਸਾਲਾ ਨੌਜਵਾਨ ਦਾ ਗੋਲੀ ਮਾਰਕੇ ਕਤਲ

ਸੋਸ਼ਲ ਮੀਡੀਆ ‘ਤੇ ਵੀਡੀਓ ਬਣਾਉਂਦੇ 16 ਸਾਲਾ ਨੌਜਵਾਨ ਦਾ ਗੋਲੀ ਮਾਰਕੇ ਕਤਲ

ਅੰਮ੍ਰਿਤਸਰ (ਰਾਜਨ ਮਾਨ)। ਕੁਝ ਨਾਬਾਲਗ ਦੋਸਤਾਂ ਵਲੋਂ ਵੀਡੀਓ ਬਣਾਉਣ ਸਮੇਂ ਥਾਣਾ ਕੱਥੂਨੰਗਲ ਦੇ ਅਧੀਨ ਆਉਂਦੇ ਪਿੰਡ ਕੱਥੂਨੰਗਲ ਖੁਰਦ ਦੇ ਆਪਣੇ ਸਾਥੀ ਇਕ 16 ਸਾਲਾ ਨੌਜਵਾਨ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਹੀ ਕੁਝ ਨੌਜਵਾਨ ਇਕੱਠੇ ਹੋ ਕੇ ਰਾਈਫਲ ਲੈ ਕੇ ਇੱਕ ਐਪ ’ਤੇ ਵੀਡਿਓ ਬਣਾਉਣ ਲਈ ਇਕੱਠੇ ਹੋ ਕੇ ਵੀਡੀਓ ਬਣਾ ਰਹੇ ਸਨ ਅਤੇ ਇਸ ਦੌਰਾਨ ਇਕ ਦੋਸਤ ਦੇ ਗੋਲੀ ਲੱਗਣ ਨਾਲ ਉਸਦੀ ਮੌਤ ਹੋ ਗਈ।

ਮਿ੍ਰਤਕ ਨੌਜਵਾਨ ਦੇ ਪਿਤਾ ਰਵਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਕੱਥੂਨੰਗਲ ਵਲੋਂ ਪੁਲਿਸ ਨੂੰ ਦਿੱਤੇ ਗਏ ਬਿਆਨਾਂ ’ਚ ਦਸਿਆ ਕਿ ਉਸਦਾ ਲੜਕਾ ਕਰਨਦੀਪ ਸਿੰਘ ਜਿਸਦੀ ਉਮਰ ਕਰੀਬ 16 ਸਾਲ ਹੈ ਤੇ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਘਰ ਦਾ ਹੀ ਕੰਮਕਾਰ ਕਰਦਾ ਸੀ ਨੂੰ ਅੱਜ ਉਸਦੇ ਹੀ ਪਿੰਡ ਦੇ ਤਿੰਨ ਨੌਜਵਾਨ ਸ਼ੇਰੂ ਪੁੱਤਰ ਸੁਖਵੰਤ ਸਿੰਘ ,ਵਿਸ਼ਾਲ ਪੁੱਤਰ ਕਸ਼ਮੀਰ ਸਿੰਘ , ਸਨੀ ਪੁੱਤਰ ਗੁਰਮੀਤ ਸਿੰਘ ਅਤੇ ਮੰਗਲ ਸਿੰਘ ਪੁੱਤਰ ਗੁਲਜ਼ਾਰ ਸਿੰਘ ਆਪਣੇ ਨਾਲ ਇਹ ਕਹਿ ਘਰੋਂ ਬੁਲਾ ਕੇ ਲੈ ਗਏ ਕਿ ਵੀਡਿਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈਏ।

ਇਹ ਚਾਰੇ ਨੌਜਵਾਨ ਉਸਦੇ ਪੁੱਤਰ ਕਰਨਦੀਪ ਨੂੰ ਪਿੰਡ ਦੇ ਹੀ ਰਹਿਣ ਵਾਲੇ ਧੀਰ ਸਿੰਘ ਪੁੱਤਰ ਬਾਵਾ ਸਿੰਘ ਦੇ ਘਰ ਦੀ ਛੱਤ ’ਤੇ ਲਏ ਗਏ, ਸ਼ੇਰੂ ਕੋਲ ਆਪਣੇ ਚਾਚਾ ਗੁਰਮੇਜ ਸਿੰਘ ਦੀ ਦੁਨਾਲੀ ਰਾਈਫ਼ਲ ਸੀ ਜੋ ਕਿ ਸਾਬਕਾ ਫੌਜੀ ਹੈ। ਮਿ੍ਰਤਕ ਦੇ ਪਿਤਾ ਨੇ ਅੱਗੇ ਦੱਸਿਆ ਕੇ ਉਕਤ ਦੋਸ਼ੀਆਂ ਨੇ ਉਸਦੇ ਪੁੱਤਰ ਨੂੰ ਛੱਤ ਤੇ ਲਿਜਾ ਕੇ ਗੋਲੀ ਮਾਰ ਦਿੱਤੀ ਤੇ ਉਸਦਾ ਪੁੱਤਰ ਖੂਨ ਨਾਲ ਲੱਥਪੱਥ ਹੋ ਕੇ ਡਿੱਗ ਪਿਆ ਇਹ ਵੇਖ ਕੇ ਦੋਸ਼ੀ ਨੌਜਵਾਨ ਘਬਰਾ ਗਏ ਤੇ ਬਿਨਾ ਕਿਸੇ ਨੂੰ ਦਸਿਆ ਉਸਦੇ ਬੇਟੇ ਨੂੰ ਫ਼ਤਹਿਗੜ੍ਹ ਚੂੜ੍ਹੀਆਂ ਰੋਡ ’ਤੇ ਸਥਿਤ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਲੈ ਗਏ ਤੇ ਆਪ ਓਥੋਂ ਫਰਾਰ ਹੋ ਗਏ।

ਇਸ ਘਟਨਾ ਦਾ ਜਦੋਂ ਓਹਨਾ ਨੂੰ ਪਤਾ ਲੱਗਾ ਤਾਂ ਉਹ ਹਸਪਤਾਲ ਪੁੱਜੇ ਜਿੱਥੇ ਓਹਨਾ ਦੇ ਬੇਟੇ ਦੀ ਮੌਤ ਹੋ ਚੁੱਕੀ ਸੀ। ਪੁਲਿਸ ਥਾਣਾ ਕੱਥੂਨੰਗਲ ਦੀ ਪੁਲਿਸ ਨੇ ਉਕਤ ਚਾਰੇ ਦੋਸ਼ੀ ਨੌਜਵਾਨਾਂ ਖਿਲਾਫ ਧਾਰਾ 302 ਅਤੇ ਅਸਲਾ ਐਕਟ ਦੀ ਧਾਰਾ 34 ,25,27 ਤਹਿਤ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ