ਪੰਜਾਬ ਤੇ ਯੂ. ਟੀ. ਮੁਲਾਜ਼ਮ ਸੰਘਰਸ਼ ਮੋਰਚਾ 2 ਨਵੰਬਰ ਨੂੰ ਕਰੇਗਾ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਓ

ਸਰਕਾਰ ਕੋਵਿਡ ਦੀ ਆੜ ‘ਚ ਨਿੱਜੀਕਰਨ ਦੀ ਰਫ਼ਤਾਰ ਕਰ ਰਹੀ ਐ ਤੇਜ : ਆਗੂ

ਪਟਿਆਲਾ, (ਸੱਚ ਕਹੂੰ ਨਿਊਜ਼)। ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਦੀ ਇਕਾਈ ਪਟਿਆਲਾ ਵੱਲੋਂ ਮੁਲਾਜ਼ਮ ਆਗੂਆਂ ਸੀਸ਼ਨ ਕੁਮਾਰ ਅਤੇ ਗੁਰਜੀਤ ਘੱਗਾ ਦੀ ਅਗਵਾਈ ਵਿੱਚ ਨਹਿਰੂ ਪਾਰਕ ਪਟਿਆਲਾ ਵਿਖੇ ਮੀਟਿੰਗ ਕੀਤੀ ਗਈ, ਜਿਸ ਦੌਰਾਨ 2 ਨਵੰਬਰ ਨੂੰ ਚੰਡੀਗੜ ਵਿਖੇ ਹੋਣ ਜਾ ਰਹੇ ਜ਼ੋਨਲ ਧਰਨੇ ਵਿੱਚ ਵੱਧ ਤੋਂ ਵੱਧ ਮੁਲਾਜ਼ਮਾਂ ਨੂੰ ਸ਼ਾਮਿਲ ਕਰਵਾਉਣ ਲਈ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਸੂਬਾਈ ਆਗੂ ਵਿਕਰਮਦੇਵ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨਣ ਲਈ ਚਾਰ ਮੰਤਰੀਆਂ ਦੀ ਇੱਕ ਸਬ ਕਮੇਟੀ ਬਣਾਈ ਸੀ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਮਾਣ ਭੱਤੇ’ ਤੇ ਕੰਮ ਕਰਦੇ ਮੁਲਾਜ਼ਮਾਂ ਉੱਤੇ ਘੱਟੋ ਘੱਟ ਉਜਰਤਾਂ ਲਾਗੂ ਕਰਨ ਲਈ ਇਹ ਕਮੇਟੀ ਪਾਬੰਦ ਹੋਵੇਗੀ ਪ੍ਰੰਤੂ ਅੱਜ ਤੱਕ ਇਸ ਕਮੇਟੀ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ ਪੁਰੋਖੇ ਕੀਤਾ ਹੋਇਆ ਹੈ।

ਜਿਲ੍ਹਾ ਆਗੂ ਅਤਿੰਦਰਪਾਲ ਘੱਗਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੀ ਕੇਂਦਰ ਦੀ ਤਰਜ਼ ਤੇ ਸਰਕਾਰੀ ਮਹਿਕਮਿਆਂ ਦਾ ਭੋਗ ਪਾਉਣ ਦੀ ਤਿਆਰੀ ਵਿੱਚ ਹੈ  ਜਿੱਥੇ ਮੁਲਾਜ਼ਮ ਪੇਅ ਕਮਿਸ਼ਨ ਨੂੰ ਉਡੀਕ ਰਹੇ ਹਨ ਉਥੇ ਸਰਕਾਰ ਮੁਲਾਜ਼ਮਾਂ ਨੂੰ ਜਬਰੀ ਸੇਵਾ ਮੁਕਤ ਕਰਨ ਤੇ ਲੱਗੀ ਹੋਈ ਹੈ ਉਤੋਂ  ਮਹਿੰਗਾਈ ਭੱਤੇ ਦਾ 158 ਮਹੀਨੇ ਦੀਆਂ ਕਿਸ਼ਤਾਂ ਦਾ ਬਕਾਇਆ ਅਜੇ ਤੱਕ ਨਹੀਂ ਦਿੱਤਾ ਗਿਆ ਕੋਵਿਡ-19 ਦੀ ਆੜ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਸਰਕਾਰੀ,ਅਰਧ ਸਰਕਾਰੀ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਹਿਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਪ੍ਰੀਕਿਰਿਆ ਨੂੰ  ਬੁਲਟ ਦੀ ਗਤੀ ‘ਤੇ ਲਾਗੂ ਕਰਨਾ ਸ਼ੁਰੂ ਕੀਤਾ ਹੋਇਆ ਹੈ।

ਪੰਜਾਬ ਸਰਕਾਰ ਵੱਲੋਂ ਦਸੰਬਰ 2011 ਦੇ ਸਕੇਲਾਂ ਨੂੰ ਰੱਦ ਕਰਕੇ ਮੁਲਾਜ਼ਮਾਂ ‘ਤੇ ਧੱਕੇ ਨਾਲ ਨਵੇਂ ਤਨਖਾਹ ਸਕੇਲ ਥੋਪ ਕੇ ਤਨਖਾਹਾਂ ਘਟਾਉਣ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਦੇ ਸਮੂਹ ਮੁਲਾਜ਼ਮਾਂ ਅੰਦਰ ਸਰਕਾਰ ਖ਼ਿਲਾਫ ਜਬਰਦਸਤ ਰੋਹ ਹੈ। ‘ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ’ ਵੱਲੋਂ ਮੁਲਾਜ਼ਮਾਂ ਦੇ ਤਿੱਖੇ ਅੰਦੋਲਨ ਦੀ ਲੋੜ ਨੂੰ ਸਮਝਦੇ ਹੋਏ ‘ਮੁਲਾਜ਼ਮ ਭਲਾਈ ਕੈਬਨਿਟ ਸਬ ਕਮੇਟੀ’ ਦੇ ਮੈਂਬਰ ਬ੍ਰਹਾਮ ਮਹਿੰਦਰਾ ਦੀ ਚੰਡੀਗੜ੍ਹ ਕੋਠੀ ਅੱਗੇ 2 ਨਵੰਬਰ ਨੂੰ ਜ਼ੋਨਲ ਰੈਲੀ ਕੀਤੀ ਜਾਵੇਗੀ।

ਮੋਰਚੇ ਨਾਲ ਸਬੰਧਤ ਸਮੂਹ ਮੁਲਾਜ਼ਮ ਫੈਡਰੇਸ਼ਨਾਂ,ਅਧਿਆਪਕ ਜਥੇਬੰਦੀਆਂ,ਕੱਚੇ/ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਅਤੇ ਮਾਣ ਭੱਤਾ ਵਰਕਰਾਂ ਦੀਆਂ ਜਥੇਬੰਦੀਆਂ ਨੂੰ ਇਸ ਰੈਲੀ ਦੀ ਵੱਡੀ ਤਿਆਰੀ ਕਰਨ ਦੀ ਅਪੀਲ ਕੀਤੀ ਗਈ,ਤਾਂ ਜੋ ਮੁਲਾਜ਼ਮ ਲਹਿਰ ਦੇ ਮੋਢਿਆਂ ਤੇ ਪਈ ਜ਼ਿੰਮੇਵਾਰੀ ਨੂੰ ਨਿਭਾਇਆ ਜਾ ਸਕੇ ਅਤੇ ਨਿੱਜੀਕਰਨ ਨੂੰ ਰੱਦ ਕਰਕੇ ਸਰਕਾਰੀ, ਅਰਧ ਸਰਕਾਰੀ ਅਤੇ ਜਨਤਕ ਖ਼ੇਤਰ ਦੇ ਅਦਾਰਿਆਂ ਨੂੰ ਆਉਣ ਵਾਲੀਆਂ ਪੀੜੀਆਂ ਲਈ ਸੰਭਾਲਿਆ ਜਾ ਸਕੇ। ਇਸ ਮੌਕੇ ਵਿੱਕੀ ਸਿੰਘ, ਹਿੰਮਤ ਸਿੰਘ, ਜਗਤਾਰ ਅਤਾਲਾਂ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਗੋਪਾਲ ਸਿੰਘ ਵੀ ਹਾਜ਼ਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.