ਇਨਕਲਾਬ ਦਾ ਨਾਅਰਾ
ਦੇਸ਼ ਕੌਮ ਲਈ ਜਿੰਦ ਜੋ ਕੁਰਬਾਨ ਕਰ ਗਏ,
ਉੱਚੀ ਆਪਣੇ ਦੇਸ਼ ਦੀ ਜੋ ਸ਼ਾਨ ਕਰ ਗਏ।
ਸਦਕੇ ਜਾਵਾਂ ਦੇਸ਼ ਨੂੰ ਆਜ਼ਾਦ ਕਰਾਇਆ,
ਇਨਕਲਾਬ ਦਾ ਸੂਰਮਿਆਂ ਨੇ ਨਾਅਰਾ ਲਾਇਆ।
ਪਿੰਡ-ਪਿੰਡ ਜਾ ਕੇ ਸੂਰਮਿਆਂ ਨੇ ਲੋਕ ਜਗਾਏ,
ਅੰਗਰੇਜ਼ਾਂ ਦੇ ਜ਼ੁਲਮਾਂ ਦੇ ਸਨ ਜੋ ਸਤਾਏ।
ਗ਼ਦਰ ਦੀ ਗੂੰਜ ਨੇ ਜ਼ਾਲਮ ਰਾਜ ਦਾ ਥੰਮ੍ਹ ਹਿਲਾਇਆ,
ਇਨਕਲਾਬ ਦਾ ਸੂਰਮਿਆਂ…
ਭਗਤ ਸਿੰਘ, ਕਰਤਾਰ ਸਰਾਭਾ ਲੜੇ ਦੇਸ਼ ਲਈ,
ਊਧਮ ਸਿੰਘ ਸੀ ਪਹੁੰਚਿਆ ਲੰਡਨ ਬਦਲ ਭੇਸ ਬਈ।
ਕੈਕਸਟਨ ਹਾਲ ਵਿੱਚ ਪਹੁੰਚ ਵੈਰੀ ਨੂੰ ਮਾਰ ਮੁਕਾਇਆ,
ਇਨਕਲਾਬ ਦਾ ਸੂਰਮਿਆਂ…
ਬੋਸ ਤੇ ਬਾਬਾ ਮੋਹਨ ਸਿੰਘ ਨੇ ਫ਼ੌਜ ਬਣਾਈ,
ਅੰਗਰੇਜ਼ਾਂ ਨਾਲ ਖੁੱਲ੍ਹ ਕੇ ਉਹਨਾਂ ਕਰੀ ਲੜਾਈ।
ਪੂਰਬ ਪਾਸਿਓਂ ਵੈਰੀਆਂ ਦਾ ਕਰਿਆ ਸਫ਼ਾਇਆ,
ਇਨਕਲਾਬ ਦਾ ਸੂਰਮਿਆਂ…
ਬਟੂਕੇਸ਼ਵਰ, ਅਸ਼ਫ਼ਾਕ ਉੱਲਾ, ਸੁਖਦੇਵ, ਰਾਜਗੁਰੂ,
ਲਾਲ, ਬਾਲ ਤੇ ਪਾਲ ਤੋਂ ਹੋਇਆ ਗਰਮ ਦਲ ਸ਼ੁਰੂ।
ਲੱਖਾਂ ਯੋਧਿਆਂ ਦੇਸ਼ ਲਈ ਸੀ ਗ਼ਦਰ ਚਲਾਇਆ,
ਇਨਕਲਾਬ ਦਾ ਸੂਰਮਿਆਂ…
ਗੋਰਿਆਂ ‘ਪਾੜੋ-ਰਾਜ ਕਰੋ’ ਦੀ ਨੀਤੀ ਚਲਾਈ,
ਫਿਰਕੂ ਜ਼ਹਿਰ ਤੇ ਧਰਮ-ਜਾਤ ਦੀ ਵੰਡੀ ਪਾਈ।
ਦੇਸ਼ ਭਗਤਾਂ ਨੇ ਸੁਫ਼ਨਾ ਸੀ ਕਰ ਸੱਚ ਦਿਖਾਇਆ,
ਇਨਕਲਾਬ ਦਾ ਸੂਰਮਿਆਂ…
ਗੋਰੇ ਛੱਡ ਕੇ ਭੱਜ ਗਏ, ਹੁਣ ਕਾਲ਼ੇ ਆਏ,
ਇਹਨਾਂ ਨੇ ਵੀ ਗੋਰਿਆਂ ਵਾਂਗੂੰ ਲੋਕ ਸਤਾਏ।
ਦੇਸ਼ ਨੂੰ ਇਨ੍ਹਾਂ ਲੁੱਟ-ਲੁੱਟ ਕੇ ਹੈ ਢਿੱਡ ਵਧਾਇਆ,
ਇਨਕਲਾਬ ਦਾ ਸੂਰਮਿਆਂ…
ਪੜ੍ਹ-ਲਿਖ ਕੇ ਚੇਤੰਨ, ਹਰ ਬੱਚਾ-ਬਾਲ ਹੋ ਜਾਵੇ,
‘ਅਮਰਜੀਤ ਸਿਆਂ’ ਦੇਸ਼ ਮੇਰਾ ਖ਼ੁਸ਼ਹਾਲ ਹੋ ਜਾਵੇ।
ਭ੍ਰਿਸ਼ਟਾਚਾਰ, ਬੇਈਮਾਨੀ ਦਾ, ਇੱਥੋਂ ਹੋਵੇ ਸਫ਼ਾਇਆ,
ਇਨਕਲਾਬ ਦਾ ਸੂਰਮਿਆਂ ਨੇ ਨਾਅਰਾ ਲਾਇਆ।
ਅਮਰਜੀਤ ਸਿੰਘ ਗਦਰਾਣਾ,
ਜੇ.ਬੀ.ਟੀ. ਅਧਿਆਪਕ,
ਸਰਕਾਰੀ ਪ੍ਰਾਇਮਰੀ ਸਕੂਲ ਤਾਰੂਆਣਾ,
ਸਰਸਾ (ਹਰਿਆਣਾ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ