ਪੰਛੀ-ਵਣ ਦੀ ਏਕਤਾ
ਪੰਛੀ-ਵਣ ਵਿੱਚ ਬਹੁਤ ਸਾਰੇ ਪੰਛੀ ਰਹਿੰਦੇ ਸਨ। ਸਭ ਪੰਖੇਰੂ ਆਪਸ ਵਿੱਚ ਰਲ-ਮਿਲ ਕੇ ਬੜੇ ਪ੍ਰੇਮ ਨਾਲ ਰਹਿੰਦੇ ਸਨ। ਉਹ ਆਪਸ ਵਿੱਚ ਲੜਾਈ-ਝਗੜਾ ਕਦੇ ਨਹੀਂ ਸੀ ਕਰਦੇ। ਜੇ ਕਦੇ ਮਾੜਾ-ਮੋਟਾ ਕਿਸੇ ਦਾ ਦੂਜੇ ਨਾਲ ਝਗੜਾ ਹੋ ਜਾਂਦਾ ਤਾਂ ਮੋਰ ਸਰਪੰਚ ਆਪਣੀ ਪੰਚਾਇਤ ਵਿੱਚ ਝਗੜੇ ਦਾ ਨਿਪਟਾਰਾ ਕਰਵਾ ਦਿੰਦਾ ਸੀ। ਅਜੇ ਤੱਕ ਕਾਂ ਥਾਣੇਦਾਰ ਕੋਲ ਇੱਕ ਵੀ ਲੜਾਈ-ਝਗੜੇ ਦਾ ਕੇਸ ਨਹੀਂ ਸੀ ਗਿਆ। ਜੰਗਲ ਵਿੱਚ ਮੈਨਾ ਮੈਡਮ ਨੇ ਇੱਕ ਸਕੂਲ ਖੋਲ੍ਹ ਰੱਖਿਆ ਸੀ। ਉਸ ਵਿੱਚ ਨਿੱਕੇ-ਵੱਡੇ ਬਹੁਤ ਸਾਰੇ ਪੰਛੀ ਸਿੱਖਿਆ ਹਾਸਲ ਕਰਦੇ ਸਨ।
ਮੈਨਾ ਮੈਡਮ ਬੜੇ ਪਿਆਰ ਨਾਲ ਸਭ ਨੂੰ ਵਿੱਦਿਆ ਪੜ੍ਹਾਉਂਦੀ ਸੀ। ਪਰ ਇੱਕ ਦਿਨ ਇਸ ਪੰਛੀ-ਵਣ ਵਿੱਚ ਹਲਚਲ ਮੱਚ ਗਈ। ਪੰਛੀ-ਵਣ ਵਿੱਚ ਪਤਾ ਨਹੀਂ ਕਿੱਧਰੋਂ ਇੱਕ ਲਗੜਦੀਨ ਆ ਧਮਕਿਆ ਸੀ। ਲਗੜਦੀਨ ਬੜਾ ਅਵੈੜਾ ਤੇ ਜ਼ਾਲਮ ਪੰਛੀ ਸੀ। ਉਹ ਅਨਪੜ੍ਹ ਗਵਾਰ ਤਾਂ ਸੀ ਹੀ ਪਰ ਜ਼ਾਲਮ ਅਤੇ ਕਮੀਨਾ ਵੀ ਬਹੁਤ ਸੀ। ਇੱਕ ਦਿਨ ਮੁੱਲੋ ਮੁਰਗ਼ਾਬੀ ਦੇ ਬੱਚੇ ਨੂੰ ਤਲਾਬ ਵਿੱਚੋਂ ਸਕੂਲ ਪੜ੍ਹਨ ਗਏ ਨੂੰ ਚੁੱਕ ਕੇ ਲੈ ਗਿਆ ਸੀ।
ਦੂਜੇ ਦਿਨ ਛੰਬੇ ਤਿੱਤਰ ਦਾ ਬੱਚਾ ਚੁੱਕ ਕੇ ਪੱਤਰਾ ਵਾਚ ਗਿਆ ਸੀ ਥਾਣੇਦਾਰ ਕਾਂ ਕੋਲ ਰਪਟ ਲਿਖਾਉਣ ਦੀ ਨੌਬਤ ਆ ਗਈ। ਕਾਂ ਆਪਣੇ ਸਿਪਾਹੀਆਂ ਸਮੇਤ ਕਈ ਦਿਨ ਲਗੜਦੀਨ ਨੂੰ ਫੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਥਾਣੇਦਾਰ ਕਾਂ ਦੀਆਂ ਸਭ ਕੋਸ਼ਿਸ਼ਾਂ ਬੇਕਾਰ ਗਈਆਂ। ਲਗੜਦੀਨ ਬਹੁਤ ਚਲਾਕ ਸੀ। ਉਹ ਕਿਸੇ ਵੀ ਪੰਛੀ ਨੂੰ ਇਕੱਲਾ ਵੇਖ ਕੇ ਆਪਣਾ ਕੰਮ ਕਰਦਾ ਤੇ ਛੂ-ਮੰਤਰ ਹੋ ਜਾਂਦਾ।
ਕੋਈ ਵਾਹ ਨਾ ਚੱਲਦੀ ਵੇਖ ਮੋਰ ਸਰਪੰਚ ਨੇ ਸਭ ਪੰਖੇਰੂਆਂ ਦੀ ਸਭਾ ਸੱਦ ਲਈ। ਸਭਾ ਵਿੱਚ ਸਭ ਨੇ ਆਪਣੇ-ਆਪਣੇ ਵਿਚਾਰ ਰੱਖੇ। ਘੁੱਗੀ ਆਂਟੀ ਨੇ ਕਿਹਾ ਕਿ ਕੋਈ ਪੰਛੀ ਇਕੱਲਾ ਨਾ ਘੁੰਮੇ-ਫਿਰੇ। ਗੁਟਾਰ ਚਾਚੀ ਨੇ ਕਿਹਾ ਕਿ ਲਗੜਦੀਨ ਦਾ ਜੱਦੀ ਘਰ ਪਤਾ ਕੀਤਾ ਜਾਵੇ। ਆਪਣੇ ਘਰ ਵਿੱਚੋਂ ਹੀ ਉਹ ਫੜ੍ਹਿਆ ਜਾ ਸਕਦਾ ਹੈ। ਡਾਕਟਰ ਹਰਿਆਲ ਤੋਤਾ ਘੁੱਗੀ ਅਤੇ ਗੁਟਾਰ ਦੇ ਵਿਚਾਰਾਂ ਨੂੰ ਕੱਟਦਿਆਂ ਬੋਲਿਆ, ਇਸ ਤਰ੍ਹਾਂ ਕਰਨ ਦਾ ਕੋਈ ਫਾਇਦਾ ਨਹੀਂ!
ਲਗੜਦੀਨ ਬੜਾ ਚਲਾਕ ਹੈ। ਉਹ ਆਪਣੇ ਜੱਦੀ ਘਰ ਵਿੱਚ ਸਿੱਧਾ ਨਹੀਂ ਪਹੁੰਚਦਾ ਹੋਣਾ। ਉਹ ‘ਕੱਲੇ-‘ਕਹਿਰੇ ਪੰਛੀ ਦਾ ਘਾਣ ਕਰਕੇ ਲੁਕ-ਛਿਪ ਕੇ ਜਾਂ ਚਘਾਨੀ ਦੇ ਕੇ ਆਪਣੇ ਘਰ ਪਹੁੰਚਦਾ ਹੋਵੇਗਾ। ਹੋ ਸਕਦਾ ਹੈ ਕਿ ਉਸਦੇ ਜੱਦੀ ਘਰ ਵਿੱਚ ਹੋਰ ਬਹੁਤ ਸਾਰੇ ਉਸਦੇ ਸਕੇ-ਸਬੰਧੀ ਹੋਣ। ਉਹ ਵੀ ਉਸੇ ਦਾ ਹੀ ਸਾਥ ਦੇਣਗੇ! ਰਹੀ ਗੱਲ ਇਕੱਠੇ ਝੁੰਡ ਬਣਾ ਕੇ ਰਹਿਣ ਦੀ, ਇਹ ਵੀ ਇਸ ਸਮੱਸਿਆ ਦਾ ਪੂਰਨ ਹੱਲ ਨਹੀਂ ਹੈ। ਕਦੇ ਨਾ ਕਦੇ, ਕੋਈ ਨਾ ਕੋਈ ਪੰਛੀ ਇਕੱਲਾ ਫਿਰਦਾ ਉਸ ਦੇ ਅੜਿੱਕੇ ਆ ਹੀ ਜਾਵੇਗਾ!
ਜਿਵੇਂ ਮੁੱਲੋ ਮੁਰਗ਼ਾਬੀ ਦਾ ਬੱਚਾ ਆਪਣੇ ਤਲਾਬ ਵਿੱਚੋਂ ਨਿੱਕਲ ਕੇ ਇਕੱਲਾ ਸਕੂਲ ਆਉਂਦਿਆਂ ਉਸ ਚੁੱਕ ਲਿਆ ਸੀ। ਮੈਨਾ ਮੈਡਮ ਲਗੜਦੀਨ ਦੇ ਜ਼ੁਲਮਾਂ ਤੋਂ ਬੜੀ ਦੁਖੀ ਹੋਈ ਪਈ ਸੀ। ਉਸ ਦੇ ਸਕੂਲ ਵਿੱਚ ਲਗੜਦੀਨ ਦੇ ਡਰ ਕਾਰਨ ਪੰਖੇਰੂਆਂ ਦੀ ਗਿਣਤੀ ਬਹੁਤ ਘਟ ਗਈ ਸੀ। ਉਹ ਚੁੱਪਚਾਪ ਬੈਠੀ ਸਭ ਦੇ ਵਿਚਾਰ ਸੁਣ ਰਹੀ ਸੀ। ਉਹਨੂੰ ਕਿਸੇ ਦਾ ਵੀ ਵਿਚਾਰ ਵਜ਼ਨਦਾਰ ਨਹੀਂ ਸੀ ਲੱਗ ਰਿਹਾ।ਮੋਰ ਸਰਪੰਚ ਵੀ ਅਜੇ ਤੱਕ ਕਿਸੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਸੀ ਹੋ ਸਕਿਆ। ਚੁੱਪਚਾਪ ਬੈਠੀ ਮੈਨਾ ਮੈਡਮ ਨੇ ਆਪਣਾ ਇੱਕ ਵਿਚਾਰ ਪੇਸ਼ ਕੀਤਾ, ਜੋ ਮੋਰ ਸਰਪੰਚ ਸਮੇਤ ਸਭ ਨੂੰ ਪਸੰਦ ਆ ਗਿਆ। ਸਭ ਨੇ ਮੈਨਾ ਮੈਡਮ ਦੇ ਵਿਚਾਰ ਨਾਲ ਸਹਿਮਤ ਹੁੰਦਿਆਂ ਤਾੜੀ ਵਜਾ ਕੇ ਆਪਣੀ ਏਕਤਾ ਦਾ ਸਬੂਤ ਪੇਸ਼ ਕੀਤਾ।
ਅਗਲੇ ਦਿਨ ਮੈਨਾ ਮੈਡਮ ਦੇ ਸਕੂਲ ਵਿੱਚ ਸਭ ਪੰਛੀ ਲੁਕ ਕੇ ਬੈਠ ਗਏ। ਮੈਨਾ ਮੈਡਮ ਥੋੜ੍ਹੇ ਜਿਹੇ ਪੰਛੀ ਬੱਚਿਆਂ ਨੂੰ ਲੈ ਕੇ ਗਰਾਊਂਡ ਵਿੱਚ ਪੜ੍ਹਾਉਣ ਬੈਠ ਗਈ। ਮੁੱਲੋ ਮੁਰਗ਼ਾਬੀ ਦਾ ਦੂਸਰਾ ਬੱਚਾ ਮੈਨਾ ਮੈਡਮ ਨੇ ਥੋੜ੍ਹੀ ਦੂਰੀ ‘ਤੇ ਹੀ ਇੱਕ ਕੁਰਸੀ ਉੱਪਰ ਬਿਠਾ ਦਿੱਤਾ। ਉਸ ਦੀ ਲੱਤ ਰੱਸੀ ਪਾ ਕੇ ਕੁਰਸੀ ਨਾਲ ਬੰਨ੍ਹੀ ਹੋਈ ਸੀ। ਲਗੜਦੀਨ ਇਕੱਲਾ ਪੰਛੀ ਵੇਖ ਕੇ ਹੀ ਹਮਲਾ ਕਰਦਾ ਸੀ। ਉਸ ਨੇ ਮੁੱਲੋ ਮੁਰਗਾਬੀ ਦੇ ਬੱਚੇ ਨੂੰ ਇਕੱਲਾ ਕੁਰਸੀ ‘ਤੇ ਬੈਠਾ ਵੇਖ ਕੇ ਹਮਲਾ ਬੋਲ ਦਿੱਤਾ। ਉਸ ਨੇ ਮੁਰਗ਼ਾਬੀ ਦੇ ਬੱਚੇ ਨੂੰ ਚੁੱਕਿਆ ਤੇ ਉੱਡ ਪਿਆ। ਅਚਾਨਕ ਮੁਰਗ਼ਾਬੀ ਦੇ ਬੱਚੇ ਦੇ ਪੈਰਾਂ ਵਿੱਚ ਬੰਨ੍ਹੀ ਰੱਸੀ ਨੂੰ ਖਿੱਚ ਪੈ ਗਈ। ਉੱਪਰ ਉੱਡਦਾ ਲਗੜਦੀਨ ਬੱਚੇ ਸਮੇਤ ਧਰਤੀ ‘ਤੇ ਡਿੱਗ ਪਿਆ।
ਬੱਸ ਫਿਰ ਕੀ ਸੀ! ਸਭ ਲੁਕ ਕੇ ਬੈਠੇ ਪੰਛੀਆਂ ਨੇ ਲਗੜਦੀਨ ‘ਤੇ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਨਾਲ ਲਗੜਦੀਨ ਡਾਢਾ ਹੀ ਘਬਰਾ ਗਿਆ। ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ। ਸਭ ਪੰਛੀਆਂ ਨੇ ਮਿਲ ਕੇ ਉਸ ਨੂੰ ਆਣ ਦਬੋਚਿਆ। ਚੁੰਝਾਂ ਅਤੇ ਪੰਜਿਆਂ ਨਾਲ ਲਗੜਦੀਨ ਨੂੰ ਲਹੂ-ਲੁਹਾਣ ਕਰ ਦਿੱਤਾ। ਉਸ ਨੇ ਉੱਡ ਤਾਂ ਕੀ ਸਕਣਾ ਸੀ ਉਹ ਤਾਂ ਤੁਰਨ ਦੇ ਵੀ ਕਾਬਲ ਨਹੀਂ ਸੀ ਰਿਹਾ। ਉਸ ਦੇ ਖੰਭ ਪੁੱਟੇ ਜਾ ਚੁੱਕੇ ਸਨ।
ਉਸ ਦੀ ਇੱਕ ਲੱਤ ਵੀ ਟੁੱਟ ਗਈ ਸੀ। ਚੰਗੀ ਤਰ੍ਹਾਂ ਮੁਰੰਮਤ ਕਰਨ ਤੋਂ ਬਾਅਦ ਉਸ ਨੂੰ ਥਾਣੇਦਾਰ ਕਾਂ ਦੇ ਹਵਾਲੇ ਕਰ ਦਿੱਤਾ ਗਿਆ। ਥਾਣੇਦਾਰ ਨੇ ਉਸ ਨੂੰ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ। ਮੁੱਲੋ ਮੁਰਗ਼ਾਬੀ ਦੇ ਬੱਚੇ ਨੂੰ ਵੀ ਮਾਮੂਲੀ ਸੱਟ ਵੱਜੀ ਸੀ। ਉਸ ਨੂੰ ਡਾਕਟਰ ਹਰੀਅਲ ਤੋਤੇ ਨੇ ਆਪਣੇ ਹਸਪਤਾਲ ਵਿੱਚੋਂ ਇਲਾਜ ਕਰਵਾ ਕੇ ਠੀਕ ਕਰ ਦਿੱਤਾ ਸੀ। ਸਭ ਪੰਛੀ ਮੁਰਗ਼ਾਈ ਦੇ ਬੱਚੇ ਨੂੰ ਡਾਢਾ ਪਿਆਰ ਕਰ ਰਹੇ ਸਨ।
ਓਮਕਾਰ ਸੂਦ, ਫ਼ਰੀਦਾਬਾਦ (ਹਰਿਆਣਾ)
ਮੋ. 96540-36080
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।