ਕਲਾ ਨੇ ‘ਚਮਕਾਈ’ ਬੂਟ ‘ਪਾਲਿਸ’ ਕਰਨ ਵਾਲੇ ਸੰਨੀ ਦੀ ਜ਼ਿੰਦਗੀ
ਬਠਿੰਡਾ ਪੁੱਜਣ ‘ਤੇ ਪ੍ਰਸੰਸਕਾਂ ਨੇ ਚੁੱਕਿਆਂ ਹੱਥਾਂ ‘ਤੇ
ਸੁਖਜੀਤ ਮਾਨ, ਬਠਿੰਡਾ, 6 ਫਰਵਰੀ। ਬਠਿੰਡਾ ਦੀ ਅਮਰਪੁਰਾ ਬਸਤੀ ‘ਚ ਰਹਿਣ ਵਾਲੇ ਸੰਨੀ ਨੂੰ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਉਹ ਬੂਟ ਪਾਲਿਸ ਕਰਦਾ-ਕਰਦਾ ਗਾਇਕੀ ਦੀ ਦੁਨੀਆਂ ‘ਚ ਚਮਕ ਉੱਠੇਗਾ। ਅਜਿਹਾ ਹੋਣ ਦਾ ਤਾਂ ਉਹ ਸੁਪਨਾ ਵੀ ਨਹੀਂ ਲੈ ਸਕਦਾ ਸੀ। ਘਰ ਦੀ ਹਾਲਤ ਭਾਵੇਂ ਮਾੜੀ ਸੀ ਪਰ ਕਲ੍ਹਾ ਦਾ ਕੋਈ ਜਵਾਬ ਨਹੀਂ ਸੀ ਨਿੱਖਰੀ ਹੋਈ ਕਲ੍ਹਾ ਨੇ ਉਸਨੂੰ ਚੋਟੀ ਦਾ ਕਲਾਕਾਰ ਬਣਾ ਦਿੱਤਾ। ਦੋਸਤਾਂ-ਮਿੱਤਰਾਂ ਤੋਂ ਪੈਸੇ ਉਧਾਰੇ ਲੈ ਕੇ ਇੰਡੀਅਨ ਆਈਡਲ ਸ਼ੋਅ ਦਾ ਐਡੀਸ਼ਨ ਦੇਣ ਪੁੱਜਾ ਤਾਂ ਸਫ਼ਲਤਾ ਨੇ ਕਦਮ ਚੁੰਮਣੇ ਸ਼ੁਰੂ ਕਰ ਦਿੱਤੇ। Sunny Hindustani
ਕੁੱਝ ਮਹੀਨੇ ਪਹਿਲਾਂ ਜਿਹੜਾ ਸੰਨੀ ਬਠਿੰਡਾ ਦੀਆਂ ਗਲੀਆਂ ‘ਚ ਬੂਟ ਪਾਲਿਸ਼ ਕਰਵਾ ਲਓ ਦਾ ਹੋਕਾ ਦਿੰਦਾ ਸੀ ਤੇ ਉਸਦੀ ਮਾਂ ਸ਼ਹਿਰ ਦੀਆਂ ਗਲੀਆਂ ‘ਚ ਗੁਬਾਰੇ ਵੇਚਦੀ ਸੀ ਉਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ ਪਰ ਹੁਣ ਉਨ੍ਹਾਂ ਨਾਲ ਸੈਲਫੀਆਂ ਲੈਣ ਵਾਲਿਆਂ ਦੀਆਂ ਲਾਈਨਾਂ ਲੱਗਦੀਆਂ ਨੇ। ਸ਼ੋਅ ਦੇ ਟੌਪ 6 ‘ਚ ਥਾਂ ਬਣਾਉਣ ਮਗਰੋਂ ਸੰਨੀ ਜਦੋਂ ਅੱਜ ਬਠਿੰਡਾ ਪੁੱਜਾ ਤਾਂ ਬਠਿੰਡਾ ਵਾਸੀਆਂ ਨੇ ਉਸਨੂੰ ਹੱਥਾਂ ‘ਤੇ ਚੁੱਕ ਲਿਆ ਉਸਦੇ ਚਹੇਤੇ ਐਨੀਂ ਵੱਡੀ ਤਾਦਾਦ ‘ਚ ਪੁੱਜੇ ਕਿ ਫਾਇਰ ਬ੍ਰਿਗੇਡ ਚੌਂਕ ‘ਚ ਜਾਮ ਲੱਗ ਗਿਆ।
ਇੰਡੀਅਨ ਆਈਡਲ ਸ਼ੋਅ ਦੇ ਟੌਪ 6 ‘ਚ ਬਣਾਈ ਥਾਂ
ਗੱਲਬਾਤ ਦੌਰਾਨ ਅੱਜ ਸੰਨੀ ਨੇ ਦੱਸਿਆ ਕਿ ਉਸਨੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਮੁਕਾਮ ਤੇ ਪੁੱਜੇਗਾ। ਗਾਇਕੀ ਦੀ ਤਾਲੀਮ ਸਬੰਧੀ ਪੁੱਛੇ ਜਾਣ ‘ਤੇ ਸੰਨੀ ਨੇ ਦੱਸਿਆ ਕਿ ਉਸ ਦਾ ਗਾਇਕੀ ਵਿੱਚ ਕੋਈ ਉਸਤਾਦ ਨਹੀਂ ਸਗੋਂ ਉਹ ਤਾਂ ਪ੍ਰਸਿੱਧ ਗਾਇਕ ਨੁਸਰਤ ਫਤਿਹ ਅਲੀ ਖਾਂ ਦੇ ਗੀਤਾਂ ਦੀ ਹੀ ਤਿਆਰੀ ਕਰਦਾ ਸੀ। ਸੰਨੀ ਨੇ ਦੱਸਿਆ ਕਿ ਉਸ ਨੂੰ ਹੁਣ ਬਾਲੀਵੁੱਡ ਦੀਆਂ ਦੋ ਫਿਲਮਾਂ ਵਿੱਚ ਵੀ ਗੀਤ ਗਾਉਣ ਦਾ ਮੌਕਾ ਮਿਲਿਆ ਹੈ। ਸੰਨੀ ਹੁਣ ਇੰਡੀਅਨ ਆਈਡਲ ਸ਼ੋਅ ਦੇ ਟੌਪ 6 ‘ਚ ਪੁੱਜ ਗਿਆ ਹੈ। ਕਲਾ ਦੇ ਸਹਾਰੇ ਸਿਤਾਰੇ ਬਣੇ ਸੰਨੀ ਨੇ 23 ਫਰਵਰੀ ਨੂੰ ਹੋਣ ਵਾਲੇ ਗਰੈਂਡ ਫਿਨਾਲੇ ਲਈ ਵੱਧ ਤੋਂ ਵੱਧ ਵੋਟਾਂ ਦੇਣ ਦੀ ਅਪੀਲ ਵੀ ਆਪਣੇ ਪ੍ਰਸੰਸਕਾਂ ਨੂੰ ਕੀਤੀ। ਮਿੱਤਲ ਮਾਲ ‘ਚ ਬਣਾਏ ਗਏ ਮੰਚ ‘ਤੇ ਉਸ ਨੇ ਪ੍ਰਸੰਸਕਾਂ ਦੀ ਮੰਗ ‘ਤੇ ਗਾਣਾ ਵੀ ਗਾਇਆ।
ਮਾਂ ਤੋਂ ਮੰਗਿਆ ਇੱਕ ਮੌਕਾ ਬਣਿਆ ਸੁਨਿਹਰੀ
ਸੰਨੀ ਨੇ ਦੱਸਿਆ ਕਿ ਉਹ ਆਪਣੇ ਯਾਰ-ਦੋਸਤਾਂ ਦੇ ਕਹਿਣ ਤੇ ਪੈਸੇ ਉਧਾਰੇ ਲੈ ਕੇ ਇੰਡੀਅਨ ਆਇਡਲ ਦੇ ਐਡੀਸ਼ਨ ਦੇਣ ਗਿਆ ਸੀ ਉਸ ਵੇਲੇ ਉਸਦੀ ਮਾਂ ਨੇ ਘਰ ਦੇ ਮੰਦੇ ਹਾਲਾਤਾਂ ਦਾ ਵਾਸਤਾ ਪਾ ਕੇ ਰੋਕਣ ਦੀ ਕੋਸ਼ਿਸ ਵੀ ਕੀਤੀ ਸੀ ਪਰ ਉਸਨੇ ਆਪਣੀ ਮਾਂ ਤੋਂ ਸਿਰਫ ਇੱਕ ਮੌਕਾ ਮੰਗਿਆ ਸੀ ਤੇ ਉਹੀ ਮੌਕਾ ਉਸ ਲਈ ਸੁਨਿਹਰੀ ਸਾਬਿਤ ਹੋਇਆ ।
ਮਾਂ ਸੋਮਾ ਦੀ ਖੁਸ਼ੀ ਦੀ ਨਹੀਂ ਰਹੀ ਕੋਈ ਸੀਮਾ
ਸੰਨੀ ਦੀ ਮਾਂ ਸੋਮਾ ਤੋਂ ਪੁੱਤ ਦੀ ਕਾਮਯਾਬੀ ਦਾ ਚਾਅ ਨਹੀਂ ਚੁੱਕਿਆ ਜਾ ਰਿਹਾ। ਉਸਨੇ ਆਖਿਆ ਕਿ ਸੰਨੀ ਹੁਣ ਇਕੱਲਾ ਉਸਦਾ ਨਹੀਂ ਸਗੋਂ ਪੂਰੇ ਭਾਰਤ ਦਾ ਪੁੱਤ ਦਾ ਹੈ। ਉਸਨੇ ਅਪੀਲ ਕੀਤੀ ਕਿ ਜਿਸ ਤਰ੍ਹਾਂ ਸੰਨੀ ਨੂੰ ਪਹਿਲਾਂ ਪਿਆਰ-ਸਤਿਕਾਰ ਦਿੱਤਾ ਉਸੇ ਤਰ੍ਹਾਂ ਹੁਣ ਅੱਗੇ ਵੀ ਉਸਨੂੰ ਵੋਟ ਦੇ ਕੇ ਹੋਰ ਕਾਮਯਾਬ ਬਣਾਇਆ ਜਾਵੇ।
ਫੁੱਲਾਂ ਦੀ ਵਰਖਾ ਕਰਕੇ ਕੀਤਾ ਸੰਨੀ ਦਾ ਸਵਾਗਤ
ਜਿਉਂ ਹੀ ਸੰਨੀ ਦੇ ਬਠਿੰਡਾ ਪੁੱਜਣ ਦਾ ਪਤਾ ਲੱਗਿਆ ਤਾਂ ਉਸਦੇ ਪ੍ਰਸੰਸਕ ਸਵਾਗਤ ਲਈ ਜੁੜਨੇ ਸ਼ੁਰੂ ਹੋ ਗਏ । ਸੰਨੀ ਦੀ ਮਾਂ ਸੋਮਾ ਦੇਵੀ ਅਤੇ ਬਾਕੀ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਸਦੇ ਪ੍ਰਸੰਸਕਾਂ ਵੱਲੋਂ ਖੁੱਲੀ ਜੀਪ ‘ਚ ਸਵਾਰ ਸੰਨੀ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਉਸਦਾ ਸ਼ਾਨਾਦਰ ਸਵਾਗਤ ਕੀਤਾ। ਬਠਿੰਡਾ ਦੇ ਫਾਇਰ ਬ੍ਰਗੇਡ ਚੌਂਕ , ਧੋਬੀ ਬਜਾਰ , ਅਮਰੀਕ ਸਿੰਘ ਰੋਡ ਤੋਂ ਸੰਨੀ ਦੇ ਪ੍ਰਸੰਸਕ ਢੋਲ ਦੀ ਥਾਪ ‘ਤੇ ਗੱਡੀ ਦੇ ਅੱਗੇ ਨੱਚਦੇ ਹੋਏ ਮਿੱਤਲ ਮਾਲ ਪੁੱਜੇ ਜਿਥੇ ਉਸ ਦਾ ਸਵਾਗਤ ਉੱਘੇ ਸਨਅਤਕਾਰ ਰਾਜਿੰਦਰ ਮਿੱਤਲ ਦੇ ਸਪੁੱਤਰ ਕੁਸ਼ਲ ਮਿੱਤਲ ਵੱਲੋਂ ਕੀਤਾ ਗਿਆ। ਸੰਨੀ ਦੇ ਨਾਲ ਚੰਡੀਗੜ੍ਹ ਅਤੇ ਮੁੰਬਈ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੀ ਟੀਮ ਵੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।