ਮਾਣਯੋਗ ਅਦਾਲਤ ਵੱਲੋ ਡਾ. ਦਲਜੀਤ ਚੀਮਾ ਨੂੰ ਮਿਲੀ ਪੇਸ਼ਗੀ ਜਮਾਨਤ
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। ਡਾ. ਦਲਜੀਤ ਸਿੰਘ ਚੀਮਾ ਨੂੰ ਕਥਿਤ ਸਾਜ਼ਿਸ਼, ਧੋਖਾਦੇਹੀ, ਰਿਕਾਰਡ ਦੇ ਦਸਤਾਵੇਜ਼ ਨਾਲ ਛੇੜਛਾੜ ਕਰਨ ਦੇ ਮਾਮਲੇ ‘ਚ ਮਾਣਯੋਗ ਅਦਾਲਤ ਨੇ ਸ਼ਰਤਾਂ ਸਹਿਤ ਅਗਾਊ ਜਮਾਨਤ ਦੇ ਦਿੱਤੀ ਹੈ। ਡਾ. ਦਲਜੀਤ ਸਿੰਘ ਚੀਮਾ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ‘ਚ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਪੇਸ਼ ਹੋਏ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪੇਸ਼ ਹੋਏ।
ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦੇ ਡਾ. ਦਲਜੀਤ ਸਿੰਘ ਚੀਮਾ ਨੂੰ 1 ਲੱਖ ਰੁਪਏ ਦਾ ਬਾਂਡ ਭਰਨ ਅਤੇ 1 ਜ਼ਮਾਨਤੀ ਪੇਸ਼ ਕਰਕੇ ਬਾਸ਼ਰਤ ਅਗਾਊਂ ਜ਼ਮਾਨਤ ਦਿੰਦੇ ਹੋਏ ਅਦਾਲਤ ਸਾਹਮਣੇ 19 ਦਸੰਬਰ ਨੂੰ ਟਰਾਇਲ ਕੋਰਟ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਇਸ ਬਹੁਚਰਚਿਤ ਮਾਮਲੇ ਦੀ ਅਗਲੀ ਸੁਣਵਾਈ ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਏ. ਸੀ. ਜੇ. ਐੱਮ. ਮੋਨਿਕਾ ਸ਼ਰਮਾ ਦੀ ਅਦਾਲਤ ਨੇ 20 ਦਸੰਬਰ ਮੁਕੱਰਰ ਕੀਤੀ ਹੋਈ ਹੈ।
20 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ
ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਨੂੰ ਅਦਾਲਤ ਵੱਲੋਂ 20 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਦਰਅਸਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਅਤੇ ਕੇਂਦਰੀ ਚੋਣ ਕਮਿਸ਼ਨ ‘ਚ 2 ਵੱਖ-ਵੱਖ ਸੰਵਿਧਾਨ ਪੇਸ਼ ਕਰਕੇ ਜਾਲਸਾਜ਼ੀ ਕਰਨ ਸਬੰਧੀ ਸਮਾਜਵਾਦੀ ਨੇਤਾ ਬਲਵੰਤ ਸਿੰਘ ਖੇੜਾ ਅਤੇ ਓਮ ਸਿੰਘ ਸਟਿਆਣਾ ਵੱਲੋਂ ਸਾਲ 2009 ‘ਚ ਸਾਜ਼ਿਸ਼, ਧੋਖਾਦੇਹੀ, ਰਿਕਾਰਡ ਦੇ ਦਸਤਾਵੇਜ਼ ਨਾਲ ਛੇੜਛਾੜ ਕਰਨ ਦੇ ਮਾਮਲੇ ‘ਚ ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਸਿੰਘ ਚੀਮਾ ਨੂੰ 3 ਦਸੰਬਰ 2019 ਨੂੰ ਅਦਾਲਤ ‘ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ ਪਰ ਉਹ ਅਦਾਲਤ ‘ਚ ਪੇਸ਼ ਨਹੀਂ ਹੋਏ।
- ਅਦਾਲਤ ਨੇ ਉਨ੍ਹਾਂ ਨੂੰ ਦੋਬਾਰਾ ਸੰਮਨ ਜਾਰੀ ਕਰਕੇ 20 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।
- ਸਾਜ਼ਿਸ਼, ਧੋਖਾਦੇਹੀ, ਰਿਕਾਰਡ ਦੇ ਦਸਤਾਵੇਜ਼ ਨਾਲ ਛੇੜਛਾੜ ਕਰਨ ਦੇ ਮਾਮਲੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।