ਏ.ਟੀ.ਐਮ. ਨੂੰ ਕੱਟ ਕੇ ਅਣਪਛਾਤਿਆਂ ਨੇ ਲੱਖਾਂ ਰੁਪਏ ਉਡਾਏ, ਪੁਲਿਸ ਅਧਿਕਾਰੀ ਜਾਂਚ ‘ਚ ਜੁਟੇ
ਤਿੰਨ ਲੱਖ ਰੁਪਏ ਚੋਰੀ ਕਰਨ ਦੀ ਖ਼ਬਰ, ਬੈਂਕ ਅਧਿਕਾਰੀ ਅਜੇ ਲਾ ਰਹੇ ਨੇ ਕੈਸ਼ ਦਾ ਅੰਦਾਜ਼ਾ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬ ਦੇ ਪਹਿਲੇ ਡਿਜ਼ੀਟਲ ਅਤੇ ਕੈਸ਼ਲੈਸ ਬਣੇ ਪਿੰਡ ਗੱਜੂਮਾਜਰਾ ਵਿਖੇ ਅਣਪਛਾਤੇ ਚੋਰਾਂ ਵੱਲੋਂ ਸਟੇਟ ਬੈਂਕ ਆਫ਼ ਇੰਡੀਆ ਦੇ ਏ.ਟੀ.ਐਮ ਨੂੰ ਕੱਟ ਕੇ ਉਸ ਵਿੱਚੋਂ ਲੱਖਾਂ ਰੁਪਏ ਦੀ ਨਗਦੀ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਏ.ਟੀ.ਐਮ.’ਚੋਂ ਚੋਰੀ ਦਾ ਪਤਾ ਲੱਗਣ ਤੋਂ ਬਾਅਦ ਅੱਜ ਪੁਲਿਸ ਦੇ ਅਧਿਕਾਰੀਆਂ ਵੱਲੋਂ ਵਾਰਦਾਤ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਜਾਂਚ ਕੀਤੀ ਗਈ। ਇਕੱਤਰ ਜਾਣਕਾਰੀ ਅਨੁਸਾਰ ਗੱਜੂਮਾਜਰਾ ਪੰਜਾਬ ਦਾ ਪਹਿਲਾ ਅਜਿਹਾ ਡਿਜ਼ੀਟਲ ਅਤੇ ਕੈਸ਼ਲੈਸ ਪਿੰਡ ਹੈ।
ਜਿੱਥੇ ਕਿ ਹਰ ਚੀਜ਼ ਦਾ ਭੁਗਤਾਨ ਡਿਜ਼ੀਟਲ ਤਰੀਕੇ ਨਾਲ ਕੀਤਾ ਜਾਂਦਾ ਹੈ। ਪਿੰਡ ਵਿੱਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਏ.ਟੀ.ਐਮ. ਨੂੰ ਰਾਤ ਵੇਲੇ ਅਣਪਛਾਤੇ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ। ਇਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਏਟੀਐਮ ਉੱਪਰ ਡਿਊਟੀ ਵਾਲਾ ਮੁਲਾਜ਼ਮ ਆਇਆ ਤਾਂ ਏਟੀਐਮ ਦਾ ਹੇਠਲਾ ਹਿੱਸਾ ਉੱਥੇ ਮੌਜੂਦ ਨਹੀਂ ਸੀ। ਜਿਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਪਸਿਆਣਾ ਪੁਲਿਸ ਨੂੰ ਦਿੱਤੀ ਗਈ।
ਚਾਰ ਅਣਪਛਾਤਿਆਂ ਵੱਲੋਂ ਏਟੀਐਮ ਨੂੰ ਕਟਰ ਨਾਲ ਕੱਟੀ
ਇਸ ਦੌਰਾਨ ਦੇਖਿਆ ਗਿਆ ਕਿ ਮੂੰਹ ਬੰਨ੍ਹੀ ਦਾਖਲ ਹੋਏ ਲਗਭਗ ਚਾਰ ਅਣਪਛਾਤਿਆਂ ਵੱਲੋਂ ਏਟੀਐਮ ਨੂੰ ਕਟਰ ਨਾਲ ਕੱਟ ਕੇ ਉਸਦਾ ਹੇਠਲਾ ਹਿੱਸਾ ਹੀ ਉਡਾ ਕੇ ਲੈ ਗਏ। ਇਸ ਏਟੀਐਮ ਵਿੱਚ ਲਗਭਗ ਤਿੰਨ ਲੱਖ ਰੁਪਏ ਹੋਣ ਬਾਰੇ ਪੁਲਿਸ ਨੂੰ ਬੈਂਕ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ। ਚੋਰਾਂ ਵੱਲੋਂ ਏ.ਟੀ.ਐਮ. ਨੂੰ ਨਿਸ਼ਾਨਾ ਬਣਾਉਣ ਮੌਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਤਾਰ ਆਦਿ ਵੀ ਕੱਟੀ ਗਈ, ਜਿਸ ਕਾਰਨ ਲੁੱਟਣ ਦੀ ਵਾਰਦਾਤ ਸਾਹਮਣੇ ਨਹੀਂ ਆਈ। ਉਂਜ ਸੀਸੀਟੀਵੀ ਕੈਮਰੇ ਵਿੱਚ ਉਨ੍ਹਾਂ ਦੀਆਂ ਮੂੰਹ ਬੰਨ੍ਹੀ ਤਸਵੀਰਾਂ ਕੈਦ ਹੋ ਗਈਆਂ ਹਨ। ਪੁਲਿਸ ਵੱਲੋਂ ਫਿੰਗਰ ਪ੍ਰਿੰਟ ਮਾਹਿਰ ਸਮੇਤ ਹੋਰ ਟੀਮਾਂ ਵੀ ਬੁਲਾਈਆਂ ਗਈਆਂ, ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ। ਇਸ ਸਬੰਧੀ ਜਦੋਂ ਪਿੰਡ ਗੱਜੂਮਾਜਰਾ ਦੇ ਬ੍ਰਾਂਚ ਮੈਨੇਜ਼ਰ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਦੱਸਿਆ ਕਿ ਇਸ ਏਟੀਐਮ ਵਿੱਚ 8 ਲੱਖ ਰੁਪਏ ਦੀ ਨਗਦੀ ਪਾਈ ਗਈ ਸੀ, ਇਸ ਵਿੱਚੋਂ ਆਮ ਲੋਕਾਂ ਵੱਲੋਂ ਕਿੰਨੀ ਕੱਢੀ ਹੈ ਜਾਂ ਚੋਰਾਂ ਵੱਲੋਂ ਕਿੰਨੀ ਚੋਰੀ ਕੀਤੀ ਗਈ ਹੈ।
ਇਸ ਸਬੰਧੀ ਉਨ੍ਹਾਂ ਦੀ ਟੀਮ ਵੱਲੋਂ ਚੈਂਕ ਕੀਤਾ ਜਾ ਰਿਹਾ ਹੈ। ਇੱਧਰ ਥਾਣਾ ਪਸਿਆਣਾ ਦੇ ਐਸਐਚਓ ਹਰਬਿੰਦਰ ਸਿੰਘ ਦਾ ਕਹਿਣਾ ਹੈ ਕਿ ਬੈਂਕ ਅਧਿਕਾਰੀਆਂ ਵੱਲੋਂ ਚਾਰ ਲੱਖ ਰੁਪਏ ਏਟੀਐਮ ਵਿੱਚ ਪਏ ਹੋਣ ਦੀ ਸ਼ਿਕਾਇਤ ਕੀਤੀ ਗਈ ਹੈ, ਜਿਸ ਵਿੱਚੋਂ ਕੁਝ ਲੋਕਾਂ ਵੱਲੋਂ ਕਢਾਇਆ ਗਿਆ, ਬਾਕੀ ਲਗਭਗ 3 ਲੱਖ ਰੁਪਏ ਚੋਰਾਂ ਵੱਲੋਂ ਚੋਰੀ ਕੀਤੇ ਜਾਣ ਦਾ ਅਨੁਮਾਨ ਹੈ।
- ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਹੋਰ ਸੀਸੀਟੀਵੀ ਕੈਮਰਿਆਂ ਨੂੰ ਫਰੋਲਿਆ ਜਾ ਰਿਹਾ ਹੈ ਅਤੇ ਚੋਰਾਂ ਦੀ ਪੈੜ ਨੱਪਣ ਲਈ ਕਾਰਵਾਈ ਜਾਰੀ ਹੈ।
- ਉਨ੍ਹਾਂ ਦੱਸਿਆ ਕਿ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।