ਲਗਭਗ 50 ਕਾਲਜਾਂ ਦੇ 900 ਐਥਲੀਟ ਲੈ ਰਹੇ ਹਨ ਹਿੱਸਾ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡਾ. ਬੀ.ਐਸ. ਘੁੰਮਣ ਵਾਈਸ ਚਾਂਸਲਰ ਦੀ ਸਰਪ੍ਰਸਤੀ ਹੇਠ ਪੰਜਾਬੀ ਯੂਨੀਵਰਸਿਟੀ ਦੀ 57ਵੀਂ ਸਾਲਾਨਾ ਐਥਲੈਟਿਕ ਮੀਟ, 2019-20 ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਦਾ ਸ਼ੁਭਆਰੰਭ ਅੱਜ ਹੋ ਗਿਆ ਹੈ। ਡਾ. ਗੁਰਦੀਪ ਕੌਰ ਰੰਧਾਵਾ ਨਿਰਦੇਸ਼ਕ ਖੇਡ ਵਿਭਾਗ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੀਆਂ 40 ਲੜਕੀਆਂ ਅਤੇ 45 ਲੜਕਿਆਂ ਦੀਆਂ ਟੀਮਾਂ ‘ਚ ਲਗਭਗ 900 ਖਿਡਾਰੀ/ਖਿਡਾਰਣਾਂ ਭਾਗ ਲੈ ਰਹੇ ਹਨ। ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਮਦਨ ਲਾਲ ਜਲਾਲਪੁਰ ਐਮ.ਐਲ.ਏ. ਹਲਕਾ ਘਨੌਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆ ਉਚੇਚੇ ਤੌਰ ‘ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ।
ਇਸ ਮੌਕੇ ਸਹਾਇਕ ਡਾਇਰੈਕਟਰ ਸਪੋਰਟਸ ਡਾ. ਦਲਬੀਰ ਸਿੰਘ ਰੰਧਾਵਾ ਅਤੇ ਸ਼੍ਰੀਮਤੀ ਮਹਿੰਦਰਪਾਲ ਕੌਰ ਅਤੇ ਸਮੂਹ ਖੇਡ ਵਿਭਾਗ ਵੱਲੋਂ ਆਏ ਹੋਏ ਪਤਵੰਤੇ ਸੰਜਣਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਹਾਲ ਹੀ ‘ਚ ਚੁਣੀ ਗਈ ਏ ਕਲਾਸ ਆਫੀਸਰਜ਼ ਐਸੋਸੀਏਸ਼ਨ, ਪੰਜਾਬੀ ਯੂਨੀਵਰਸਿਟੀ ਵੱਲੋਂ ਵੀ ਮੁੱਖ ਮਹਿਮਾਨ ਦਾ ਹਾਰ ਪਾ ਕੇ ਅਤੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਜਿਨ੍ਹਾਂ ‘ਚ ਸ਼੍ਰੀਮਤੀ ਸਿਮਰਤ ਕੌਰ ਫਿਜ਼ੀਕਲ ਕਾਲਜ ਪਟਿਆਲਾ, ਸ਼੍ਰੀਮਤੀ ਕੁਲਵੰਤ ਕੌਰ ਫਿਜ਼ੀਕਲ ਕਾਲਜ ਚੁੱਪਕੀ, ਓਂਕਾਰ ਸਿੰਘ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਅਮਰਜੀਤ ਸਿੰਘ ਅਤੇ ਡਾ. ਜਸਬੀਰ ਸਿੰਘ ਕ੍ਰਮਵਾਰ ਪ੍ਰਿੰਸੀਪਲ ਅਤੇ ਡਾਇਰੈਕਟਰ ਚਹਿਲ ਫਿਜ਼ੀਕਲ ਕਾਲਜ ਕਲਿਆਣ ਅਤੇ ਡਾ. ਖੁਸ਼ਵਿੰਦਰ ਕੁਮਾਰ ਮੋਦੀ ਕਾਲਜ ਪਟਿਆਲਾ ਦਾ ਮੁੱਖ ਮਹਿਮਾਨ ਵੱਲੋਂ ਸਿਰੋਪਾਉ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਦੋਂਕਿ ਯੂਨੀਵਰਸਿਟੀ ਤੋਂ ਡਾ. ਮੁਹੰਮਦ ਇਦਰੀਸ਼ ਨੂੰ ਵੀ ਸਿਰੋਪਾਉ ਪਾ ਕੇ ਸਨਮਾਨਿਆ ਗਿਆ।
ਇਸ ਮੌਕੇ ਬੋਲਦਿਆ ਸ੍ਰੀ ਜਲਾਲਪੁਰ ਨੇ ਕਿਹਾ ਕਿ ਖੇਡ ਵਿਭਾਗ ਯੂਨੀਵਰਸਿਟੀ ਵੱਲੋਂ ਆਯੋਜਿਤ ਇਸ ਐਥਲੈਟਿਕ ਮੀਟ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਨਾ ਇੱਕ ਪ੍ਰਸ਼ੰਸ਼ਾਯੋਗ ਕਦਮ ਹੈ। ਇਸ ਮੌਕੇ ਮੁੱਖ ਮਹਿਮਾਨ ਮਦਨ ਲਾਲ ਜਲਾਲਪੁਰ ਵੱਲੋਂ ਵਿਸ਼ੇਸ਼ ਤੌਰ ‘ਤੇ ਖਿਡਾਰਣਾ ਦਾ ਸਨਮਾਨ ਕਰਦੇ ਹੋਏ ਪਹਿਲੇ ਸਥਾਨ ਤੇ ਰਹੀ ਹਰਮਿਲਨ ਬੈਂਸ ਨੂੰ 31 ਹਜ਼ਾਰ, ਦੂਜੇ ਅਤੇ ਤੀਜੇ ਸਥਾਨ ਤੇ ਰਹੀ ਰੇਨੂੰ ਰਾਣੀ ਅਤੇ ਜੋਤੀ ਨੂੰ ਕ੍ਰਮਵਾਰ 21-21 ਹਜ਼ਾਰ ਰੁਪਏ ਨਕਦ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ।
ਅੱਜ ਦੇ ਨਤੀਜੇ……….
ਮਹਿਲਾਵਾਂ ਦੇ ਹੋਏ 800 ਮੀਟਰ ਦੌੜ ਮੁਕਾਬਲਿਆਂ ‘ਚ ਨੈਸ਼ਨਲ ਫਿਜ਼ੀਕਲ ਕਾਲਜ ਚੁੱਪਕੀ ਦੀ ਕੌਮੀ ਐਥਲੀਟ ਹਰਮਿਲਨ ਬੈਂਸ ਨੇ ਆਪਣਾ ਪਿਛਲੇ ਸਾਲ ਦਾ ਹੀ ਰਿਕਾਰਡ ਜੋ ਕਿ 2:13.76 ਸੈਕਿੰਡ ਸੀ ਨੂੰ ਤੋੜਦੇ ਹੋਏ 2:13.15 ਸੈਕਿੰਡ ਨਾਲ ਨਵਾਂ ਰਿਕਾਰਡ ਕਾਇਮ ਕਰਦਿਆ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਗੌ. ਮਹਿੰਦਰਾ ਕਾਲਜ ਦੀਆਂ ਐਥਲੀਟਾਂ ਰੇਨੂੰ ਰਾਣੀ ਅਤੇ ਜੋਤੀ ਨੇ ਕ੍ਰਮਵਾਰ 2:19.41 ਸੈਕਿੰਡ ਨਾਲ ਦੂਜਾ ਅਤੇ 2:50.40 ਸੈਕਿੰਡ ਨਾਲ ਤੀਜਾ ਸਥਾਨ ਹਾਸਲ ਕੀਤਾ।
ਮਹਿਲਾਵਾਂ ਦੇ ਹੀ 5000 ਮੀ. ਦੌੜ ਮੁਕਾਬਲਿਆਂ ‘ਚ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਪਰਮਿੰਦਰ ਕੌਰ ਨੇ 18:29.26 ਸੈਕਿੰਡ ਦਾ ਸਮਾਂ ਲੈ ਕੇ ਪਹਿਲਾ, ਚਹਿਲ ਫਿਜ਼ੀਕਲ ਕਾਲਜ ਕਲਿਆਣ ਦੀ ਸ਼ੈਲੀ ਧਾਮ ਨੇ 19:31.83 ਸੈਕਿੰਡ ਦਾ ਸਮਾਂ ਲੈ ਕੇ ਦੂਜਾ ਅਤੇ ਇਸੇ ਕਾਲਜ ਦੀ ਮਨੀਸ਼ਾ ਨੇ 20:00.59 ਸੈਕਿੰਡ ਦਾ ਸਮਾਂ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥਰੋਅ ਦੇ ਮੁਕਾਬਲਿਆਂ ‘ਚ ਚਹਿਲ ਫਿਜ਼ੀਕਲ ਕਾਲਜ ਕਲਿਆਣ ਦੀ ਅਲਕਾ ਸਿੰਘ ਨੇ 42.56 ਮੀਟਰ ਨਾਲ ਪਹਿਲਾ, ਯੂਨਵਰਸਿਟੀ ਕਾਲਜ ਸਰਦੂਲਗੜ੍ਹ ਦੀ ਸਰੋਜ ਦੇਵੀ ਨੇ 40.23 ਮੀਟਰ ਨਾਲ ਦੂਜਾ ਅਤੇ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਨਿਕੀਤਾ ਰਾਵਤ ਨੇ 37.84 ਮੀਟਰ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਮਹਿਲਾਵਾਂ ਦੇ ਤੀਹਰੀ ਛਾਲ ਈਵੈਂਟ ਵਿਚ ਚਹਿਲ ਫਿਜ਼ੀਕਲ ਕਾਲਜ ਕਲਿਆਣ ਦੀ ਕੁਮਾਰੀ ਅਲਕਾ ਨੇ 9.77 ਮੀਟਰ ਨਾਲ ਪਹਿਲਾ, ਸਰਕਾਰੀ ਫਿਜ਼ੀਕਲ ਕਾਲਜ ਪਟਿਆਲਾ ਦੀ ਰਮਨਦੀਪ ਕੌਰ ਨੇ 8.49 ਮੀਟਰ ਨਾਲ ਦੂਜਾ ਅਤੇ ਯੂਨੀਵਰਸਿਟੀ ਕਾਲਜ ਬੇਨੜਾ ਧੂਰੀ ਦੀ ਰੁਪਿੰਦਰ ਕੌਰ ਨੇ 8.11 ਮੀਟਰ ਨਾਲ ਤੀਜਾ ਸਥਾਨ ਹਾਸਲ ਕੀਤਾ।
ਪੁਰਸ਼ਾਂ ਦੇ ਡਿਸਕਸ ਥਰੋਅ ਮੁਕਾਬਲਿਆਂ ਵਿਚ ਚਹਿਲ ਫਿਜ਼ੀਕਲ ਕਾਲਜ ਕਲਿਆਣ ਦੇ ਮਨਿੰਦਰਜੀਤ ਸਿੰਘ ਨੇ 48.28 ਮੀਟਰ ਨਾਲ ਪਹਿਲਾ, ਗੁਰੂ ਨਾਨਕ ਕਾਲਜ ਬੁਢਲਾਡਾ ਦੇ ਸੁਖਵੰਤ ਸਿੰਘ ਨੇ 47.15 ਮੀਟਰ ਨਾਲ ਦੂਜਾ ਅਤੇ ਮਾਤਾ ਗੁਜ਼ਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਕਰਨਵੀਰ ਸਿੰਘ ਨੇ 42.81 ਮੀਟਰ ਨਾਲ ਤੀਜਾ ਸਥਾਨ ਪ੍ਰਾਪਤ ਕਰਨ ਵਿਚ ਸਫਲਤਾ ਹਾਸਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।