ਤਕਰੀਬਨ 20 ਫੁੱਟ ਪਾੜ ਪੂਰਨਾ ਬਾਕੀ, ਡੇਰਾ ਸ਼ਰਧਾਲੂਆਂ ਵੱਲੋਂ ਰਾਹਤ ਕਾਰਜ ਜ਼ੋਰ-ਸ਼ੋਰ ਨਾਲ ਜਾਰੀ
ਗੁਰਪ੍ਰੀਤ ਸਿੰਘ/ਮੋਹਨ ਸਿੰਘ, ਮੂਣਕ
ਫੂਲਦ ਨੇੜੇ ਘੱਗਰ ਵਿੱਚ ਪਏ ਵੱਡੇ ਪਾੜ ਨੂੰ ਅੱਜ ਪੰਜਵਾਂ ਦਿਨ ਹੋ ਗਿਆ ਹੈ ਅੱਜ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਐਨ.ਡੀ.ਆਰ.ਐਫ., ਫੌਜ ਦੇ ਜਵਾਨ ਤੇ ਹੋਰ ਰਾਹਤ ਕਰਮੀ ਪਾੜ ਪੂਰਨ ਵਿੱਚ ਜੁਟੇ ਹੋਏ ਹਨ ਪੰਜਵੇਂ ਦਿਨ ਮਹਿਜ 20 ਫੁੱਟ ਦਾ ਪਾੜ ਪੂਰਨਾ ਬਾਕੀ ਰਹਿ ਗਿਆ ਹੈ ਪ੍ਰਸ਼ਾਸਨ ਵੀ ਪੂਰੇ ਯਕੀਨ ਨਾਲ ਦਾਅਵਾ ਕਰ ਰਿਹਾ ਹੈ ਕਿ ਅੱਜ ਰਾਤ ਤੱਕ ਜਾਂ ਕੱਲ੍ਹ ਸਵੇਰ ਤੱਕ ਪਾੜ ਪੂਰਨ ਦੇ ਕੰਮ ‘ਤੇ ਸੌ ਫੀਸਦੀ ਸਫ਼ਲਤਾ ਹਾਸਲ ਕਰ ਲਈ ਜਾਵੇਗੀ
ਫੂਲਦ ਨੇੜੇ ਘੱਗਰ ਦਰਿਆ ਤੇ ਪਏ ਪਾੜ ਨੂੰ ਪੂਰਨ ਦੇ ਅੱਜ ਪੰਜਵੇਂ ਦਿਨ ਜ਼ੋਰਦਾਰ ਕੋਸ਼ਿਸ਼ਾਂ ਜਾਰੀ ਹਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਸੈਂਕੜੇ ਸੇਵਾਦਾਰ ਪੰਜਵੇਂ ਦਿਨ ਵੀ ਪਾੜ ਪੂਰਨ ਦੇ ਕੰਮ ਵਿੱਚ ਜ਼ੋਰ-ਸ਼ੋਰ ਨਾਲ ਡਟੇ ਹੋਏ ਹਨ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਜਰਨੈਲ ਸਿੰਘ ਇੰਸਾਂ ਨੇ ਦੱਸਿਆ ਕਿ ਅੱਜ ਵੀ ਪਾਤੜਾਂ, ਲਹਿਰਾਗਾਗਾ, ਧਰਮਗੜ੍ਹ, ਸੁਨਾਮ, ਦਿੜ੍ਹਬਾ ਤੋਂ ਵੱਡੀ ਗਿਣਤੀ ਡੇਰਾ ਪ੍ਰੇਮੀ ਸੇਵਾ ‘ਤੇ ਆਏ ਹੋਏ ਹਨ ਉਨ੍ਹਾਂ ਦੱਸਿਆ ਕਿ ਮਹਿਜ 20-22 ਫੁੱਟ ਦਾ ਕੰਮ ਹੀ ਬਾਕੀ ਰਹਿ ਗਿਆ ਹੈ ਜਿਸ ਕਾਰਨ ਪ੍ਰੇਮੀ ਪੂਰੀ ਫੁਰਤੀ ਨਾਲ ਕੰਮ ਨੂੰ ਨਿਪਟਾਉਣ ‘ਤੇ ਲੱਗੇ ਹੋਏ ਹਨ ਉਨ੍ਹਾਂ ਦੱਸਿਆ ਕਿ ਘੱਗਰ ਵਿਚਲੇ ਪਾਣੀ ਦਾ ਪੱਧਰ ਵੀ ਕੱਲ੍ਹ ਦੇ ਮੁਕਾਬਲੇ 2 ਫੁੱਟ ਘੱਟ ਹੈ ਜਿਸ ਕਾਰਨ ਕੰਮ ਵਿੱਚ ਤੇਜ਼ੀ ਆਈ ਹੈ ਉਨ੍ਹਾਂ ਦੱਸਿਆ ਕਿ ਪ੍ਰੇਮੀ ਸੌ ਫੀਸਦੀ ਕੰਮ ਨਿਪਟਾਉਣ ਤੋਂ ਬਾਅਦ ਹੀ ਹਟਣਗੇ ਉਨ੍ਹਾਂ ਦੱਸਿਆ ਕਿ ਪਾੜ ਦੀ ਜਗ੍ਹਾ ਘੱਟ ਰਹਿਣ ਕਾਰਨ ਪ੍ਰੇਮੀਆਂ ਵੱਲੋਂ ਬਣਾਏ ਜਾਣ ਵਾਲੇ ਜਾਲ ਦਾ ਸਾਈਜ਼ ਵੀ ਘਟਾ ਦਿੱਤਾ ਹੈ ਅਤੇ ਹੁਣ ਛੋਟੇ-ਛੋਟੇ ਜਾਲ ਬਣਾ ਕੇ ਉਨ੍ਹਾਂ ਵਿੱਚ ਬੋਰੀਆਂ ਨੂੰ ਧਰਿਆ ਜਾ ਰਿਹਾ ਹੈ ਦੇਰ ਰਾਤ ਤੱਕ ਪ੍ਰੇਮੀ ਇਸ ਤਰ੍ਹਾਂ ਕੰਮ ਵਿੱਚ ਜੁਟੇ ਰਹਿੰਦੇ ਹਨ ਉੱਧਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਨ੍ਹ ਬੰਨ੍ਹਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ
ਡੇਰਾ ਸੱਚਾ ਸੌਦਾ ਦੇ ਸੇਵਾਦਾਰ, ਐਨ.ਡੀ.ਆਰ.ਐਫ. ਤੇ ਫੌਜ ਦੇ ਜਵਾਨ ਮਿਲ ਕੇ ਕੰਮ ਕਰ ਰਹੇ ਹਨ ਪ੍ਰਸ਼ਾਸਨ ਅਨੁਸਾਰ ਪਾਣੀ ਦਾ ਪੱਧਰ ਘੱਟਣ ਕਾਰਨ ਕੱਲ੍ਹ ਦੇ ਮੁਕਾਬਲੇ ਸਥਿਤੀ ਵਿੱਚ ਕਾਫ਼ੀ ਸੁਧਾਰ ਹੈ ਉਨ੍ਹਾਂ ਕਿਹਾ ਕਿ ਕਈ ਥਾਵਾਂ ਤੋਂ ਪਾਣੀ ਮੁੜ ਘੱਗਰ ਦਰਿਆ ਵਿੱਚ ਪੈਣਾ ਆਰੰਭ ਹੋ ਗਿਆ ਹੈ ਜਿਸ ਕਾਰਨ ਖੇਤਾਂ ਤੇ ਘਰਾਂ ਦੇ ਦੁਆਲੇ ਖੜ੍ਹਾ ਪਾਣੀ ਘਟਿਆ ਹੈ
ਸੁਰਜਨ ਭੈਣੀ, ਹਮੀਰਗੜ੍ਹ, ਭੂੰਦੜ ਭੈਣੀ, ਮੂਣਕ ਦੇ ਬਾਹਰੀ ਇਲਾਕਿਆਂ ਵਿੱਚ ਪਾਣੀ ਦਾਖ਼ਲ ਹੋ ਚੁੱਕਿਆ ਹੈ ਮੂਣਕ ਦੇ ਬਾਹਰੀ ਇਲਾਕਿਆਂ ਵਿੱਚ ਪਾਣੀ ਕਾਰਨ ਲੋਕ ਘਰਾਂ ਵਿੱਚ ਘਿਰ ਗਏ ਹਨ ਬੇਸ਼ੱਕ ਅੱਜ ਪਾਣੀ ਦਾ ਪੱਧਰ ਕੁਝ ਘਟਿਆ ਹੈ ਪਰ ਇਸ ਦੇ ਬਾਵਜੂਦ ਲੋਕਾਂ ਦਾ ਪ੍ਰਸ਼ਾਸਨ ਪ੍ਰਤੀ ਗਿਲਾ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਹਾਲੇ ਤੱਕ ਉਨ੍ਹਾਂ ਦੀ ਸਾਰ ਨਹੀਂ ਲਈ ਅਤੇ ਉਨ੍ਹਾਂ ਦੇ ਡੰਗਰ ਪਸ਼ੂ ਭੁੱਖਣ ਭਾਣੇ ਕਿੱਲਿਆਂ ਨਾਲ ਬੰਨ੍ਹੇ ਹੋਏ ਹਨ ਜਿਸ ਕਾਰਨ ਉਨ੍ਹਾਂ ਨੂੰ ਚਿੰਤਾ ਵੀ ਹੈ
ਖੇਤੀਬਾੜੀ ਫੀਡਰ ਦੀ ਬਿਜਲੀ ਸਪਲਾਈ ਕੀਤੀ ਬੰਦ
ਪਾਵਰਕੌਮ ਨੇ ਪਾਣੀ ਦੇ ਹਾਲਾਤ ਵੇਖਦਿਆਂ ਕਈ ਪਿੰਡਾਂ ਵਿੱਚ ਖੇਤੀਬਾੜੀ ਫੀਡਰ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ ਪਾਵਰਕੌਮ ਅਨੁਸਾਰ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੇ ਡਰ ਕਾਰਨ ਉਨ੍ਹਾਂ ਕਈ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਕੱਟੀ ਹੈ ਜਦੋਂਕਿ ਰਿਹਾਇਸ਼ੀ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਉਸੇ ਤਰ੍ਹਾਂ ਜਾਰੀ ਹੈ
ਮੁੱਖ ਮੰਤਰੀ ਵੱਲੋਂ ਹਵਾਈ ਦੌਰਾ ਅੱਜ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਮੰਗਲਵਾਰ ਜ਼ਿਲ੍ਹਾ ਸੰਗਰੂਰ ਅਤੇ ਪਟਿਆਲਾ ‘ਚ ਘੱਗਰ ਦੀ ਮਾਰ ਹੇਠ ਆਏ ਇਲਾਕਿਆਂ ਦਾ ਦੌਰਾ ਕਰਨਗੇ ਇਸ ਤੋਂ ਪਹਿਲਾਂ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੀ ਦੌਰਾ ਕਰ ਚੁੱਕੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।