ਗੁਰਦੁਆਰਾ ਗੁਰੂਸਰ ਸਾਹਿਬ ਕਾਉਣੀ ਦੀ ਪ੍ਰਬੰਧਕੀ ਲਈ ਲੋਕਲ ਕਮੇਟੀ ਤੇ ਬਾਬਾ ਬੁੱਢਾ ਦਲ 96 ਕਰੋੜੀ ਆਹਮੋ-ਸਾਹਮਣੇ
ਰਵੀਪਾਲ, ਦੋਦਾ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਉਣੀ ‘ਚ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਪ੍ਰਬੰਧਕੀ ਲਈ ਬੁੱਢਾ ਦਲ 96 ਕਰੋੜੀ ਦੇ ਸੇਵਾਦਾਰ ਤੇ ਗੁਰਦੁਆਰਾ ਦੀ 21 ਮੈਂਬਰ ਕਮੇਟੀ ਦੀ ਅਗਵਾਈ ‘ਚ ਸਮੂਹ ਪਿੰਡ ਵਾਸੀ ਸਮੇਤ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਲਈ ਥਾਣਾ ਕੋਟਭਾਈ ਦੇ ਮੁੱਖ ਅਫ਼ਸਰ ਅੰਗਰੇਜ ਸਿੰਘ ਅਤੇ ਦੋਦਾ ਚੌਕੀ ਇੰੰਚਾਰਜ ਵੀਰਾ ਸਿੰਘ ਵਿਰਕ ਦੀ ਅਗਵਾਈ ਹੇਠ ਸੁਰੱਖਿਆ ਲਈ ਵੱਡੀ ਗਿਣਤੀ ‘ਚ ਪੁਲਿਸ ਤੇ ਕਮਾਂਡੋ ਦੇ ਜਵਾਨ ਹਾਜ਼ਰ ਸਨ। ਅੱਜ ਪਿੰਡ ਦੇ ਵੱਡੇ ਇਕੱਠ ਨੇ ਵਿਚਾਰ ਵਟਾਂਦਰਾ ਕਰਦੇ ਕਿਹਾ ਕਿ ਉਕਤ ਗੁਰਦੁਆਰੇ ਦਾ ਪ੍ਰਬੰਧ ਸਿਰਫ ਪਿੰਡ ਦੀ ਬਣੀ 21 ਮੈਂਬਰੀ ਨੂੰ ਕਰਨ ਦਾ ਹੱਕ ਹੈ, ਜਿਸ ਸਬੰਧੀ ਕਮੇਟੀ ਮੈਂਬਰਾਂ ਤੇ ਪਿੰਡ ਦੇ ਆਗੂ ਨਰਿੰਦਰ ਸਿੰਘ ਕਾਉਣੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪਾਲ ਬਰਾੜ ਸਰਪੰਚ, ਰਣਜੀਤ ਸਿੰਘ ਬਲਾਕ ਸੰਮਤੀ, ਚੰਦ ਸਿੰਘ ਮੈਂਬਰ ਨੇ ਗੁਰਦੁਆਰਾ ਸਾਹਿਬ ‘ਚ ਬੁੱਢਾ ਦਲ ਦੇ ਬਾਬਾ ਦਵਿੰਦਰ ਸਿੰਘ ਆਦਿ ਨਾਲ ਗੱਲਬਾਤ ਕਰਦੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਿੰਡ ਵਾਸੀਆਂ ਅਨੁਸਾਰ 21 ਮੈਂਬਰੀ ਕਮੇਟੀ ਕੋਲ ਹੀ ਰਹਿਣ ਦੀ ਬੇਨਤੀ ਕੀਤੀ।
ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਵ: ਬਾਬਾ ਕਰਨੈਲ ਸਿੰਘ ਨੇ ਕਮੇਟੀ ਨੂੰ ਲਿਖਤੀ ਤੌਰ ‘ਤੇ ਪ੍ਰਬੰਧ ਸੰਭਾਲੇ ਹੋਏ ਹਨ। ਬਾਬਾ ਦਵਿੰਦਰ ਸਿੰਘ ਤੇ ਮਲਕੀਤ ਸਿੰਘ ਪੁੱਤਰ ਜਗਜੀਤ ਸਿੰਘ ਕਾਉਣੀ ਨੇ ਕਿਹਾ ਕਿ ਬਾਬਾ ਕਰਨੈਲ ਸਿੰਘ ਨੇ ਮਲਕੀਤ ਸਿੰਘ ਨੂੰ ਪ੍ਰਬੰਧ ਸੰਭਾਲੇ ਹਨ, ਜਿਸ ਨੂੰ ਲੈਕੇ ਦੋਵੇਂ ਧਿਰਾਂ ਆਪਣਾ ਹੱਕ ਜਿਤਾ ਰਹੀਆਂ ਹਨ। ਬਾਬਾ ਦਵਿੰਦਰ ਸਿੰਘ ਨੇ ਕਿਹਾ ਕਿ ਉਹ ਕੋਈ ਲੜਾਈ ਝਗੜਾ ਜਾ ਵਿਵਾਦ ਨਹੀਂ ਕਰਨਾ ਚਾਹੁੰਦੇ ਤੇ ਨਾ ਹੀ ਸੰਗਤਾਂ ਤੋਂ ਪਾਸੇ ਹਾਂ, ਪਰ ਉਨ੍ਹਾਂ ਦੇ ਦਲ ਦੇ ਮੁੱਖ ਆਗੂ ਆ ਕੇ ਫੈਸਲਾ ਲੈ ਕੇ ਇਸ ਮਾਮਲੇ ਦਾ ਬੈਠ ਕੇ ਹੱਲ ਕਰਨਗੇ। ਅਖੀਰ ‘ਚ ਸ਼ਾਮ ਨੂੰ ਰੱਖੇ ਸਮੇਂ ਅਨੁਸਾਰ ਬਾਬਾ ਜੱਸਾ ਸਿੰਘ ਨੇ ਪਿੰਡ ਦੇ ਮੋਹਤਬਰਾਂ ਨਾਲ ਬੈਠ ਕੇ ਇਸ ਮਾਮਲੇ ਨੂੰ ਸੁਲਝਾ ਕੇ ਪਾਠੀ ਨੂੰ ਇੱਥੋਂ ਲਿਜਾਣ ਲਈ ਸਹਿਮਤ ਹੋ ਗਏ। ਪਿੰਡ ਦੇ ਮੋਹਤਬਰਾਂ ਦੀ ਬਦੌਲਤ ਮਾਮਲਾ ਸ਼ਾਂਤੀ ਪੂਰਵਕ ਹੱਲ ਹੋਣ ‘ਤੇ ਪਿੰਡ ਵਾਸੀਆਂ ਨੇ ਪ੍ਰਮਾਤਮਾ ਦਾ ਸ਼ੁਕਰਾਣਾ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।