ਬੇਹੋਸ਼ੀ ਦੀ ਹਾਲਤ ‘ਚ ਮਿਲੀ ਅਣਪਛਾਤੀ ਲੜਕੀ ਨੇ ਪਾਈਆਂ ਪ੍ਰਸ਼ਾਸਨ ਨੂੰ ਭਾਜੜਾਂ

An Unidentified, Girl Unconscious, State Stabbed, Administration

24 ਘੰਟੇ ਬਾਅਦ ਵੀ ਨਹੀਂ ਆਇਆ ਹੋਸ਼

ਡੋਪ ਟੈਸਟ ‘ਚ ਨਸ਼ੇ ਦੀ ਗੱਲ ਸਾਬਤ ਹੋਈ ਗਲਤ

ਅਸ਼ੋਕ ਵਰਮਾ, ਬਠਿੰਡਾ

ਸ਼ੁੱਕਰਵਾਰ ਦੇਰ ਰਾਤ ਕਰੀਬ 11 ਵਜੇ ਰੇਲਵੇ ਸਟੇਸ਼ਨ ਦੇ ਓਵਰਬਰਿੱਜ ‘ਤੇ ਸ਼ੱਕੀ ਹਾਲਾਤਾਂ ‘ਚ ਬੇਸੁੱਧ ਪਈ ਮਿਲੀ ਅਣਪਛਾਤੀ ਲੜਕੀ ਦੀ ਨਾ ਤਾਂ 24 ਘੰਟਿਆਂ ਬਾਅਦ ਕੋਈ ਪਛਾਣ ਹੋਈ ਹੈ ਤੇ ਨਾ ਹੀ ਇਲਾਜ ਦੇ ਬਾਵਜ਼ੂਦ ਉਸ ਨੂੰ ਹੋਸ਼ ਆਇਆ ਹੈ ਮਾਮਲਾ ਦਾ ਸੁਖਾਵਾਂ ਪਹਿਲੂ ਹੈ ਕਿ ਲੜਕੀ ਦਾ ਡੋਪ ਟੈਸਟ ਕਰਨ ਤੇ ਕੋਈ ਨਸ਼ਾ ਕਰਨ ਦੀ ਪੁਸ਼ਟੀ ਨਹੀਂ ਜਦੋਂਕਿ ਪਹਿਲਾਂ ਨਸ਼ੇ ਸਬੰਧੀ ਗੱਲ ਆਖੀ ਜਾ ਰਹੀ ਸੀ ਦੂਸਰਾ ਇਹ ਕਿ ਮਹਿਲਾ ਡਾਕਟਰ ਨੇ ਲੜਕੀ ਨਾਲ ਕੋਈ ਮੰਦਭਾਗੀ ਘਟਨਾ ਨਾ ਵਾਪਰਨ ਦੀ ਰਿਪੋਰਟ ਦੇ ਦਿੱਤੀ ਹੈ ਇਸ ਦੇ ਬਾਵਜ਼ੂਦ ਮਾਮਲਾ ਕਿਸੇ ਲੜਕੀ ਨਾਲ ਜੁੜਿਆ ਹੋਣ ਕਰਕੇ ਪ੍ਰਸ਼ਾਸ਼ਨ ਨੂੰ ਭਾਜੜਾਂ ਪਈਆਂ ਹੋਈਆਂ ਹਨ ਬਠਿੰਡਾ ‘ਚ ਪਿਛਲੇ ਦਿਨੀਂ ਚਿੱਟੇ ਕਾਰਨ ਹੋਈ ਡਾਂਸਰ ਲੜਕੀ ਦੀ ਮੌਤ ਦੇ ਮੱਦੇਨਜ਼ਰ ਚਿੰਤਤ ਹੋਏ ਪੁਲਿਸ ਪ੍ਰਸ਼ਾਸਨ ਤੇ ਡਾਕਟਰਾਂ ਦੀ ਟੀਮ ਨੂੰ ਲੜਕੀ ਦੇ ਹੋਸ਼ ‘ਚ ਆਉਣ ਦਾ ਬੇਸਬਰੀ ਨਾਲ ਇੰਤਜਾਰ ਹੈ ਤਾਂ ਜੋ ਲੜਕੀ ਨਾਲ ਵਾਪਰੀ ਕਿਸੇ ਘਟਨਾ ਵਗੈਰਾ ਬਾਰੇ ਖੁਲਾਸਾ ਹੋ ਸਕੇ ਲੜਕੀ ਕੋਲੋਂ ਮਿਲਿਆ ਇੱਕ ਦਸਤਾਵੇਜ਼ ਮਹਾਰਾਸ਼ਟਰ ਦਾ ਹੈ, ਜਿਸ ਨੂੰ ਦੇਖਦਿਆਂ ਜੀਆਰਪੀ ਨੇ ਮਹਾਂਰਾਸ਼ਟਰ ਪੁਲਿਸ ਨਾਲ ਰਾਬਤਾ ਬਣਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ

ਬੇਹੋਸ਼ ਲੜਕੀ ਨੂੰ ਸਹਾਰਾ ਦਾ ‘ਸਹਾਰਾ’

ਰੇਲਵੇ ਓਵਰਬਰਿੱਜ ‘ਤੇ ਲੜਕੀ ਦੇ ਬੇਹੋਸ਼ੀ ਦੀ ਹਾਲਤ ‘ਚ ਪਈ ਹੋਣ ਦੀ ਸੂਚਨਾ ਮਿਲਦਿਆਂ ਸਹਾਰਾ ਜਨ ਸੇਵਾ ਦੀ ਹੈਲਪਲਾਈਨ ਟੀਮ ਦੇ ਸੰਦੀਪ ਗਿੱਲ ਤੇ ਮਣੀਕਰਨ ਸ਼ਰਮਾ ਐਂਬੂਲੈਂਸ ਲੈਕੇ ਮੌਕੇ ‘ਤੇ ਪੁੱਜੇ ਅਤੇ ਲੜਕੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਭਰਤੀ ਕਰਵਾਇਆ ਲਗਾਤਾਰ ਇਲਾਜ ਹੋਣ ਦੇ ਬਾਵਜੂਦ ਲੜਕੀ ਬੋਲਣ ਦੇ ਸਮਰੱਥ ਨਹੀਂ ਹੋ ਸਕੀ ਹੈ ਸਹਾਰਾ ਟੀਮ ਨੇ ਲੜਕੀ ਨੂੰ ਨਵੇਂ ਕੱਪੜੇ ਪਹਿਨਾਏ ਤੇ ਸਹਾਰਾ ਹੀ ਲੜਕੀ ਦੀ ਦੇਖ ਭਾਲ ਕਰ ਰਹੀ ਹੈ

ਲੜਕੀ ਦੀ ਮੈਡੀਕਲ ਜਾਂਚ ‘ਚ ਜੁਟੀ ਟੀਮ

ਐਮਰਜੈਂਸੀ ਮੈਡੀਕਲ ਅਫਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਇਲਾਜ ਉਪਰੰਤ ਲੜਕੀ ਦਾ ਬਲੱਡ ਪ੍ਰੈਸ਼ਰ ਤੇ ਨਬਜ਼ ਨਾਰਮਲ ਹੋ ਗਏ ਹਨ ਨਸ਼ੇ ਦੀ ਜਾਂਚ ਲਈ ਡੀਐੱਸਪੀ ਸਿਟੀ ਗੁਰਜੀਤ ਸਿੰਘ ਰੋਮਾਣਾ ਦੀ ਸਲਾਹ ਤੇ ਲੜਕੀ ਦਾ ਡੋਪ ਟੈਸਟ ਵੀ ਕੀਤਾ ਗਿਆ, ਜਿਸ ‘ਚ ਨਸ਼ੇ ਦੀ ਗੱਲ ਗਲਤ ਪਾਈ ਗਈ ਹੈ ਗਾਇਨੀਕਾਲੋਜਿਸਟ ਡਾ. ਰੇਣੂੰਕਾ ਗੋਇਲ ਨੇ ਜਾਂਚ ਉਪਰੰਤ ਕੋਈ ਮੰਦਭਾਗੀ ਘਟਨਾ ਤੋਂ ਵੀ ਇਨਕਾਰ ਕੀਤਾ ਹੈ ਉਨ੍ਹਾਂ ਦੱਸਿਆ ਕਿ ਐੱਸਐੱਮਓ ਡਾ. ਸਤੀਸ਼ ਗੋਇਲ ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕੁੰਦਨਪਾਲ, ਮਨੋਰੋਗ ਮਾਹਿਰ ਡਾ. ਅਰੁਣ ਬਾਂਸਲ ਤੇ ਐੱਮਡੀ ਮੈਡੀਸ਼ਨ ਡਾ. ਬਰੇਸ਼ਵਰ ਤੇ ਅਧਾਰਤ ਟੀਮ ਲੜਕੀ ਦੀ ਮੈਡੀਕਲ ਜਾਂਚ ਤੇ ਇਲਾਜ ‘ਚ ਜੁਟੀ ਹੋਈ ਹੈ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਰਾਤ ਤੋਂ ਬਾਅਦ ਲੜਕੀ ਦੀ ਸਿਹਤ ‘ਚ ਏਨਾ ਸੁਧਾਰ ਹੋਇਆ ਹੈ ਕਿ ਉਹ ਅੱਖਾਂ ਖੋਲ੍ਹ ਰਹੀ ਹੈ ਪਰ ਕੁਝ ਬੋਲ ਨਹੀਂ ਪਾ ਰਹੀ ਫਿਰ ਵੀ ਜਲਦੀ ਹੀ ਉਸ ਦੇ ਹੋਸ਼ ‘ਚ ਆਉਣ ਦੀ ਸੰਭਾਵਨਾ ਹੈ

ਜਦੋਂ ਬੋਲੇਗੀ ਉਦੋਂ ਹੀ ਖੁੱਲ੍ਹੇਗਾ ਰਾਜ : ਰੋਮਾਣਾ

ਡੀਐੱਸਪੀ ਸਿਟੀ ਗੁਰਜੀਤ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਘਟਨਾ ਵਾਲੀ ਥਾਂ ਜੀਆਰਪੀ ਥਾਣੇ ਅਧੀਨ ਹੈ ਪਰ ਬੇਹੋਸ਼ ਲੜਕੀ ਕੋਲੋਂ ਇੱਕ ਦਸਤਾਵੇਜ਼ ਮਿਲਿਆ ਹੈ ਜੋ ਮਹਾਂਰਾਸ਼ਟਰ ਦਾ ਹੈ, ਜਿਸ ਨੂੰ ਦੇਖਦਿਆਂ ਉੱਥੋਂ ਦੀ ਪੁਲਿਸ ਨਾਲ ਜੀਆਰਪੀ ਵੱਲੋਂ ਸੰਪਰਕ ਬਣਾਇਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਨੇ ਲੜਕੀ ਦੇ ਨਸ਼ੇੜੀ ਹੋਣ ਦੀ ਅਫਵਾਹ ਫੈਲਾਈ ਸੀ ਜੋ ਡੋਪ ਟੈਸਟ ‘ਚ ਝੂਠੀ ਸਾਬਤ ਹੋਈ ਹੈ ਉਨ੍ਹਾਂ ਦੱਸਿਆ ਕਿ ਲੜਕੀ ਦੇ ਕਿਸੇ ਗੱਡੀ ‘ਚੋਂ ਉੱਤਰਨ ਦੀ ਸੰਭਾਵਨਾ ਹੋ ਸਕਦੀ ਹੈ ਜਾਂ ਫਿਰ ਉਸ ਨੂੰ ਨਸ਼ੀਲੀ ਚੀਜ਼ ਸੁੰਘਾਉਣ ਦੀ ਆਸ਼ੰਕਾ ਹੈ ਉਨ੍ਹਾਂ ਕਿਹਾ ਕਿ ਜਦੋਂ ਤੱਕ ਲੜਕੀ ਹੋਸ਼ ‘ਚ ਆ ਕੇ ਖੁਦ ਕੁਝ ਨਹੀਂ ਦੱਸਦੀ ਤਦ ਤੱਕ ਕੋਈ ਵੀ ਕਿਆਸ ਸੱਚਾਈ ਦੇ ਨੇੜੇ ਨਹੀਂ ਹੋ ਸਕਦਾ ਹੈ ਪ੍ਰਸ਼ਾਸਨ ਨੂੰ ਉਸ ਦੇ ਹੋਸ਼ ‘ਚ ਆਉਣ ਦਾ ਇੰਤਜਾਰ ਹੈ ਤੇ ਜੋ ਵੀ ਲੜਕੀ ਦੱਸੇਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।