ਅਸ਼ਵਨੀ ਚਾਵਲਾ
ਚੰਡੀਗੜ, 3 ਜੁਲਾਈ।
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਦੀ ਸਪਲਾਈ ਨੂੰ ਲੈ ਕੇ ਬਿਆਨ ਦੇਣ ਵਾਲੀ ਆਮ ਆਦਮੀ ਪਾਰਟੀ ਖ਼ੁਦ ਹੀ ਇਸ ਮਾਮਲੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਕਿਸੇ ਵੀ ਸੈਕੰਡਰੀ ਜਾਂ ਫਿਰ ਪ੍ਰਾਇਮਰੀ ਸਕੂਲ ਵਿੱਚ ਇੱਕ ਵੀ ਕਿਤਾਬ ਦੀ ਘਾਟ ਨਹੀਂ ਹੈ, ਜਦੋਂ ਕਿ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਬੁੱਧਰਾਮ ਨੇ ਕਿਤਾਬਾਂ ਦੀ ਸਪਲਾਈ ਨਾ ਹੋਣ ਦਾ ਦੋਸ਼ ਲਗਾਉਂਦੇ ਹੋਏ 15 ਦਿਨਾਂ ਦਾ ਅਲਟੀਮੇਟਮ ਤੱਕ ਦੇ ਦਿੱਤਾ ਹੈ ਜਿਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ।
ਆਮ ਆਦਮੀ ਪਾਰਟੀ ਨੂੰ ਹੁਣ ਸਮਝ ਨਹੀਂ ਆ ਰਿਹਾ ਹੈ ਕਿ ਉਨ੍ਹਾਂ ਨੇ ਪ੍ਰੈਸ ਬਿਆਨ ਤਾਂ ਜਾਰੀ ਕਰ ਦਿੱਤਾ ਹੈ ਪਰ ਅਸਲ ਸੱਚਾਈ ਬਾਹਰ ਆਉਣ ਕਾਰਨ ਉਹ ਆਪÎਣੇ ਬਿਆਨ ਤੋਂ ਪਿੱਛੇ ਕਿਵੇਂ ਹਟਣ। ਜਦੋਂ ਕਿ ਦੂਜੇ ਪਾਸੇ ਸਿੱਖਿਆ ਵਿਭਾਗ ਅਤੇ ਸਿੱਖਿਆ ਬੋਰਡ ਦੇ ਉੱਚ ਅਧਿਕਾਰੀ ਕਿਤਾਬਾਂ ਦੀ ਘਾਟ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਬਿਆਨ ਨੂੰ ਲੈ ਕੇ ਹੈਰਾਨ ਹਨ, ਕਿਉਂਕਿ ਵਿਧਾਇਕ ਬੁੱਧਰਾਮ ਨੇ ਇਸ ਮਾਮਲੇ ਦੀ ਸੱਚਾਈ ਅਧਿਕਾਰੀਆਂ ਤੋਂ ਪੁੱਛੇ ਬਿਨਾਂ ਹੀ ਇਸ ਸਬੰਧੀ ਬਿਆਨ ਜਾਰੀ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਜੇ ਤੱਕ ਸਿਲੇਬਸ ਦੀਆਂ ਕਿਤਾਬਾਂ ਮੁਹੱਈਆ ਨਾ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਕੈਪਟਨ ਸਰਕਾਰ ‘ਤੇ ਪ੍ਰਾਈਵੇਟ ਸਿੱਖਿਆ ਮਾਫ਼ੀਆ ਨਾਲ ਰਲੇ ਹੋਣ ਦਾ ਦੋਸ਼ ਲਗਾਇਆ ਸੀ। ਵਿਧਾਇਕ ਬੁੱਧਰਾਮ ਨੇ ਕਿਹਾ ਸੀ ਕਿ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋਏ ਤਿੰਨ ਮਹੀਨੇ ਹੋ ਚੁੱਕੇ ਹਨ ਅਤੇ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਉਪਰੰਤ ਸਕੂਲ ਫਿਰ ਤੋਂ ਸ਼ੁਰੂ ਹੋ ਗਏ ਹਨ, ਪਰੰਤੂ ਅਜੇ ਤੱਕ ਵਿਦਿਆਰਥੀ ਸਿਲੇਬਸ ਨਾਲ ਸੰਬੰਧਿਤ ਕਿਤਾਬਾਂ ਤੋਂ ਵਾਂਝੇ ਹਨ ਅਤੇ ਉਨ੍ਹਾਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸਰਕਾਰੀ ਸਕੂਲਾਂ ‘ਚ ਕਈ-ਕਈ ਵਿਦਿਆਰਥੀ ਇੱਕ-ਇੱਕ ਕਿਤਾਬ ਤੋਂ ਪੜ੍ਹਨ ਲਈ ਮਜਬੂਰ ਹਨ। ਬੁੱਧਰਾਮ ਨੇ ਕਿਹਾ ਸੀ ਕਿ ਕਰੀਬ ਪੌਣੇ ਦੋ ਕਰੋੜ ਵਿਦਿਆਰਥੀਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਮੁਹੱਈਆ ਨਾ ਕਰਨਾ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਬੁੱਧਰਾਮ ਨੇ ਸਰਕਾਰ ਨੂੰ 2 ਹਫ਼ਤਿਆਂ ਦੀ ਮੁਹਲਤ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਸਰਕਾਰ ਨੇ 15 ਜੁਲਾਈ ਤੱਕ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਨਾ ਮੁਹੱਈਆ ਕੀਤੀਆਂ ਤਾਂ ਆਮ ਆਦਮੀ ਪਾਰਟੀ ਸੜਕ ਤੋਂ ਲੈ ਕੇ ਸਦਨ ਤੱਕ ਸੰਘਰਸ਼ ਕਰੇਗੀ।
ਜਦੋਂ ਕਿ ਅਸਲ ਸੱਚਾਈ ਵਿੱਚ ਪੰਜਾਬ ਦੇ ਕਿਸੇ ਵੀ ਸੈਕੰਡਰੀ ਜਾਂ ਫਿਰ ਪ੍ਰਾਇਮਰੀ ਸਕੂਲ ਵਿੱਚ ਇੱਕ ਵੀ ਕਿਤਾਬ ਦੀ ਘਾਟ ਨਹੀਂ ਹੈ। ਪਟਿਆਲਾ ਤੋਂ ਇੱਕ ਅਧਿਆਪਕ ਨੇ ਦੱਸਿਆ ਕਿ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਾਂ ਕਿਤਾਬਾਂ ਉਮੀਦ ਨਾਲੋਂ ਜਿਆਦਾ ਹੀ ਆਈਆਂ ਹੋਈਆਂ ਹਨ, ਜਿਸ ਕਾਰਨ ਜੇਕਰ ਅੱਜ ਵੀ ਕੋਈ ਵਿਦਿਆਰਥੀ ਦਾਖ਼ਲ ਹੋਣ ਲਈ ਆਉਂਦਾ ਹੈ ਤਾਂ ਉਸ ਨੂੰ ਮੌਕੇ ‘ਤੇ ਹੀ ਬਿਨਾਂ ਮੰਗੇ ਹੀ ਕਿਤਾਬਾਂ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਇੱਕ ਵੀ ਕਿਤਾਬ ਦੀ ਘਾਟ ਉਨ੍ਹਾਂ ਨੂੰ ਮਹਿਸੂਸ ਨਹੀਂ ਹੋਈ ਹੈ।
ਇਸੇ ਤਰ੍ਹਾਂ ਮਾਨਸਾ ਅਤੇ ਸੰਗਰੂਰ ਦੇ ਸਕੂਲਾਂ ਦੇ ਅਧਿਆਪਕਾਂ ਨੇ ਦੱਸਿਆ ਕਿ ਇਸ ਸਾਲ ਕਿਤਾਬਾਂ ਦੀ ਘਾਟ ਦੀ ਕੋਈ ਵੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ। ਇਹ ਸੈਸ਼ਨ ਸ਼ੁਰੂ ਹੁੰਦੇ ਸਾਰ ਹੀ ਉਨ੍ਹਾਂ ਨੂੰ ਕਿਤਾਬਾਂ ਮਿਲ ਗਈਆਂ ਸਨ ਅਤੇ ਅਜੇ ਤੱਕ ਉਨ੍ਹਾਂ ਨੂੰ ਕੋਈ ਵੀ ਘਾਟ ਮਹਿਸੂਸ ਨਹੀਂ ਹੋਈ ਹੈ, ਸਗੋਂ ਅੱਜ ਵੀ ਕਈ ਕਿਤਾਬਾਂ ਵਾਧੂ ਰੂਪ ਵਿੱਚ ਉਨ੍ਹਾਂ ਕੋਲ ਪਈਆਂ ਹਨ, ਜਿਨ੍ਹਾਂ ਨੂੰ ਜਰੂਰਤ ਪੈਣ ‘ਤੇ ਵਿਦਿਆਰਥੀ ਵਰਤੋਂ ਵਿੱਚ ਵੀ ਲਿਆ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।