ਅਮਰਿੰਦਰ ਦੀ ਸ਼ਿਕਾਇਤ ਕਰਨ ਦਿੱਲੀ ਰਵਾਨਾ ਹੋਏ ਨਵਜੋਤ ਸਿੱਧੂ

Navjot Sidhu, Delhi, Amarinder

ਨਹੀਂ ਸੰਭਾਲਣਗੇ ਨਵੇਂ ਮਿਲੇ ਵਿਭਾਗ ਦਾ ਕਾਰਜਭਾਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਥਾਨਕ ਸਰਕਾਰਾਂ ਵਿਭਾਗ ਤੋਂ ਹਟਾਏ ਜਾਣ ਤੋਂ ਬਾਅਦ ਨਰਾਜ਼ ਨਵਜੋਤ ਸਿੱਧੂ ਦਿੱਲੀ ਲਈ ਰਵਾਨਾ ਹੋ ਗਏ ਹਨ, ਜਿੱਥੇ ਕਿ ਅਗਲੇ ਦੋ ਦਿਨਾਂ ਵਿੱਚ ਉਹ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸ਼ਿਕਾਇਤ ਕਰਨਗੇ। ਨਵਜੋਤ ਸਿੱਧੂ ਆਪਣੇ ਨਾਲ ਕਾਫ਼ੀ ਸਾਰੇ ਕਾਗ਼ਜ਼ਾਤ ਵੀ ਲੈ ਕੇ ਗਏ ਹਨ, ਜਿਸ ਰਾਹੀਂ ਉਹ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ। ਇੱਥੇ ਹੀ ਨਵਜੋਤ ਸਿੱਧੂ ਨੇ ਸਾਫ਼ ਐਲਾਨ ਕਰ ਦਿੱਤਾ ਹੈ ਕਿ ਉਹ ਹੁਣ ਉਹ ਆਰ-ਪਾਰ ਦੀ ਹੀ ਲੜਾਈ ਲੜਨਗੇ। ਨਵਜੋਤ ਸਿੱਧੂ ਬਿਜਲੀ ਵਿਭਾਗ ਦਾ ਕਾਰਜਭਾਰ ਕਿਸੇ ਵੀ ਹਾਲਤ ਵਿੱਚ ਨਹੀਂ ਸੰਭਾਲਣਗੇ ਤੇ ਦਿੱਲੀ ਦਰਬਾਰ ਤੋਂ ਹੀ ਸਥਾਨਕ ਸਰਕਾਰਾਂ ਵਿਭਾਗ ਨੂੰ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕਰਨਗੇ।
ਨਵਜੋਤ ਸਿੱਧੂ ਵੀਰਵਾਰ ਸਵੇਰੇ ਨੂੰ ਦਿੱਲੀ ਲਈ ਰਵਾਨਾ ਹੋਏ ਹਨ ਤੇ ਦਿੱਲੀ ਪਹੁੰਚਣ ਤੋਂ ਬਾਅਦ ਹੀ ਉਹ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਨ ਲਈ ਸਮਾਂ ਲੈਣਗੇ। ਨਵਜੋਤ ਸਿੱਧੂ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਹੀ ਨਵਜੋਤ ਸਿੱਧੂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਸਿੱਧੂ ਨੇ ਕਦੇ ਵੀ ਬਗਾਵਤ ਨਹੀਂ ਕੀਤੀ, ਸਗੋਂ ਅਮਰਿੰਦਰ ਸਿੰਘ ਵੱਲੋਂ ਹੀ ਹਰ ਵਾਰ ਪਹਿਲ ਕਰਦੇ ਹੋਏ ਆਪਣੇ ਮੰਤਰੀਆਂ ਵੱਲੋਂ ਸਿੱਧੂ ਖ਼ਿਲਾਫ਼ ਬਿਆਨ ਦਿਵਾਏ ਗਏ ਹਨ।
ਨਵਜੋਤ ਸਿੱਧੂ ਕਾਂਗਰਸ ਸਰਕਾਰ ਵਿੱਚ ਮੰਤਰੀ ਬਨਣ ਤੋਂ ਬਾਅਦ ਹੁਣ ਤੱਕ ਹੋਈਆਂ ਸਾਰੀਆਂ ਮਿਲੀਆਂ ਬਾਰੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਨਾ ਸਿਰਫ਼ ਜਾਣਕਾਰੀ ਦੇਣਗੇ, ਸਗੋਂ ਅਮਰਿੰਦਰ ਸਿੰਘ ਦੀ ਸ਼ਿਕਾਇਤ ਵੀ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਨੇ ਨਵਾਂ ਬਿਜਲੀ ਵਿਭਾਗ ਵੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਉਹ ਦਿੱਲੀ ਵਿਖੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਕੋਲ ਗੁਹਾਰ ਲਗਾਉਣਗੇ ਕਿ ਉਨ੍ਹਾਂ ਨੂੰ ਮੁੜ ਤੋਂ ਹੀ ਪੁਰਾਣੇ ਵਿਭਾਗ ਵਾਪਸ ਕੀਤੇ ਜਾਣ ਨਹੀਂ ਤਾਂ ਉਹ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਸਕਦੇ ਹਨ।
ਨਵਜੋਤ ਸਿੱਧੂ ਵਿਭਾਗਾਂ ਵਿੱਚ ਫੇਰਬਦਲ ਨੂੰ ਆਪਣੀ ਬੇਇੱਜ਼ਤੀ ਮੰਨ ਕੇ ਚੱਲ ਰਹੇ ਹਨ, ਜਿਸ ਕਾਰਨ ਹੀ ਉਨ੍ਹਾਂ ਨੇ ਫੈਸਲਾ ਲਿਆ ਹੈ ਕਿ ਜੇਕਰ ਉਹ ਮੰਤਰੀ ਰਹਿਣਗੇ ਤਾਂ ਸਿਰਫ਼ ਸਥਾਨਕ ਸਰਕਾਰਾਂ ਵਿਭਾਗ ਦੇ ਹੀ ਰਹਿਣਗੇ ਨਹੀਂ ਤਾਂ ਉਹ ਆਪਣਾ ਅਸਤੀਫ਼ਾ ਦਿੰਦੇ ਹੋਏ ਇੱਕ ਪਾਸੇ ਹੋ ਜਾਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।