ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਪਰਨੀਤ ਕੌਰ ਦੇ ਹੱਕ ‘ਚ ਚੋਣ ਪ੍ਰਚਾਰ
ਨਾਭਾ, ਤਰੁਣ ਕੁਮਾਰ ਸ਼ਰਮਾ
ਪਟਿਆਲਾ ਲੋਕ ਸਭਾ ਹਲਕਾ ਤੋਂ ਚੋਣ ਲੜ ਰਹੀ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਦੇ ਹੱਕ ‘ਚ ਰੱਖੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਵਿਕਾਸ ਦੀ ਬਜਾਏ ਚੁਣਵੇ ਉਦਯੋਗਿਕ ਘਰਾਣਿਆਂ ਦਾ ਹੀ ਵਿਕਾਸ ਕੀਤਾ ਹੈ। ਉਨ੍ਹਾਂ ਦੋਸ਼ ਲਾਏ ਕਿ ਲੋਕਾਂ ਦਾ ਧਿਆਨ ਅਹਿਮ ਮੁੱਦਿਆਂ ਤੋਂ ਭਟਕਾਉਣ ਲਈ ਮੋਦੀ ਸਰਕਾਰ ਨੇ ਗੁਆਂਢੀ ਦੇਸ਼ਾਂ ਨਾਲ ਸਬੰਧ ਖਰਾਬ ਕਰ ਲਏ ਹਨ ਤੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਨੋਟਬੰਦੀ ਤੋਂ ਇਲਾਵਾ ਜੀਐਸਟੀ ਲਾਗੂ ਕਰਕੇ ਰਾਜਾਂ ਦੀ ਖੁਦ ਮੁਖਤਿਆਰੀ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਜੀਐੱਸਟੀ ਲਾਗੂ ਹੋਣ ਤੋਂ ਬਾਅਦ ਪੰਜਾਬ ਸਰਕਾਰ ਕੋਲ ਐਕਸਾਈਜ਼ ਤੇ ਸਟੈਪ ਡਿਊਟੀ ਜਿਹੇ ਟੈਕਸਾਂ ਦਾ ਹੀ ਆਸਰਾ ਰਹਿ ਗਿਆ ਹੈ ਜਦਕਿ ਬਾਕੀ ਸਾਰੇ ਟੈਕਸ ਜੀਐਸਟੀ ਦੇ ਘੇਰੇ ਵਿੱਚ ਲਿਆ ਕੇ ਕੇਂਦਰ ਆਪਣੀ ਚੌਧਰ ਘੋਟਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇਸ਼ ਵਾਸੀ ਜਾਗਰੂਕ ਹੋ ਗਏ ਹਨ ਅਤੇ ਜੁਮਲੇਬਾਜ਼ੀ ਸਰਕਾਰ ਦੀ ਸੱਚਾਈ ਤੋਂ ਜਾਣੂ ਹੋ ਗਏ ਹਨ। ਉਨ੍ਹਾਂ ਹਾਜ਼ਰ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਸਰਵਪੱਖੀ ਵਿਕਾਸ ਲਈ ਕਾਂਗਰਸ ਨੂੰ ਸੱਤਾ ਵਿੱਚ ਲਿਆਉਣਾ ਸਮੇਂ ਦੀ ਮੰਗ ਬਣ ਗਿਆ ਹੈ। ਇਸ ਲਈ ਪੰਜਾਬੀ ਲੋਕ ਸੂਬੇ ਦੀਆਂ 13 ਸੀਟਾਂ ਨੂੰ ਕਾਂਗਰਸ ਦੀ ਝੋਲੀ ਵਿੱਚ ਪਾਉਣਗੇ। ਇਸ ਮੌਕੇ ਸੰਬੋਧਨ ਕਰਦਿਆਂ ਚੋਣ ਉਮੀਦਵਾਰ ਪਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾਂ ਹੀ ਗਰੀਬਾਂ ਤੇ ਦਲਿਤਾਂ ਦਾ ਸਾਥ ਦਿੱੱਤਾ ਹੈ ਤੇ ਦੇਸ਼ ਦੀ ਕਿਰਸਾਨੀ ਨੂੰ ਮਾੜੇ ਸਮੇਂ ‘ਚੋਂ ਕੱਢਿਆ ਹੈ ਪਰੰਤੂ ਮੋਦੀ ਸਰਕਾਰ ਨੇ ਜੁਮਲੇਬਾਜ਼ੀ ਕਰਕੇ ਪਿਛਲੇ ਪੰਜ ਸਾਲਾਂ ਵਿੱਚ ਵਿਕਾਸ ਦੀ ਬਜਾਏ ਵਿਨਾਸ਼ ਹੀ ਕੀਤਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੇਂਦਰ ‘ਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਟਿਆਲਾ ਲੋਕ ਸਭਾ ਤੋਂ ਪ੍ਰਨੀਤ ਕੌਰ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋ ਤਾਂ ਜੋ ਉਹ ਕੇਂਦਰ ਦੀ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਬਣ ਸਕਣ ਤੇ ਹਲਕੇ ਤੇ ਸੂਬੇ ਦਾ ਵਿਕਾਸ ਹੋਰ ਤੇਜ਼ੀ ਨਾਲ ਕੀਤਾ ਜਾ ਸਕੇ। ਇਸ ਮੌਕੇ ਅਮਲੋਹ ਹਲਕੇ ਦੇ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਦੇ ਗਠਨ ਲਈ ਕਾਂਗਰਸ ਦੀ ਇਕਜੁਟਤਾ ਅਤਿ ਜਰੂਰੀ ਹੈ ਤੇ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਕਾਫੀ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ।
ਹੈਰਾਨੀ ਦੀ ਗੱਲ ਇਹ ਰਹੀ ਕਿ ਅਮਲੋਹ ਦੇ ਵਿਧਾਇਕ ਰਣਦੀਪ ਸਿੰਘ ਦੇ ਸੰਬੋਧਨ ਤੋਂ ਬਾਦ ਲੋਕਾਂ ਨੇ ਉੱਠ ਕੇ ਜਾਣਾ ਸ਼ੁਰੂ ਕਰ ਦਿੱਤਾ ਤੇ ਮੁੱਖ ਮੰਤਰੀ ਦੇ ਸੰਬੋਧਨ ਤੱਕ ਕਾਫੀ ਕੁਰਸੀਆਂ ਖਾਲੀ ਹੋ ਚੁੱਕੀਆਂ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਨਾਭਾ ਪ੍ਰਧਾਨ ਰਜ਼ਨੀਸ ਮਿੱਤਲ ਸੈਂਟੀ, ਸ਼ਹਿਰੀ ਕਾਂਗਰਸੀ ਪ੍ਰਧਾਨ ਗੋਤਮ ਬਾਤਿਸ਼, ਦਿਹਾਤੀ ਪ੍ਰਧਾਨ ਬਲਵਿੰਦਰ ਬਿੱਟੂ, ਸੀਨੀਅਰ ਕੋਂਸਲਰ ਅਮਰਦੀਪ ਖੰਨਾ, ਪ੍ਰੇਮ ਗਾਗਟ ਆਦਿ ਨੇ ਵੀ ਸੰਬੋਧਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।