ਮੋਦੀ ਦੀ ਵਾਅਦਾ ਖਿਲਾਫ਼ੀ ਵਿਰੁੱਧ ਕਿਸਾਨ ਜਥੇਬੰਦੀ ਵੱਲੋਂ ਕਾਂਗਰਸ ਨੂੰ ਸਮੱਰਥਨ

Congress, Modi, Commitment, Farmers

ਕੈਪਟਨ ਸਰਕਾਰ ਵੱਲੋਂ ਕਿਸਾਨੀ ਵਾਅਦਿਆਂ ‘ਤੇ ਬੁਰੀ ਤਰ੍ਹਾਂ ਘਿਰੇ ਕੌਮੀ ਪ੍ਰਧਾਨ

ਪਟਿਆਲਾ, ਖੁਸ਼ਵੀਰ ਸਿੰਘ ਤੂਰ

ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਵੱਲੋਂ ਪੰਜਾਬ ਅੰਦਰ ਭਾਵੇਂ ਕਾਂਗਰਸ ਨੂੰ ਸਮੱਰਥਨ ਦੇਣ ਦਾ ਐਲਾਨ ਤਾਂ ਕਰ ਦਿੱਤਾ, ਪਰ ਜਥੇਬੰਦੀ ਦੇ ਕੌਮੀ ਪ੍ਰਧਾਨ ਪੰਜਾਬ ਅੰਦਰ ਕਾਂਗਰਸ ਸਰਕਾਰ ਵੱਲੋਂ ਕੀਤੇ ਵਾਅਦਿਆਂ ਦੇ ਸੁਆਲਾਂ ‘ਤੇ ਬੁਰੀ ਤਰ੍ਹਾਂ ਘਿਰ ਗਏ, ਜਿਸ ਕਾਰਨ ਉਨ੍ਹਾਂ ਨੂੰ ਜਵਾਬ ਦੇਣਾ ਔਖਾ ਹੋ ਗਿਆ। ਉਂਜ ਉਕਤ ਕਿਸਾਨ ਜਥੇਬੰਦੀ ਵੱਲੋਂ ਕਿਸਾਨ ਵਿਰੋਧੀ ਮੋਦੀ ਸਰਕਾਰ ਨੂੰ ਭਜਾਉਣ ਲਈ ਕਾਂਗਰਸ ਨੂੰ ਸਮੱਰਥਨ ਦੇਣ ਦੀ ਗੱਲ ਆਖੀ ਗਈ ਹੈ।

 ਅੱਜ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਵੱਲੋਂ ਪੰਜਾਬ ਅੰਦਰ 12 ਸੀਟਾਂ ‘ਤੇ ਕਾਂਗਰਸ ਪਾਰਟੀ ਨੂੰ ਸਮੱਰਥਨ ਦੇਣ ਦਾ ਐਲਾਨ ਕੀਤਾ ਗਿਆ ਜਦਕਿ ਖਡੂਰ ਸਾਹਿਬ ਦੀ ਸੀਟ ਉੱਪਰ ਬੀਬੀ ਖਾਲੜਾ ਦੇ ਹੱਕ ਵਿੱਖ ਖੜਨ ਦੀ ਗੱਲ ਆਖੀ ਗਈ ਹੈ। ਇਸ ਐਲਾਨ ਦੌਰਾਨ ਬਹਿਰੂ ਨੇ ਕਿਹਾ ਕਿ ਪੰਜ ਸਾਲਾਂ ਵਿੱਚ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਫੈਸਲੇ ਲਏ ਹਨ ਅਤੇ ਇੱਥੋਂ ਤੱਕ ਕਿ 2014 ਦੀਆਂ ਪਾਰਲੀਮੈਂਟ ਚੋਣਾਂ ਮੌਕੇ ਆਪਣੀ ਸਰਕਾਰ ਬਣਨ ‘ਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਗੱਲ ਕਹੀ ਗਈ ਸੀ, ਪਰ ਚੋਣਾਂ ਜਿੱਤਣ ਤੋਂ ਛੇ ਮਹੀਨਿਆਂ ਬਾਅਦ ਹੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਗਈ। ਜਦੋਂ ਬਹਿਰੂ ਤੋਂ ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ ਮੁਆਫ਼ ਕਰਨ, ਬਿਜਲੀ ਦਰ ਵਿੱਚ ਵਾਧਾ ਨਾ ਕਰਨ ਸਮੇਤ ਹੋਰ ਵਾਅਦਿਆਂ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦਾ ਫੈਸਲਾ ਵਿਧਾਨ ਸਭਾ ਚੋਣਾਂ ਮੌਕੇ ਕਰਨਗੇ। ਉਨ੍ਹਾਂ ਤੋਂ ਪੁੱਛਿਆ ਕਿ ਕਾਂਗਰਸ ਨੂੰ ਕਿਸ ਅਧਾਰ ‘ਤੇ ਆਪਣਾ ਸਮੱਰਥਨ ਦੇ ਰਹੇ ਹਨ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਉਹ ਮੋਦੀ ਸਰਕਾਰ ਨੂੰ ਦੇਸ਼ ‘ਚੋਂ ਹਟਾਉਣ ਲਈ ਕਾਂਗਰਸ ਨੂੰ ਵੋਟਾਂ ਪਾਉਣ ਦੀ ਗੱਲ ਆਖ ਰਹੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਕੇਂਦਰ ‘ਚ ਬਣੀਆਂ ਕਾਂਗਰਸ ਸਰਕਾਰਾਂ ਸਮੇਤ ਮੌਜੂਦਾ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ, ਤਾਂ ਉਹ ਸਪੱਸਟ ਜਵਾਬ ਨਾ ਦੇ ਸਕੇ।

 ਬਹਿਰੂ ਨੇ ਕਿਹਾ ਕਿ ਕੌਮੀ ਪੱਧਰ ‘ਤੇ ਉਨ੍ਹਾਂ 13 ਪ੍ਰਮੁੱਖ ਕਿਸਾਨ ਜਥੇਬੰਦੀਆਂ ਨੇ ਮੋਦੀ ਕਿਸਾਨ ਵਿਰੋਧੀ, ਮੋਦੀ ਭਜਾਓ, ਕਿਸਾਨ ਬਚਾਓ ਦੇ ਨਾਅਰੇ ਹੇਠ ਦੇਸ਼ ਅੰਦਰ ਕਾਂਗਰਸ ਅਤੇ ਗੱਠਜੋੜ ਦਲਾਂ ਨੂੰ ਸਮੱਥਰਨ ਦਿੱਤਾ ਹੈ। ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੂੰ ਸਮੱਰਥਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬਣੀ ਪੰਜ ਮੈਂਬਰੀ ਕਮੇਟੀ ਵੱਲੋਂ ਸੋਚ ਵਿਚਾਰ ਤੋਂ ਬਾਅਦ ਕਾਂਗਰਸ ਨੂੰ ਸਮੱਰਥਨ ਦਿੱਤਾ ਗਿਆ ਹੈ। ਕੌਮੀ ਪ੍ਰਧਾਨ ਤੋਂ ਜਦੋਂ ਉਨ੍ਹਾਂ ਦੀ ਜਥੇਬੰਦੀ ਦੀ ਪੰਜਾਬ ਅੰਦਰ ਗਿਣਤੀ ਸਬੰਧੀ ਪੁੱਛਿਆ ਤਾਂ ਉਨ੍ਹਾਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਕਦੇ ਗਿਣਤੀ ਨਹੀਂ ਕੀਤੀ, ਕਿਉਂਕਿ ਉਨ੍ਹਾਂ ਕਿਹੜਾ ਸਰਕਾਰ ਤੋਂ ਕੋਈ ਚੇਅਰਮੈਨੀ ਲੈਣੀ ਹੈ।ਇਸ ਮੌਕੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਦਮਹੇੜੀ, ਸੀਨੀ. ਉਪ ਪ੍ਰਧਾਨ ਹਰਦੀਪ ਸਿੰਘ ਕਦਗਿੱਲ, ਜਨਰਲ ਸਕੱਤਰ ਹਰਦੇਵ ਸਿੰਘ ਗਿੱਲ, ਰਣਜੀਤ ਸਿੰਘ ਆਕੜ, ਭੁਪਿੰਦਰ ਸਿੰਘ ਨਡਿਆਲੀ, ਹਰੀ ਸਿੰਘ ਚੱਕ ਤਾਰੇਵਾਲਾ, ਅਮਰ ਸਿੰਘ ਜਡਿਆਲਾ, ਕੁਲਦੀਪ ਸਿੰਘ, ਬਲਦੀਪ ਸਿੰਘ, ਲਖਵਿੰਦਰ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।