ਆਪ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ
ਚੰਡੀਗੜ੍ਹ, ਸੱਚ ਕਹੂੰ ਨਿਊਜ਼। ਆਮ ਆਦਮੀ ਪਾਰਟੀ ਪੰਜਾਬ ਨੇ ਅੱਜ ਆਪਣਾ 11 ਨੁਕਾਤੇ ਵਾਲਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਚੋਣ ਮਨੋਰਥ ਪੱਤਰ ਜਾਰੀ ਕਰਨ ਸਮੇਂ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੈ ਉਹ ਮੀਡੀਆ ਲਈ ਮਸਾਲੇਦਾਰ ਨਹੀਂ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਇਹ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ ਉਹ ਪੰਜਾਬ ਦੇ ਆਰਥਿਕ ਤੇ ਸਮਾਜਿਕ ਹਾਲਾਤਾਂ ਨੂੰ ਧਿਆਨ ‘ਚ ਰਖਦਿਆਂ, ਕਿਸਾਨਾਂ, ਵਪਾਰੀਆਂ ਤੇ ਨੌਜਵਾਨ ਦੇ ਦਰਦ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਲਈ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਚੋਣ ਮਨੋਰਥ ਪੱਤਰ ਰਾਹੀਂ ਪਾਰਟੀ ਜੁਮਲੇਬਾਜੀ ਅਤੇ ਝੂਠੇ ਵਾਅਦੇ ਨਹੀਂ ਕਰਦੀ ਸਗੋਂ ਜਿੱਤਣ ਤੋਂ ਬਾਅਦ ਇਹਨਾਂ ਨੂੰ ਹੂਬਹੂ ਪੂਰਾ ਕੀਤਾ ਜਾਵੇਗਾ।
ਕੀ ਹੈ ਚੋਣ ਮਨੋਰਥ ਪੱਤਰ ‘ਚ
1. ਸਵਾਮੀਨਾਥ ਕਮਿਸ਼ਨ (ਲਾਗਤ ਮੁੱਲ ਦਾ 1.5 ਗੁਣਾ) ਦੀ ਰਿਪੋਰਟ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਮਜ਼ਬੂਰ ਕਰਾਂਗੇ।
2. ਪੰਜਾਬ ਵਿੱਚ ਐਗਰੋ ਬੇਸਡ ਇੰਡਸਟਰੀ ਲਿਆ ਕੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਆਤਮ ਹੱਤਿਆਵਾਂ ਰੋਕਣ ਦਾ ਯਤਨ ਕਰਾਂਗੇ।
3. ਪਹਾੜੀ ਰਾਜਾਂ ਦੀ ਤਰਜ਼ ‘ਤੇ ਪੰਜਾਬ ਦੀ ਇੰਡਸਟਰੀ ਲਈ ‘ਇੱਕ ਦੇਸ਼-ਇੱਕ ਟੈਕਸ’ ਦੇ ਤਹਿਤ ਸਪੈਸ਼ਲ ਪੈਕਜ ਲਈ ਕੇਂਦਰ ਸਰਕਾਰ ‘ਤੇ ਦਬਾਅ ਬਣਾਵਾਂਗੇ।
4. ਵਪਾਰੀਆਂ ਦੀ ਭਲਾਈ ਲਈ ਜੀਐਸਟੀ ਦੀਆਂ ਦਰਾਂ ਨੂੰ ਘਟਾਉਣਾ ਅਤੇ ਸਰਲ ਬਣਾਉਣ ਲਈ ਯਤਨ ਕਰਾਂਗੇ।
5. ਅੰਮ੍ਰਿਤਸਰ ਤੋਂ ਲੈ ਕੇ ਕਲਕੱਤੇ ਤੱਕ ਦਾ ਫਰੇਟ ਕੌਰੀਡੋਰ ਜਿਹੜਾ ਕਿ ਕੇਂਦਰ ਸਰਕਾਰ ਨੇ ਠੰਢੇ ਬਸਤੇ ‘ਚ ਪਾਇਆ ਹੋਇਆ, ਉਸ ਨੂੰ ਬਣਾਉਣਾ ਯਕੀਨੀ ਬਣਾਇਆ ਜਾਵੇਗਾ।
6. ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਵਿੱਚ ਵੱਡੀ ਪਬਲਿਕ ਸੈਕਟਰ ਅੰਡਰਟੇਕਿੰਗ (ਬੀਐਸਯੂ) ਇੰਡਸਟਰੀ ਲਿਆਉਣ ਲਈ ਯਤਨ ਕਰਨਗੇ।
7. ਕੈਂਸਰ, ਕਾਲਾ ਪੀਲੀਆ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਪੰਜਾਬ ਵਿੱਚ ਏਆਈਆਈਐਮਐਸ ਅਤੇ ਪੀਜੀਆਈ ਦੀ ਤਰਜ਼ ‘ਤੇ ਹੋਰ ਵੱਡੇ ਸਰਕਾਰੀ ਹਸਪਤਾਲ ਲੈ ਕੇ ਆਉਣੇ।
8. ਪ੍ਰੋਫੈਸ਼ਨਲ ਸਿੱਖਿਆ ਨੂੰ ਪ੍ਰਫੁੱਲਿਤ ਕਰਲ ਲਈ ਨਵੀਆ ਆਈਆਈਐੱਮ ਅਤੇ ਆਈਆਈਟੀ ਵਰਗੀਆਂ ਉਂਚ ਦਰਜੇ ਦੀਆਂ ਸਿੱਖਿਆ ਸੰਸਥਾਵਾਂ ਪੰਜਾਬ ਲਈ ਮਨਜ਼ੂਰ ਕਰਵਾਉਣਾ।
9. ਪੰਜਾਬ ਦੇ ਪਾਣੀਆਂ, ਵਾਤਾਵਰਨ ਅਤੇ ਮਿੱਟੀ ਨੂੰ ਬਚਾਉਣ ਲਈ ਸਪੈਸ਼ਲ ਪੈਕੇਜ ਲੈ ਕੇ ਆਵਾਂਗੇ।
10. ਪੰਜਾਬ ਦੀ ਖੇਤੀ ਨੂੰ ਸੰਕਟ ‘ਚੋ ਉਭਾਰਨ ਲਈ ਕੇਂਦਰ ਸਰਕਾਰ ਤੋਂ ਪੰਜਾਬ ਲਈ ਸਪੈਸ਼ਲ ਪੈਕੇਜ ਪਾਸ ਕਰਵਾਵਾਂਗੇ।
11. ਐਮਪੀ ਲੈਡ ਦਾ 2 ਤਿਹਾਈ ਫੰਡ ਲੋਕਾਂ ਦੀ ਸਲਾਹ ਨਾਲ ਇਲਾਕੇ ਦੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਨੂੰ ਵਧੀਆ ਬਣਾਉਣ ਲਈ ਖਰਚ ਕੀਤਾ ਜਾਵੇਗਾ ਅਤੇ ਇੱਕ ਇੱਕ ਪੈਸੇ ਦਾ ਹਿਸਾਬ ਹਰ ਸਾਲ ਲੋਕਾਂ ਸਾਹਮਣੇ ਰੱਖਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।