ਅਮਰਿੰਦਰ ਸਿੰਘ ਪਹਿਲਾਂ ਹੀ ਕਰ ਚੁੱਕੇ ਹਨ ਅਪੀਲ ਸਿਆਸੀ ਕਾਨਫਰੰਸਾਂ ਨਾ ਕਰੇ ਕੋਈ ਪਾਰਟੀ
ਪਿਛਲੇ ਸਾਲ ਤੋਂ ਹੀ ਅਕਾਲੀ ਦਲ ਨੇ ਬੰਦ ਕਰ ਦਿੱਤੀ ਸੀ ਕਾਨਫਰੰਸ : ਜੰਗਵੀਰ
ਚੰਡੀਗੜ। ਫਤਿਹਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਦੌਰਾਨ ਇਸ ਸਾਲ ਕੋਈ ਵੀ ਮੁੱਖ ਸਿਆਸੀ ਪਾਰਟੀ ਕਾਨਫਰੰਸ ਨਾ ਕਰੇਗੀ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਬੀਤੀ ਦਿਨੀਂ ਇਸ ਸਬੰਧੀ ਫੈਸਲੇ ਕਰ ਲਿਆ ਹੈ ਕਿ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਉਹ ਸਿਆਸੀ ਕਾਨਫਰੰਸ ਨਹੀਂ ਕਰਨਗੇ, ਜਦੋਂ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਤਾਂ ਸਿਆਸੀ ਕਾਨਫਰੰਸ ਨਹੀਂ ਕਰਨ ਦੇ ਫੈਸਲਾ ਨੂੰ ਹੀ ਆਮ ਆਦਮੀ ਪਾਰਟੀ ਦੀ ਦੇਣ ਕਰਾਰ ਦਿੰਦੇ ਹੋਏ ਇਸ ਸਾਲ ਵੀ ਕਾਨਫਰੰਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਫਤਿਹਗੜ ਸਾਹਿਬ ਵਿਖੇ ਇਹ ਦੂਜਾ ਸਾਲ ਹੋਏਗਾ, ਜਦੋਂ ਕੋਈ ਵੀ ਮੁੱਖ ਸਿਆਸੀ ਪਾਰਟੀ ਆਪਣੀ ਕਾਨਫਰੰਸ ਨਹੀਂ ਕਰੇਗੀ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਵਲੋਂ ਪੰਜਾਬ ਦੀਆਂ ਸਾਰੀ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਦੌਰਾਨ ਕੋਈ ਵੀ ਸਿਆਸੀ ਕਾਨਫਰੰਸ ਨਾ ਕਰਨ, ਕਿਉਂਕਿ ਕਾਨਫਰੰਸ ਮੌਕੇ ਹਮੇਸ਼ਾ ਹੀ ਸਿਆਸੀ ਦੂਸ਼ਣਬਾਜ਼ੀ ਜਿਆਦਾ ਕੀਤੀ ਜਾਂਦੀ ਹੈ, ਜਿਹੜੀ ਇਸ ਮੌਕੇ ਸੋਭਦੀ ਨਹੀਂ
ਅਮਰਿੰਦਰ ਸਿੰਘ ਦੀ ਅਪੀਲ ਦੇ ਨਾਲ ਹੀ ਇਹ ਸਾਫ਼ ਹੋ ਗਿਆ ਸੀ ਕਿ ਕਾਂਗਰਸ ਪਾਰਟੀ ਇਸ ਸਾਲ ਸਿਆਸੀ ਕਾਨਫਰੰਸ ਨਹੀਂ ਕਰੇਗੀ।
ਇਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੰਗਵੀਰ ਸਿੰਘ ਨੇ ਦੱਸਿਆ ਕਿ ਪਾਰਟੀ ਨੇ ਪਿਛਲੇ ਸਾਲ ਹੀ ਫੈਸਲਾ ਕਰ ਲਿਆ ਸੀ ਕਿ ਭਵਿੱਖ ਵਿੱਚ ਉਹ ਸ਼ਹੀਦੀ ਜੋੜ ਮੇਲ ਮੌਕੇ ਕਾਨਫਰੰਸ ਨਹੀਂ ਕਰਨਗੇ, ਕਿਉਂਕਿ ਇਸ ਸਬੰਧੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਆਉਣ ਤੋਂ ਬਾਅਦ ਅਕਾਲੀ ਦਲ ਨੇ ਐਲਾਨ ਕਰ ਦਿੱਤਾ ਸੀ। ਇਸ ਲਈ ਪਿਛਲੇ ਸਾਲ ਵਾਂਗ ਇਸ ਸਾਲ ਅਤੇ ਭਵਿੱਖ ਵਿੱਚ ਅਕਾਲੀ ਦਲ ਸ਼ਹੀਦੀ ਜੋੜ ਮੇਲੇ ਮੌਕੇ ਸਿਆਸੀ ਕਾਨਫਰੰਸ ਨਹੀਂ ਕਰੇਗੀ।
ਆਮ ਆਦਮੀ ਪਾਰਟੀ ਦੇ ਕੋਰ ਗਰੁੱਪ ਮੈਂਬਰ ਅਤੇ ਸਕੱਤਰ ਮਨਜੀਤ ਸਿੱਧੂ ਨੇ ਕਿਹਾ ਕਿ ਸ਼ਹੀਦੀ ਜੋੜ ਮੇਲੇ ਮੌਕੇ ਸਿਆਸੀ ਕਾਨਫਰੰਸ ਨਾ ਕਰਨ ਦਾ ਫੈਸਲਾ ਉਨਾਂ ਦੀ ਪਾਰਟੀ ਨੇ ਸਾਰਿਆਂ ਤੋਂ ਪਹਿਲਾਂ ਲਿਆ ਸੀ ਅਤੇ ਪਿਛਲੇ ਸਾਲ ਉਨਾਂ ਵਲੋਂ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਸਿਆਸੀ ਕਾਨਫਰੰਸ ਨਾ ਕਰਨ। ਜਿਸ ਤੋਂ ਬਾਅਦ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਿਆਸੀ ਕਾਨਫਰੰਸ ਨਹੀਂ ਕਰਨ ਦਾ ਫੈਸਲਾ ਲਿਆ ਸੀ। ਉਨਾਂ ਕਿਹਾ ਕਿ ਅਸੀਂ ਆਪਣੇ ਸਟੈਂਡ ‘ਤੇ ਕਾਇਮ ਰਹਿੰਦੇ ਹੋਏ ਇਸ ਸਾਲ ਵੀ ਸਿਆਸੀ ਕਾਨਫਰੰਸ ਨਹੀਂ ਕਰਨਗੇ ਅਤੇ ਭਵਿੱਖ ਵੀ ਕੋਈ ਸਿਆਸੀ ਕਾਨਫਰੰਸ ਆਮ ਆਦਮੀ ਪਾਰਟੀ ਵਲੋਂ ਨਹੀਂ ਕੀਤੀ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।