ਵਿਜੀਲੈਂਸ ਨੂੰ ਸੌਂਪੀ ਮੰਡੀਆਂ ਦੀ ਕਮਾਨ
ਵਿਜੀਲੈਂਸ ਮਾਰਿਆ ਕਰੇਗੀ ਅਨਾਜ ਮੰਡੀਆਂ ‘ਚ ਚਾਣਚੱਕ ਛਾਪਾ, ਚੈਕਿੰਗ ਦੀ ਬਣੇਗੀ ਰਿਪੋਰਟ
ਪਹਿਲੇ ਦਿਨ ਹੀ ਚੈਕਿੰਗ ਦੌਰਾਨ ਕੁਝ ਥਾਂਵਾਂ ‘ਤੇ ਆਈ ਗੜਬੜੀ ਸਾਹਮਣੇ
ਭ੍ਰਿਸ਼ਟਾਚਾਰ ਖ਼ਿਲਾਫ਼ ਟੋਲ ਫਰੀ ਨੰਬਰ ‘ਤੇ ਕਰੋ ਸੰਪਰਕ : ਬੀ. ਕੇ. ਉੱਪਲ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਸਰਕਾਰ ਨੂੰ ਆਪਣੇ ਹੀ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਦੀ ਇਮਾਨਦਾਰੀ ‘ਤੇ ਵਿਸ਼ਵਾਸ ਨਹੀਂ ਰਿਹਾ। ਇਸ ਕਾਰਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਰੀਆਂ ਅਨਾਜ ਮੰਡੀਆਂ ਦੀ ਕਮਾਨ ਪੰਜਾਬ ਵਿਜੀਲੈਂਸ ਨੂੰ ਸੌਂਪ ਦਿੱਤੀ ਹੈ। ਜਿਹੜੀ ਕਿ ਕਿਸੇ ਵੀ ਅਨਾਜ ਮੰਡੀ ਵਿਖੇ ਛਾਪਾ ਮਾਰਦੇ ਹੋਏ ਨਾ ਸਿਰਫ਼ ਆੜ੍ਹਤੀਆਂ ਵੱਲੋਂ ਖ਼ਰੀਦੇ ਜਾ ਰਹੇ ਅਨਾਜ ਦੀ ਚੈਕਿੰਗ ਕਰੇਗੀ ਪੰਜਾਬ ਵਿਜੀਲੈਂਸ ਦੀ ਟੀਮ ਨੇ ਪੰਜਾਬ ਦੀਆਂ ਕੁਝ ਮੰਡੀਆਂ ਵਿੱਚ ਜਦੋਂ ਪਹਿਲੇ ਦਿਨ ਛਾਪਾਮਾਰੀ ਕੀਤੀ
ਉਨ੍ਹਾਂ ਨੂੰ ਪਹਿਲੇ ਦਿਨ ਹੀ ਵੱਡੀ ਪੱਧਰ ‘ਤੇ ਗੜਬੜੀਆਂ ਨਜ਼ਰ ਆਈਆਂ ਹਨ, ਜਦੋਂ ਕਿ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਅਨੁਸਾਰ ਸਾਰਾ ਕੁਝ ਠੀਕ ਹੀ ਚੱਲ ਰਿਹਾ ਹੈ। ਭ੍ਰਿਸ਼ਟਾਚਾਰ ਕਿਸੇ ਵੀ ਪੱਧਰ ‘ਤੇ ਫੈਲ ਸਕਦਾ ਹੈ ਤੇ ਆੜ੍ਹਤੀਆਂ ਸਣੇ ਇੰਸਪੈਕਟਰ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਨਾ ਕਰਨ, ਇਸ ਲਈ ਵਿਜੀਲੈਂਸ ਵੱਲੋਂ ਇੱਕ ਟੋਲ ਫ੍ਰੀ ਨੰਬਰ ਵੀ ਜਾਰੀ ਕਰ ਦਿੱਤਾ ਹੈ, ਜਿੱਥੇ ਕਿ ਫੋਨ ਕਰਦੇ ਹੋਏ ਕੋਈ ਵੀ ਕਿਸਾਨ ਜਾਂ ਫਿਰ ਆਮ ਵਿਅਕਤੀ ਭ੍ਰਿਸ਼ਟਾਚਾਰ ਸਬੰਧੀ ਜਾਣਕਾਰੀ ਦੇ ਸਕਦਾ ਹੈ।
ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਬੀ. ਕੇ. ਉੱਪਲ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਦਾਣਾ ਮੰਡੀਆਂ ‘ਚ ਅਚਨਚੇਤੀ ਦੌਰੇ ਕਰਕੇ ਕਿਸਾਨਾਂ ਤੇ ਆੜ੍ਹਤੀਆਂ ਤੋਂ ਜਾਣਕਾਰੀ ਲਈ ਜਾਵੇ ਅਤੇ ਜੇਕਰ ਕਿਸੇ ਮੰਡੀ ‘ਚ ਖਰੀਦ, ਅਦਾਇਗੀ, ਲਿਫਟਿੰਗ ਜਾਂ ਬੁਨਿਆਦੀ ਸਹੂਲਤਾਂ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਸ ਬਾਰੇ ਪਾਰਦਰਸ਼ੀ ਰਿਪੋਰਟ ਭੇਜੀ ਜਾਵੇ।
ਉਨ੍ਹਾਂ ਦੱਸਿਆ ਕਿ ਕੁੱਝ ਥਾਂਵਾਂ ‘ਤੇ ਕਿਸਾਨਾਂ ਨੇ ਮਜ਼ਦੂਰੀ ਦੀਆਂ ਦਰਾਂ ਨੋਟਿਸ ਬੋਰਡਾਂ ‘ਤੇ ਲਾਉਣ ਲਈ ਕਿਹਾ ਤੇ ਬੋਲੀ ਦਾ ਸਮਾਂ 4 ਵਜੇ ਸ਼ਾਮ ਦੀ ਥਾਂ 3 ਵਜੇ ਸ਼ਾਮ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਖਰੀਦ ਤੇ ਭਰਾਈ ਦੇ ਕੰਮ ਸੰਤੁਸ਼ਟੀ ਜਨਕ ਚੱਲ ਰਹੇ ਹਨ। ਜਿੱਥੇ ਕਿਤੇ ਕੋਈ ਤਰੁੱਟੀ ਸਾਹਮਣੇ ਆਈ ਹੈ, ਉਸ ਬਾਬਤ ਸਬੰਧਿਤ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਬਹੁਤੀਆਂ ਥਾਂਵਾਂ ‘ਤੇ ਮੌਸਮ ਦੀ ਖਰਾਬੀ ਕਾਰਨ ਕੁਝ ਕੁ ਮੰਡੀਆਂ ‘ਚ ਲਿਫਟਿੰਗ ਦੀ ਰਫ਼ਤਾਰ ਕੁਝ ਮੱਠੀ ਸੀ।
ਇਸ ਤੋਂ ਇਲਾਵਾ ਚੈਕਿੰਗ ਕਰਨ ਵਾਲੀਆਂ ਟੀਮਾਂ ਕੋਲ ਜ਼ਿਆਦਾਤਰ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੇ ਸਰਕਾਰ ਦੇ ਪ੍ਰਬੰਧਾਂ ‘ਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਉੱਪਲ ਨੇ ਕਿਹਾ ਕਿ ਚਾਲੂ ਸੀਜ਼ਨ ਦੌਰਾਨ ਕਿਸਾਨਾਂ ਦੇ ਹਿੱਤਾਂ ਨੂੰ ਮਹਿਫ਼ੂਜ਼ ਰੱਖਣ ਲਈ ਬਿਊਰੋ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਖਰੀਦ ਵਿੱਚ ਕਿਧਰੇ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦੀ ਦਿੱਕਤ ਜਾਂ ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਨੰਬਰ 1800 1800 1000 ‘ਤੇ ਬੇਝਿਜਕ ਸੰਪਰਕ ਕੀਤਾ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।